Site icon Sikh Siyasat News

ਜਾਟ ਅੰਦੋਲਨ ਦੌਰਾਨ ਬੀਬੀਆਂ ਨਾਲ ਹੋਏ ਜਬਰ ਜਨਾਹ ਦੇ ਮਾਮਲੇ ਦੇ ਚਸ਼ਮਦੀਦ ਗਾਵਹ ਸਾਹਮਣੇ ਆਏ

ਜਾਂਚ ਟੀਮ ਨੂੰ ਮਿਲ ਰਹੀਆਂ ਨੇ ਫੋਨ ‘ਤੇ ਧਮਕੀਆਂ

ਚੰਡੀਗਡ਼੍ਹ (27 ਫਰਵਰੀ, 2016): ਪਿਛਲੇ ਦਿਨੀ ਹਰਿਆਣਾ ਵਿੱਚ ਜਾਟ ਅੰਦੋਲਨ ਦੌਰਾਨ ਸੋਨੀਪਤ ਦੇ ਮੁਰਥਲ ਢਾਬੇ ਨਜਦੀਕ ਰਾਹਗੀਰ ਬੀਬੀਆਂ ਨਾਲ ਹੋਏ ਸਮੂਹਿਕ ਬਲਾਤਕਾਰ ਦੀ ਘਟਨਾ ਦੇ ਗਵਾਹ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।

ਇਨ੍ਹਾਂ ਅਤਿ ਗੈਰਮਨੁੱਖੀ ਅਤੇ ਭੈੜੀਆਂ ਦਿਲ ਕੰਬਾਉ ਘਟਨਾਵਾਂ ਦੇ ਚਾਰ ਚਸ਼ਮਦੀਦਾਂ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਚਾਰ ਬੀਬੀਆਂ ਨੂੰ ਗੁੰਡਿਆਂ ਵੱਲੋਂ ਧੂਹ ਕਿ ਲਿਜਾਏ ਜਾਂਦੇ ਆਪਣੇ ਅੱਖੀਂ ਦੇਖਿਆ ਸੀ, ਜਿਨ੍ਹਾਂ ਦੇ ਕੱਪਡ਼ੇ ਪਾਡ਼ ਦਿੱਤੇ ਗਏ ਸਨ। ਚਸ਼ਮਦੀਦਾਂ ਮੁਤਾਬਕ ਉਨ੍ਹਾਂ ਨੇ ਖੇਤਾਂ ਵਿੱਚ ਇਨ੍ਹਾਂ ਬੀਬੀਆਂ ਨਾਲ ਕਥਿਤ ਬਲਾਤਕਾਰ ਕੀਤੇ ਜਾਣ ਸਮੇਂ ਉਨ੍ਹਾਂ ਦੀ ਉੱਚੀ-ਉੱਚੀ ਚੀਕ-ਪੁਕਾਰ ਵੀ ਸੁਣੀ ਸੀ।

ਅੰਦੋਲਨਕਾਰੀਆਂ ਵੱਲੋਂ ਸਾੜੀ ਗਈ ਕਾਰ

ਹਰਿਆਣਾ ਪੁਲੀਸ ਹਾਲੇ ਵੀ ਐਫ਼ਆਈਆਰ ਦਰਜ ਕਰਨ ਲਈ ਤਿਆਰ ਨਹੀਂ ਹੈ ਤੇ ਚਾਹੁੰਦੀ ਹੈ ਕਿ ਕਿਸੇ ‘ਬਲਾਤਕਾਰ ਪੀਡ਼ਤਾ’ ਵੱਲੋਂ ਹੀ ਸ਼ਿਕਾਇਤ ਦਰਜ ਕਰਵਾਈ ਜਾਵੇ।

ਇਸ ਦੌਰਾਨ ਡੀਆਈਜੀ ਡਾ. ਰਾਜਸ੍ਰੀ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਮਹਿਲਾ ਟੀਮ ਨੇ ਅੱਜ ਘਟਨਾ ਵਾਲੀ ਥਾਂ ਦਾ ਦੌਰਾ ਕਰ ਕੇ ਮੁਕਾਮੀ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਨੂੰ ਘਟਨਾ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਸ਼ਿਕਾਇਤ ਦਰਜ ਕਰਾਉਣ। ਇਸ ਮੌਕੇ ਟੀਮ ਮੈਂਬਰਾਂ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਦੇ ਫੋਨ ਨੰਬਰ ਨਸ਼ਰ ਕੀਤੇ ਗਏ ਹਨ, ਉਨ੍ਹਾਂ ਨੂੰ ਧਮਕੀ ਭਰੀਆਂ ਤੇ ਇਤਰਾਜ਼ਯੋਗ ਕਾਲਾਂ ਆ ਰਹੀਆਂ ਹਨ।

ਵਿਸ਼ੇਸ਼ ਜਾਂਚ ਟੀਮ ਦੀਆਂ ਮੈਂਬਰ ਅਫ਼ਸਰਾਂ ਨੇ ਖ਼ਬਰ ਵਿੱਚ ਦੱਸੇ ਗਏ ਲੋਕਾਂ ਨਾਲ ਸੁਖਦੇਵ ਢਾਬੇ ਵਿੱਚ ਬੰਦ ਕਮਰਾ ਗੱਲਬਾਤ ਵੀ ਕੀਤੀ। ਡਾ. ਰਾਜਸ੍ਰੀ ਨੇ ਬਾਅਦ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ, ‘‘ਮੈਂ ਅਨੇਕਾਂ ਲੋਕਾਂ ਨਾਲ ਗੱਲ ਕੀਤੀ ਹੈ, ਪਰ ਹਾਲੇ ਕੋਈ ਅਜਿਹੀ ਠੋਸ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ, ਜੋ ਮੀਡੀਆ ਨੂੰ ਦੱਸੀ ਜਾ ਸਕੇ।’’ ਉਨ੍ਹਾਂ ਕਿਹਾ ਕਿ ਪੁਲੀਸ ਨੇ ਉਨ੍ਹਾਂ ਥਾਵਾਂ ਤੋਂ ਔਰਤਾਂ ਦੇ ਕੱਪਡ਼ੇ ਬਰਾਮਦ ਕੀਤੇ ਹਨ, ਜਿਥੇ ਬਲਾਤਕਾਰ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਇਨ੍ਹਾਂ ਨੂੰ ਫੌਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ।

ਟੀਮ ਅੱਗੇ ਚਸ਼ਮਦੀਦਾਂ ਨੇ ਲਗਪਗ ਇਕੋ ਜਿਹੇ ਬਿਆਨ ਦਿੱਤੇ ਹਨ ਕਿ ਉਨ੍ਹਾਂ ਨੇ ਗੁੰਡਿਆਂ ਨੂੰ ਬੀਬੀਆਂ ਨੂੰ ਧੂਹ ਕੇ ਲਿਜਾਂਦੇ ਦੇਖਿਆ, ਜਿਨ੍ਹਾਂ ਵਿੱਚੋਂ ਬਹੁਤੀਆਂ ਦੇ ਕੱਪਡ਼ੇ ਫਟੇ ਸਨ ਤੇ ਨੰਗੇ ਪੈਰੀਂ ਸਨ। ਉਨ੍ਹਾਂ ਕਿਹਾ, ‘‘ਉਹ ਮੱਦਦ ਲੲੀ ਪੁਕਾਰ ਰਹੀਆਂ ਸਨ ਪਰ ਕੋਈ ਵੀ ਪੁਲੀਸ ਮੁਲਾਜ਼ਮ ਮੱਦਦ ਲਈ ਮੌਜੂਦ ਨਹੀਂ ਸੀ। ਇਸ ਮੌਕੇ 100 ਨੰਬਰ ’ਤੇ ਕੀਤੀਆਂ ਕਾਲਾਂ ਦਾ ਕਿਸੇ ਨੇ ਜਵਾਬ ਨਹੀਂ ਦਿੱਤਾ।’’

ਰਾਜਪੁਰਾ ਨਾਲ ਸਬੰਧਤ ਇਕ ਟਰੱਕ ਡਰਾਈਵਰ ਯਾਦਵਿੰਦਰ ਨੇ ਦੱਸਿਆ, ‘‘ਸਡ਼ਕ ਬੰਦ ਹੋਣ ਕਾਰਨ ਮੈਂ 22 ਫਰਵਰੀ ਨੂੰ ਤਡ਼ਕੇ ਕੌਮੀ ਸ਼ਾਹਰਾਹ ਉਤੇ ਅਪੋਲੋ ਹਸਪਤਾਲ ਦੇ ਨਜ਼ਦੀਕ ਫਸਿਆ ਹੋਇਅਾ ਸਾਂ। ਮੈਂ ਦੇਖਿਆ ਕਿ ਕੁਝ ਨੌਜਵਾਨ ਗੱਡੀਆਂ ਦੇ ਸ਼ੀਸ਼ੇ ਭੰਨ ਕੇ ਅੱਗ ਲਾ ਰਹੇ ਸਨ।’’ ਉਹ ਬਚਣ ਲਈ ਭੱਜ ਕੇ ਖੇਤਾਂ ਵਿੱਚ ਗਿਆ ਤਾਂ ਦੇਖਿਆ ਕਿ ਕੁਝ ਗੁੰਡੇ ਔਰਤਾਂ ਨਾਲ ਛੇਡ਼-ਛਾਡ਼ ਕਰ ਰਹੇ ਸਨ। ਬੀਬੀਆਂ ਦੇ ਕੱਪਡ਼ੇ ਫਟੇ ਹੋਏ ਸਨ। ਸਕੂਲ ਪਿੱਛੇ ਵੀ ਔਰਤਾਂ ਨੂੰ ਬੇਪੱਤ ਕੀਤਾ ਜਾ ਰਿਹਾ ਸੀ।

ਪਠਾਨਕੋਟ ਵਾਸੀ ਨਿਰੰਜਣ ਨੇ ਦੱਸਿਆ ਕਿ ਉਹ ਸੋਮਵਾਰ ਤਡ਼ਕੇ ਇਕ ਸਕੂਲ ਦੇ ਸਾਹਮਣੇ ਫਸਿਆ ਹੋਇਆ ਸੀ। ਉਸ ਮੁਤਾਬਕ ਗੁੰਡੇ ਵਾਹਨਾਂ ਨੂੰ ਅੱਗ ਲਾ ਰਹੇ ਸਨ। ਕੁਝ ਨੌਜਵਾਨਾਂ ਨੇ ਔਰਤਾਂ ਨੂੰ ਬਚਣ ਲਈ ਪਿੰਡ ਵੱਲ ਜਾਣ ਲਈ ਕਿਹਾ, ਪਰ ਅਸਲ ਵਿੱਚ ਇਨ੍ਹਾਂ ਬੀਬੀਆਂ ਨੂੰ ਫਸਾਇਆ ਗਿਆ ਸੀ, ਜਿਨ੍ਹਾਂ ਨੂੰ ਬੇਪੱਤ ਕਰਨਾ ਸ਼ੁਰੂ ਕਰ ਦਿੱਤਾ ਗਿਆ।

ਉਸ ਨੇ ਬਲਾਤਕਾਰ ਹੁੰਦੇ ਤਾਂ ਨਹੀਂ ਦੇਖੇ ਪਰ ਬੀਬੀਆਂ ਦੀ ਚੀਕ-ਪੁਕਾਰ ਤੋਂ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਜਾਪਦੀ। ਸੁਖਵਿੰਦਰ ਸਿੰਘ ਨਾਮੀ ਵਿਅਕਤੀ ਨੇ ਕਿਹਾ, ‘‘ਕੋਈ ਵੀ ਦੇਖ ਸਕਦਾ ਸੀ ਕਿ ਅਨੇਕਾਂ ਔਰਤਾਂ ਨਾਲ ਜਬਰ ਜਨਾਹ ਕੀਤੇ ਗਏ। ਪਿੱਪਲੀ ਖੇਡ਼ਾ ਪਿੰਡ (ਨੇਡ਼ੇ ਗੰਨੌਰ) ਲਾਗੇ ਮੁਟਿਆਰਾਂ ਤੋਂ ਉਨ੍ਹਾਂ ਦੇ ਬੱਚੇ ਖੋਹ ਲਏ ਗਏ। ਮੈਂ ਦੇਖਿਆ ਕਿ ਗੁੰਡੇ ਉਨ੍ਹਾਂ ਨੂੰ ਧੂਹ ਕੇ ਲਾਗਲੇ ਖੇਤਾਂ ਵਿੱਚ ਲਿਜਾ ਰਹੇ ਸਨ।’’ ਆਦਮਪੁਰ ਦੇ ਸਤਬੀਰ ਸੱਤੀ, ਜਿਸ ਦੀ ਅਰਟਿਗਾ ਕਾਰ ਸਾਡ਼ ਦਿੱਤੀ ਗਈ, ਨੇ ਦੱਸਿਆ ਕਿ ਉਸ ਨੇ ਦੋ ਬੀਬੀਆਂ ਨੂੰ ਆਬਰੂ ਬਚਾਉਣ ਲਈ ਨੰਗੇ ਪੈਰੀਂ ਤੇ ਫਟੇ ਕੱਪਡ਼ਿਆਂ ਵਿੱਚ ਭੱਜਦਿਆਂ ਦੇਖਿਆ। ਉਸ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਹ ਵਿਦੇਸ਼ ਵਿੱਚੋਂ ਆਈਆਂ ਸਨ।

ਉਸ ਮੁਤਾਬਕ, ‘‘ਇਕ ਬੀਬੀ ਕੈਲਗਰੀ ਤੇ ਦੂਜੀ ਐਡਮਿੰਟਨ (ਕੈਨੇਡਾ) ਤੋਂ ਸੀ। ਮੈਂ ਸੁਣਿਆ ਕਿ ਚਾਰ-ਪੰਜ ਬੰਦੇ ਉਨ੍ਹਾਂ ਨੂੰ ਖੇਤਾਂ ਵਿੱਚ ਲੈ ਗਏ ਸਨ।’’ ਉਸ ਨੇ ਜਜ਼ਬਾਤੀ ਹੁੰਦਿਆਂ ਦੱਸਿਆ, ‘‘ਮੈਂ ਆਪਣੀ ਅਾਂਟੀ ਨੂੰ ਜਹਾਜ਼ ਚਡ਼੍ਹਾਉਣ ਜਾ ਰਿਹਾ ਸਾਂ ਜਿਸ ਨੇ ਇਕ ਢਾਬੇ ਵਿੱਚ ਲੁਕ ਕੇ ਆਪਣੀ ਇੱਜ਼ਤ ਬਚਾਈ। ਉਹ ਇੰਨੀ ਸਦਮੇ ਵਿੱਚ ਹੈ ਕਿ ਕੈਲੀਫੋਰਨੀਆ ਪੁੱਜਣ ਪਿੱਛੋਂ ਇਸ ਸਬੰਧੀ ਗਵਾਹੀ ਦੇਣ ਲਈ ਤਿਆਰ ਨਹੀਂ ਹੈ।’’

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version