ਆਕਲੈਂਡ (20 ਨਵੰਬਰ, 2009): ਨਿਊਜ਼ੀਲੈਂਡ ਵਸਦੇ ਸਿੱਖ ਭਾਈਚਾਰੇ ਵਿਚ ਉਦੋਂ ਖੁਸ਼ੀ ਦੀ ਹੋਰ ਲਹਿਰ ਦੌੜ ਗਈ ਜਦੋਂ ਨਿਊਜ਼ੀਲੈਂਡ ਸਿੱਖ ਸੁਸਾਇਟੀ ਆਕਲੈਂਡ ਦੇ ਬੁਲਾਰੇ ਅਤੇ ਸੁਪਰੀਮ ਸਿੱਖ ਕੌਂਸਲ ਦੇ ਕਨਵੀਨਰ ਸ: ਦਲਜੀਤ ਸਿੰਘ ਜੇ. ਪੀ. ਪਿੰਡ ਸੈਫਲਾਬਾਦ (ਕਪੂਰਥਲਾ) ਨੂੰ ਕਾਨੂੰਨੀ ਤੌਰ ’ਤੇ ਇਮੀਗ੍ਰੇਸ਼ਨ ਸਲਾਹਕਾਰ ਦਾ ਪੂਰਨ ਲਾਇਸੰਸ ਪ੍ਰਾਪਤ ਹੋ ਗਿਆ। ਇਮੀਗ੍ਰੇਸ਼ਨ ਅਡਵਾਈਜ਼ਰ ਅਥਾਰਟੀ ਵੱਲੋਂ ਕਿਸੇ ਸਿੱਖ ਆਗੂ ਨੂੰ ਤਜਰਬੇ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਇਮੀਗ੍ਰੇਸ਼ਨ ਦੇ ਕੰਮਾਂ ਨੂੰ ਘੋਖਣ ਉਪਰੰਤ ਦਿੱਤਾ ਗਿਆ ਇਹ ਪਹਿਲਾਂ ਲਾਇਸੰਸ ਹੈ। ਸ: ਦਲਜੀਤ ਸਿੰਘ ਹੁਣ ਕਾਨੂੰਨਨ ਤੌਰ ’ਤੇ ਕਿਸੇ ਵੀ ਇਮੀਗ੍ਰੇਸ਼ਨ ਨੀਤੀ ਜਾਂ ਮਾਮਲੇ ਬਾਰੇ ਸਲਾਹ ਦੇ ਸਕਣਗੇ। ਅਥਾਰਟੀ ਨੇ 3 ਮਹੀਨੇ ਉਨ੍ਹਾਂ ਦੀ ਫਾਈਲ ਘੋਖਣ, ਕੀਤੇ ਕੰਮਾਂ ਵਿਚੋਂ 5 ਵਿਅਕਤੀਆਂ ਤੋਂ ਪੁੱਛਗਿਛ ਕਰਨ ਉਪਰੰਤ ਇਹ ਪੂਰਨ ਲਾਇਸੰਸ ਜਾਰੀ ਕੀਤਾ। ਵਰਨਣਯੋਗ ਹੈ ਕਿ ਇਸੇ ਸਾਲ ਮਈ ਮਹੀਨੇ ਨਿਊਜ਼ੀਲੈਂਡ ਵਿਚ ਕਾਨੂੰਨ ਪਾਸ ਹੋਇਆ ਸੀ ਕਿ ਬਿਨਾਂ ਲਾਇਸੰਸ ਤੋਂ ਕੋਈ ਇਮੀਗ੍ਰੇਸ਼ਨ ਸਲਾਹ ਨਹੀਂ ਦੇ ਸਕੇਗਾ ਅਤੇ ਨਾ ਹੀ ਕਿਸੇ ਦੇ ਕਾਗਜ਼ ਦਾਖਲ ਕਰ ਸਕੇਗਾ। ਸ: ਦਲਜੀਤ ਸਿੰਘ ਪਹਿਲਾਂ ਵੀ ਇਮੀਗ੍ਰੇਸ਼ਨ ਵਿਚ ਸਿੱਖ ਭਾਈਚਾਰੇ ਨੂੰ ਸਲਾਹ ਦਿੰਦੇ ਰਹੇ ਹਨ ਅਤੇ ਹਰ ਵੀਰਵਾਰ ਸਿਟੀਜ਼ਨ ਅਡਵਾਈਜ਼ ਬਿਊਰੋ ਵਿਖੇ ਜੇ. ਪੀ. ਦੇ ਤੌਰ ’ਤੇ ਆਪਣੀਆ ਸੇਵਾਵਾਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਗੁਰੂ ਘਰ ਦੇ ਪ੍ਰਚਾਰਕਾਂ ਦੇ ਉਲਝੇ ਕੇਸਾਂ ਵਿਚ ਮੁਫ਼ਤ ਸੇਵਾ ਦੇਣਗੇ।
ਇਸ ਮੌਕੇ ਜਿਥੇ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਦੇ ਸੀਨੀਅਰ ਅਧਿਕਾਰੀਆਂ ਨੇ ਵਧਾਈ ਭੇਜੀ ਹੈ ਉਥੇ ਨਿਊਜ਼ੀਲੈਂਡ ਸਿੱਖ ਸੁਸਾਇਟੀ ਆਕਲੈਂਡ, ਟੌਰੰਗਾ ਸਿੱਖ ਸੁਸਾਇਟੀ, ਸ੍ਰੀ ਗੁਰੂ ਰਵਿਦਾਸ ਸਭਾ ਬੰਬੇ, ਨਿਊਜ਼ੀਲੈਂਡ ਸਿੱਖ ਸੁਸਾਇਟੀ ਸਾਊਥ ਆਈਲੈਂਡ, ਸ: ਮਨਪ੍ਰੀਤ ਸਿੰਘ ਜੇ. ਪੀ., ਰਜਿੰਦਰ ਸਿੰਘ, ਰਣਵੀਰ ਸਿੰਘ ਲਾਲੀ, ਪ੍ਰਗਟ ਸਿੰਘ, ਗੁਰਨਾਮ ਸਿੰਘ ਤੂਰ, ਕਸ਼ਮੀਰ ਸਿੰਘ, ਰਾਮ ਸਿੰਘ, ਜਰਨੈਲ ਸਿੰਘ ਹੇਸਟਿੰਗ, ਹਰਦੀਪ ਸਿੰਘ ਗਿੱਲ, ਤੀਰਥ ਸਿੰਘ ਅਟਵਾਲ, ਸਰਵਣ ਸਿੰਘ, ਅਜੀਤ ਸਿੰਘ ਰੰਧਾਵਾ ਤੇ ਹੋਰ ਬਹੁਤ ਸਾਰੇ ਨਾਮਵਰ ਸਿੱਖਾਂ ਨੇ ਸ: ਦਲਜੀਤ ਸਿੰਘ ਨੂੰ ਵਧਾਈ ਭੇਜੀ ਹੈ।