ਚੰਡੀਗੜ੍ਹ: ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ ਜੀ ਟੀ) ਨੇ ਪੰਜਾਬ ਵਿੱਚ ਰੁੱਖ ਕੱਟਣ ਉੱਤੇ ਰੋਕ ਲਾ ਦਿੱਤੀ ਹੈ। ਟ੍ਰਿਬਿਊਨਲ ਨੇ ਅਗਲੀ ਸੁਣਵਾਈ ਹੋਣ ਤੱਕ ਪੰਜਾਬ ਸਰਕਾਰ ਨੂੰ ਕਿਸੇ ਵੀ ਕਾਰਨ ਰੁੱਖ ਨਾ ਵੱਢਣ ਦੇ ਹੁਕਮਾਂ ਦੇ ਨਾਲ ਪੰਜਾਬ ਸਰਕਾਰ ਤੋਂ ਹੁਣ ਤੱਕ ਵੱਢੇ ਗਏ ਰੁੱਖਾਂ ਅਤੇ ਨਵੇਂ ਪੌਦੇ ਲਾਉਣ ਲਈ ਕੀਤੀ ਕਾਰਵਾਈ ਬਾਰੇ ਰਿਕਾਰਡ 9 ਅਗਸਤ ਤੱਕ ਪੇਸ਼ ਕਰਨ ਲਈ ਵੀ ਕਿਹਾ ਹੈ।
ਐਨ ਜੀ ਟੀ ਕੋਲ ਸ਼ਿਕਾਇਤ ਕਰਨ ਵਾਲੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ ਐਮ ਏ) ਸੰਗਰੂਰ ਦੇ ਪ੍ਰਧਾਨ ਡਾ. ਅਮਨਦੀਪ ਅਗਰਵਾਲ ਦੇ ਮੁਤਾਬਕ ਸ਼ਿਕਾਇਤ ‘ਤੇ ਕਾਰਵਾਈ ਦੌਰਾਨ ਐਨ ਜੀ ਟੀ ਨੇ 19 ਮਈ 2016 ਨੂੰ ਪੰਜਾਬ ਵਿੱਚ ਰੁੱਖਾਂ ਦੇ ਵੱਢਣ ਉਪਰ ਮੁਕੰਮਲ ਪਾਬੰਦੀ ਲਾ ਦਿੱਤੀ ਸੀ ਪਰ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਸਟੇਅ ਆਰਡਰ ਮਿਲ ਗਿਆ ਸੀ। ਇਸ ਪਿੱਛੋਂ ਪੰਜਾਬ ਵਿੱਚ ਰੁੱਖਾਂ ਦੀ ਵੱਢ ਮੁੜ ਸ਼ੁਰੂ ਹੋ ਗਈ ਪਰ ਮਾਮਲੇ ਦੀ ਸੁਣਵਾਈ ਲਗਾਤਾਰ ਟ੍ਰਿਬਿਊਨਲ ਕੋਲ ਚੱਲ ਰਹੀ ਸੀ।
ਟ੍ਰਿਬਿਊਨਲ ਨੇ 10 ਜੁਲਾਈ ਨੂੰ ਜਾਰੀ ਕੀਤੇ ਹੁਕਮਾਂ ਵਿੱਚ ਕਿਹਾ ਹੈ ਕਿ ਸੁਪਰੀਮ ਕੋਰਟ ਵੱਲੋਂ 22 ਅਪ੍ਰੈਲ 2017 ਨੂੰ ਦਰੱਖਤਾਂ ਦੀ ਵਢਾਈ ਤੋਂ ਸਟੇਅ ਆਰਡਰ ਖਤਮ ਕਰ ਦਿੱਤਾ ਹੈ, ਜਿਸ ਕਾਰਨ 19 ਮਈ ਨੂੰ ਜਾਰੀ ਕੀਤੇ ਨਿਰਦੇਸ਼ ਮੁੜ ਤੋਂ ਲਾਗੂ ਹੋ ਗਏ ਹਨ।