ਫਤਹਿਗੜ੍ਹ ਸਾਹਿਬ: ਪਿੰਡ ਚੱਬਾ ਵਿਖੇ ਹੋਏ ਪੰਥਕ ਇਕੱਠ ਵਿਚ ਥਾਪੇ ਗਏ ਜਥੇਦਾਰਾਂ ਦੀ ਅਗਵਾਈ ਹੇਠ ਮੰਗਲਵਾਰ (16 ਅਗਸਤ) ਫਤਹਿਗੜ੍ਹ ਸਾਹਿਬ ਤੋਂ ‘ਨਸ਼ੇ ਭਜਾਓ, ਪੰਥ ਤੇ ਪੰਜਾਬ ਬਚਾਓ’ ਮਾਰਚ ਦਾ ਆਗਾਜ਼ ਕੀਤਾ ਗਿਆ। ਇਹ ਮਾਰਚ ਨਿਰਧਾਰਿਤ ਸਮੇਂ ਤੋਂ ਲਗਭਗ ਤਿੰਨ ਘੰਟੇ ਪੱਛੜ ਕੇ ਰਵਾਨਾ ਹੋਇਆ।
ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਮਾਰਚ ਦਾ ਮੁੱਖ ਉਦੇਸ਼ ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਜ਼ਿੰਦਗੀ ਦੀ ਨਵੀਂ ਕਿਰਨ ਦਿਖਾਉਣਾ ਹੈ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਦੇ ਨਸ਼ਿਆਂ ਵਿੱਚ ਗਲਤਾਨ ਹੋਣ ਲਈ ਮੌਜੂਦਾ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਵੱਡੀਆਂ ਤਾਕਤਾਂ ਸਰਕਾਰ ਦੇ ਮੋਢੇ ’ਤੇ ਨਸ਼ੇ ਵਾਲੀ ਬੰਦੂਕ ਰੱਖ ਕੇ ਸੂਬੇ ਦੀ ਨੌਜਵਾਨੀ ਨੂੰ ਖ਼ਤਮ ਕਰਨ ਵਿੱਚ ਲੱਗੀਆਂ ਹੋਈਆਂ ਹਨ, ਜਿਸ ਨਾਲ ਪੰਥ ਵੀ ਖ਼ਤਰੇ ਵਿੱਚ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਰਚ ਵਿੱਚ ਅਜਿਹੀ ਹਰੇਕ ਜਥੇਬੰਦੀ ਤੇ ਪਾਰਟੀ ਸ਼ਾਮਲ ਹੋ ਸਕਦੀ ਹੈ, ਜੋ ਪੰਜਾਬ ਨੂੰ ਮੁੜ ਖ਼ੁਸ਼ਹਾਲ ਦੇਖਣਾ ਚਾਹੁੰਦੀ ਹੋਵੇ। ਜਥੇਦਾਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਖ-ਵੱਖ ਧਰਮ ਗ੍ਰੰਥਾਂ ਦੀ ਬੇਅਦਬੀ ਹੋਈ ਹੈ ਪਰ ਸਰਕਾਰ ਇਨ੍ਹਾਂ ਨੂੰ ਰੋਕਣ ਲਈ ਕੋਈ ਠੋਸ ਉਪਰਾਲੇ ਨਹੀਂ ਕਰ ਸਕੀ ਹੈ।
ਮਾਰਚ ਦੀ ਸ਼ੁਰੂਆਤ ਤੋਂ ਪਹਿਲਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਕਾਰਜਕਾਰੀ ਜਥੇਦਾਰਾਂ ਨੇ ਦੱਸਿਆ ਕਿ ਇਹ ਮਾਰਚ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ ਹੁੰਦਾ ਹੋਇਆ 15 ਸਤੰਬਰ ਨੂੰ ਅਨੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗਾ। ਇਹ ਮਾਰਚ ਪੰਜਾਬ ਵਿੱਚ ਪੂਰਾ ਹੋਣ ਉਪਰੰਤ ਤਿੰਨ ਦਿਨਾਂ ਲਈ ਹਰਿਆਣਾ ਅਤੇ ਫਿਰ ਤਿੰਨ ਦਿਨਾਂ ਲਈ ਰਾਜਸਥਾਨ ਵਿੱਚ ਵੱਖ-ਵੱਖ ਥਾਵਾਂ ’ਤੇ ਕੱਢਿਆ ਜਾਵੇਗਾ।
ਇਸ ਮੌਕੇ ਅਕਾਲੀ ਦਲ ਯੂਨਾਇਟਡ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਭਾਈ ਗੁਰਦੀਪ ਸਿੰਘ ਬਠਿੰਡਾ ਸਕੱਤਰ ਯੂਨਾਇਟਡ ਅਕਾਲੀ ਦਲ, ਪ੍ਰੋ. ਮੋਹਿੰਦਰਪਾਲ ਸਿੰਘ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅ), ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਯੂਥ ਆਗੂ ਰਣਦੇਵ ਸਿੰਘ ਦੇਬੀ, ਬਾਬਾ ਰੇਸ਼ਮ ਸਿੰਘ ਖੋਖਰਾਵਾਲਾ, ਬਾਬਾ ਪ੍ਰਦੀਪ ਸਿੰਘ ਚਾਹਲ ਪੁਰਾ, ਬਾਬਾ ਬਲਜੀਤ ਸਿੰਘ ਬੁਰਜ, ਬਾਬਾ ਚਮਕੌਰ ਸਿੰਘ ਭਾਈ ਰੂਪਾ, ਭਾਈ ਸਤਨਾਮ ਸਿੰਘ ਮਨਾਵਾਂ, ਭਾਈ ਵੱਸਣ ਸਿੰਘ ਜ਼ਫਰਵਾਲ , ਕਰਨੈਲ ਸਿੰਘ ਨਾਰੀਕੇ, ਸੁਰਜੀਤ ਸਿੰਘ ਅਰਾਈਆਂਵਾਲਾ ਆਦਿ ਮੌਜੂਦ ਸਨ।