ਪਟਿਆਲਾ (1 ਨਵੰਬਰ): ਸਾਲ 1984 ਸਿੱਖਾਂ ਲਈ ਕਹਿਰਾਂ ਭਰਿਆ ਵਰ੍ਹਾ ਸੀ। ਇਸੇ ਸਾਲ ਜੂਨ ਮਹੀਨੇ ਵਿੱਚ ਇੰਡੀਆ ਦੀ ਹਕੂਮਤ ਨੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਮੇਤ ਹੋਰਨਾਂ ਗੁਰਧਾਮਾਂ ਉੱਤੇ ਫੌਜੀ ਹਮਲਾ ਕਰਵਾ ਕੇ ਸਿੱਖ ਇਤਿਹਾਸ ਦੇ ਤੀਜੇ ਘੱਲੂਘਾਰੇ ਦੀ ਸ਼ੁਰੂਆਤ ਕੀਤੀ, ਜਿਸ ਵਿਚ ਅਨੇਕਾਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਕਰੀਬ 36 ਸਾਲ ਅਸੀਂ ਇਸ ਜਾਣਕਾਰੀ ਤੋਂ ਵੀ ਮਹਿਰੂਮ ਰਹੇ ਕਿ ਇਸ ਘੱਲੂਘਾਰੇ ਵਿਚ ਕਿੰਨੇ ਤੇ ਕਿਹੜੇ-ਕਿਹੜੇ ਗੁਰਦੁਆਰਾ ਸਾਹਿਬਾਨ ਉੱਤੇ ਹਮਲਾ ਕੀਤਾ ਗਿਆ ਸੀ। ਇਸੇ ਸਾਲ ਜੂਨ ਮਹੀਨੇ ਜਾਰੀ ਹੋਈ ਸ. ਮਲਕੀਤ ਸਿੰਘ ਭਵਾਨੀਗੜ੍ਹ ਦੀ ਕਿਤਾਬ ‘ਵੱਖ-ਵੱਖ ਗੁਰਦੁਆਰਾ ਸਾਹਿਬਾਨ ਉੱਤੇ ਹੋਏ ਫੌਜੀ ਹਮਲਿਆਂ ਦੀ ਵਿਥਿਆ: ਚਸ਼ਮਦੀਦ ਗਵਾਹਾਂ ਦੀ ਜ਼ੁਬਾਨੀ’ ਵਿੱਚ ਇਹ ਜਾਣਕਾਰੀ ਪਹਿਲੀ ਵਾਰ ਬੱਝਵੇਂ ਰੂਪ ਵਿੱਚ ਸਾਹਮਣੇ ਆਈ ਕਿ ਫੌਜ ਨੇ 65 ਤੋਂ ਵੀ ਵੱਧ ਗੁਰਦੁਆਰਾ ਸਾਹਿਬਾਨ ਉੱਤੇ ਹਮਲਾ ਕੀਤਾ ਸੀ। 1984 ਵਿਚ ਦੂਜਾ ਵੱਡਾ ਕਹਿਰ ਨਵੰਬਰ ਦੇ ਪਹਿਲੇ ਹਫਤੇ ਇੰਡੀਆ ਭਰ ਵਿਚ ਸਿੱਖਾਂ ਉੱਤੇ ਹੋਏ ਭਿਆਨਕ ਹਮਲਿਆਂ ਦੇ ਰੂਪ ਵਿਚ ਵਾਪਰਿਆ ਸੀ। ਇਹ ਹਮਲੇ 31 ਅਕਤੂਬਰ ਨੂੰ ਸ਼ਹੀਦ ਭਾਈ ਬੇਅੰਤ ਸਿੰਘ ਅਤੇ ਸ਼ਹੀਦ ਭਾਈ ਸਤਵੰਤ ਸਿੰਘ ਵੱਲੋਂ ਘੱਲੂਘਾਰਾ ਜੂਨ ’84 ਵਰਤਾਉਣ ਦਾ ਹੁਕਮ ਦੇਣ ਵਾਲੀ ਇੰਡੀਆ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੋਧਣ ਤੋਂ ਬਾਅਦ ਸ਼ੁਰੂ ਹੋਏ ਸਨ। ਇਹਨਾ ਹਮਲਿਆਂ ਨੂੰ ਸਰਕਾਰ ਵੱਲੋਂ ਵਿਓਂਤਿਆ ਤੇ ਜਥੇਬੰਦ ਕੀਤਾ ਗਿਆ ਸੀ। ਇਹਨਾ ਚਾਰ ਕੁ ਦਿਨਾਂ ਵਿਚ ਹਜ਼ਾਰਾਂ ਸਿੱਖ ਦਰਿੰਦਗੀ ਨਾਲ ਕਤਲ ਕੀਤੇ ਗਏ, ਸੈਂਕੜੇ ਗਰਦੁਆਰਾ ਸਾਹਿਬਾਨ ਉੱਤੇ ਹਮਲੇ ਕਰਕੇ ਉਹਨਾਂ ਨੂੰ ਤਬਾਹ ਕੀਤਾ ਗਿਆ ਅਤੇ ਸਿੱਖਾਂ ਦੇ ਘਰ ਅਤੇ ਜਾਇਦਾਦਾਂ ਸਾੜ ਕੇ ਰਾਖ ਦਾ ਢੇਰ ਬਣਾ ਦਿੱਤੀਆਂ ਗਈਆਂ।
ਸਰਕਾਰ ਅਤੇ ਖਬਰਖਾਨੇ ਨੇ ਇਹਨਾਂ ਕਤਲੇਆਮਾਂ ਨੂੰ “ਦਿੱਲੀ ਦੰਗਿਆਂ” ਦਾ ਨਾਂ ਦਿੱਤਾ ਜਿਸ ਰਾਹੀਂ ਦੋ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਕਿ ਇਕ ਤਾਂ ਇਹ ‘ਦੰਗੇ’ ਸਨ ਤੇ ਦੂਜਾ ਕਿ ਇਹ ਦਿੱਲੀ ਤੱਕ ਸੀਮਤ ਸਨ। ਹੁਣ ਨਵੀਂ ਆਈ ਕਿਤਾਬ ‘ਸਿੱਖ ਨਸਲਕੁਸ਼ੀ ੧੯੮੪: ਅੱਖੀਂ ਡਿੱਠੇ ਹਾਲ, ਸਿਧਾਂਤਕ ਪੜਚੋਲ ਅਤੇ ਦਸਤਾਵੇਜ਼’ ਇਸ ਸਰਕਾਰੀ ਬਿਰਤਾਂਤ ਨੂੰ ਤੱਥਾਂ ਸਹਿਤ ਤੋੜਦੀ ਹੈ। ਇਹ ਕਿਤਾਬ ਸਿੱਖ ਸਿਆਸਤ ਦੇ ਸੰਪਾਦਕ ਸ. ਪਰਮਜੀਤ ਸਿੰਘ ਗਾਜ਼ੀ ਅਤੇ ਨੌਜਵਾਨ ਪੰਥ ਸੇਵਕ ਸ. ਰਣਜੀਤ ਸਿੰਘ ਵੱਲੋਂ ਸੰਪਾਦਿਤ ਕੀਤੀ ਗਈ ਹੈ। ਇਸ ਕਿਤਾਬ ਵਿੱਚ ਜਿੱਥੇ ਵੱਖ-ਵੱਖ ਚਸ਼ਮਦੀਦਾਂ ਅਤੇ ਵਜੂਦਦੀਦਾਂ ਵੱਲੋਂ ਨਵੰਬਰ 1984 ਦੀ ਨਸਲਕੁਸ਼ੀ ਦੇ ਅੱਖੀਂ ਡਿੱਠੇ ਅਤੇ ਹੱਡੀਂ ਹੰਢਾਏ ਹਾਲ ਦਰਜ਼ ਕੀਤੇ ਗਏ ਹਨ, ਓਥੇ ਸਮਕਾਲੀ ਅਤੇ ਹਾਲੀਆ ਸਰੋਤਾਂ ਦੇ ਅਧਾਰ ਉੱਤੇ ਇੰਡੀਆ ਭਰ ਦੀਆਂ ਉਹਨਾਂ ਥਾਵਾਂ ਦੀ ਨਿਸ਼ਾਨਦੇਹੀ ਵੀ ਕੀਤੀ ਗਈ ਹੈ ਜਿੱਥੇ ਸਿੱਖ ਨਸਲਕੁਸ਼ੀ 1984 ਦੌਰਾਨ ਸਿੱਖਾਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ ਸੀ। ਇਹ ਕਿਤਾਬ ਸਮਕਾਲੀ ਲਿਖਤਾਂ ਰਾਹੀਂ ਦਰਸਾਉਂਦੀ ਹੈ ਕਿ ਨਾ ਤਾਂ ਨਵੰਬਰ 1984 ਦੇ ਕਤਲੇਆਮ ਦੰਗੇ ਸਨ ਅਤੇ ਨਾ ਹੀ ਇਹ ਦਿੱਲੀ ਤੱਕ ਸੀਮਤ ਸਨ। ਨਵੰਬਰ 1984 ਵਿੱਚ ਦਿੱਲੀ, ਹਿਮਾਚਲ, ਜੰਮੂ ਤੇ ਕਸ਼ਮੀਰ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਉੜੀਸਾ, ਬਿਹਾਰ, ਝਾਰਖੰਡ, ਉੱਤਰ-ਪ੍ਰਦੇਸ਼, ਉੱਤਰਾਖੰਡ, ਤਾਮਿਲਨਾਡੂ, ਗੁਜਰਾਤ ਤੇ ਪੱਛਮੀ ਬੰਗਾਲ ਆਦਿ ਸੂਬਿਆਂ ਦੇ ਸੌ ਤੋਂ ਵੀ ਵੱਧ ਸ਼ਹਿਰਾਂ, ਕਸਬਿਆਂ ਵਿੱਚ ਸਿੱਖਾਂ ਨੂੰ ਨਸਲਕੁਸ਼ੀ ਦੀ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ ਹੈ। ਕਿਤਾਬ ਵਿਚ ਨਸਲਕੁਸ਼ੀ ਦੇ ਖੁਰਾ-ਖੋਜ ਦੇ ਇਹਨਾ ਵੇਰਵਿਆਂ ਨੂੰ ਨਕਸ਼ਿਆਂ ਤੇ ਸੂਚੀਆਂ ਦੇ ਰੂਪ ਵਿਚ ਦਰਸਾਇਆ ਗਿਆ ਹੈ।
ਇਹ ਕਿਤਾਬ ਬਿਬੇਕਗੜ੍ਹ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਕਿਤਾਬ ਬਾਰੇ ਜਾਣਕਾਰੀ ਦਿੰਦਿਆਂ ਇਸਦੇ ਸੰਪਾਦਕਾਂ ਸ. ਪਰਮਜੀਤ ਸਿੰਘ ਗਾਜ਼ੀ ਅਤੇ ਸ. ਰਣਜੀਤ ਸਿੰਘ ਨੇ ਕਿਹਾ ਹੈ ਕਿ ਕਿਸੇ ਵੀ ਜ਼ੁਰਮ ਦੀ ਸਹੀ ਤਸੀਰ ਦੀ ਸ਼ਨਾਖਤ ਕਰਕੇ ਉਸ ਨੂੰ ਮਾਨਤਾ ਦੇਣੀ ਇੰਨੀ ਅਹਿਮ ਹੁੰਦੀ ਹੈ ਕਿ ਇਸ ਤੋਂ ਬਿਨਾ ਇਨਸਾਫ, ਹਮਦਰਦੀ ਤੇ ਨੈਤਿਕ ਜਿੰਮੇਵਾਰੀ ਜਿਹੇ ਭਾਵ ਬੇਮਾਇਨੇ ਹੀ ਰਹਿੰਦੇ ਹਨ। ਨਵੰਬਰ 1984 ਦਾ ਕਤਲੇਆਮ ਸਿੱਖਾਂ ਦੀ ਮਿੱਥ ਕੇ ਕੀਤੀ ਗਈ ‘ਨਸਲਕੁਸ਼ੀ’ ਸੀ ਅਤੇ ਇਸ ਤੱਥ ਨੂੰ ਹੁਣ ਸੰਸਾਰ ਪੱਧਰ ਉੱਤੇ ਤਸਲੀਮ ਕੀਤੀ ਜਾ ਰਿਹਾ ਹੈ। ਇਹ ਕਿਤਾਬ ਇਸੇ ਦਿਸ਼ਾ ਵਿਚ ਇਕ ਯਤਨ ਹੈ ਕਿ ਸਿੱਖ ਨਸਲਕੁਸ਼ੀ ਦੇ ਤੱਥ ਅਤੇ ਸੱਚ ਨੂੰ ਉਜਾਗਰ ਕੀਤਾ ਜਾ ਸਕੇ। ਉਹਨਾ ਕਿਹਾ ‘ਆਪਣੀ ਪਛਾਣ ਦੀ ਕੀਮਤ ਆਪਣੀ ਜਾਨ ਨਾਲ ਤਾਰਨ ਵਾਲਿਆਂ’ ਨੂੰ ਸਮਰਪਿਤ ਇਹ ਕਿਤਾਬ ਅੱਜ 1 ਨਵੰਬਰ ਨੂੰ ਬਿਨਾ ਕਿਸੇ ਉਚੇਚ ਦੇ ਜਾਰੀ ਕਰ ਦਿਤੀ ਗਈ ਹੈ। ਕਿਤਾਬ ਬਿਬੇਕਗੜ੍ਹ ਪ੍ਰਕਾਸ਼ਨ ਅਤੇ ਸਿੱਖ ਸਿਆਸਤ ਰਾਹੀਂ ਦੁਨੀਆ ਭਰ ਵਿਚ ਮੰਗਵਾਈ ਜਾ ਸਕਦੀ ਹੈ।