Site icon Sikh Siyasat News

ਨੂਰਮਹਿਲੀਆ ਸਾਧ ਦੋ ਸਾਲ ਬਾਅਦ ਵੀ ਫਰਿੱਜ਼ ਵਿੱਚ, ਚੇਲੇ ਅੰਤਿਮ ਸਸਕਾਰ ਕਰਨ ਤੋਂ ਇਨਕਾਰੀ

 ਚੰਡੀਗੜ੍ਹ (28 ਜਨਵਰੀ, 2016): ਨੂਰਮਹਿਲੀਏ ਸਾਧ ਆਸ਼ੂਤੋਸ਼ ਨੂੰ ਡਾਕਟਰਾਂ ਵੱਲੋਂ ਮਰਿਆ ਕਰਾਰ ਦਿੱਤੇ ਨੂੰ ਅੱਜ ਪੂਰੇ ਦੋ ਸਾਲ ਹੋ ਗਏ ਹਨ। ਹਾਈ ਕੋਰਟ ਦੇ ਇਕਹਰੇ ਬੈਂਚ ਵਲੋਂ ਵੀ ਅੰਤਮ-ਸਸਕਾਰ ਕਰਨ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ ਪਰ ਡੇਰੇ ਵਾਲੇ ਸਾਧ ਦਾ ਅੰਤਮ ਸਸਕਾਰ ਕਰਨ ਤੋਂ ਇਨਕਾਰੀ ਹਨ।

ਸਾਧ ਆਸ਼ੂਤੋਸ਼

ਉਨ੍ਹਾਂ ਦਾ ਮੰਨਣਾ ਹੈ ਕਿ ਸਾਧ ਆਸ਼ੂਤੋਸ਼ ਜੀਊਂਦਾ ਹੈ ਜਿਸ ਕਾਰਨ ਉਸ ਨੂੰ ਫ਼ਰੀਜ਼ਰ ਵਿਚ ਲਾਇਆ ਹੋਇਆ ਹੈ। ਚੇਲਿਆਂ ਦਾ ਮੰਨਣਾ ਹੈ ਕਿ ਆਸ਼ੂਤੋਸ਼ ਡੂੰਘੀ ਸਮਾਧੀ ‘ਚ ਹੈ ।

ਅੱਜ ਦੇ ਦਿਨ (29 ਜਨਵਰੀ, 2014) ਤੜਕੇ ਸਵੇਰੇ ਜਦ ਆਸ਼ੂਤੋਸ਼ ਦੀ ਸਿਹਤ ਵਿਗੜੀ ਤਾਂ ਅਪੋਲੋ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਦੀ ਟੀਮ ਨੂਰਮਹਿਲ ਡੇਰੇ ਸੱਦੀ ਗਈ। ਸਰੀਰ ਦੇ ਕਾਫ਼ੀ ਜਾਂਚ ਹੋਈ, ਟੈਸਟ ਕੀਤੇ ਗਏ ਅਤੇ ਅਖ਼ੀਰ ਜਦ ਆਸ਼ੂਤੋਸ਼ ਦੇ ਸਰੀਰ ਨੇ ਹਰਕਤ ਬੰਦ ਕਰ ਦਿਤੀ ਤਾਂ ਡਾਕਟਰਾਂ ਨੇ ਉਸ ਨੂੰ ਕਲੀਨੀਕਲੀ ਮ੍ਰਿਤਕ ਐਲਾਨ ਦਿਤਾ।

ਸਾਧ ਦੀ ਮੌਤ ਦਾ ਮਾਮਲਾ ਹਾਈ ਕੋਰਟ ਵਿਚ ਚੱਲ ਰਿਹਾ ਹੈ। ਹਾਈ ਕੋਰਟ ਦੇ ਇਕਹਰੇ ਬੈਂਚ ਨੇ ਇਕ ਦਸੰਬਰ, 2014 ਨੂੰ ਪੰਜਾਬ ਸਰਕਾਰ ਨੂੰ 15 ਦਿਨਾਂ ਦੇ ਅੰਦਰ-ਅੰਦਰ ਆਸ਼ੂਤੋਸ਼ ਦਾ ਅੰਤਮ ਸਸਕਾਰ ਕਰਨ ਲਈ ਕਿਹਾ ਸੀ ਹਾਲਾਂਕਿ 15 ਦਸੰਬਰ ਨੂੰ ਹਾਈ ਕੋਰਟ ਦੇ ਹੀ ਡਵੀਜ਼ਨ ਬੈਂਚ ਨੇ ਇਸ ਫ਼ੈਸਲੇ ‘ਤੇ ਰੋਕ ਲਾ ਦਿਤੀ।

ਸਰਕਾਰੀ ਵਕੀਲ ਰਣਜੀਤ ਕੁਮਾਰ ਨੇ ਹਾਈ ਕੋਰਟ ‘ਚ ਕਿਹਾ ਸੀ ਕਿ ਸਰਕਾਰ ਆਸ਼ੂਤੋਸ਼ ਦੇ ਸਮਾਧੀ ‘ਚ ਹੋਣ ਦੀ ਮਾਨਤਾ ਦਾ ਸਨਮਾਨ ਕਰਨ ਲਈ ਵਚਨਬੱਧ ਹੈ ਅਤੇ ਅਜਿਹਾ ਨਾ ਕਰਨ ‘ਤੇ ਹਾਲਾਤ ਵਿਗੜ ਸਕਦੇ ਹਨ। ਪਿਛਲੀ 29 ਸਤੰਬਰ ਨੂੰ ਡਵੀਜ਼ਨ ਬੈਂਚ ਨੇ ਕਿਹਾ ਸੀ ਕਿ ਅਦਾਲਤ ਇਸ ਤਰ੍ਹਾਂ ਦੇ ਧਾਰਮਕ ਮਾਮਲਿਆਂ ਸਬੰਧੀ ਫ਼ੈਸਲਾ ਨਹੀਂ ਕਰ ਸਕਦੀ। ਉਨ੍ਹਾਂ ਡੇਰੇ ‘ਤੇ ਹੀ ਅੰਤਮ ਸਸਕਾਰ ਦਾ ਫ਼ੈਸਲਾ ਛਡਿਆ ਸੀ। ਮਾਮਲੇ ਦੀ ਅਗਲੀ ਸੁਣਵਾਈ 24 ਫ਼ਰਵਰੀ ਨੂੰ ਹੋਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version