ਚੰਡੀਗੜ੍ਹ: ਮੀਡੀਆ ‘ਚ ਆਈਆਂ ਖ਼ਬਰਾਂ ਮੁਤਾਬਕ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ 4 ਖ਼ਾਲਿਸਤਾਨੀ ਖਾੜਕੂਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਮਾਰਨਾ ਚਾਹੁੰਦੇ ਸੀ।
ਪੰਜਾਬ ਪੁਲਿਸ ਨੇ ਇਕ ਸਿੱਖ ਬੀਬੀ ਸਣੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਮੀਡੀਆ ਦੀਆਂ ਖ਼ਬਰਾਂ ਮੁਤਾਬਕ 26 ਮਈ ਨੂੰ ਬਠਿੰਡਾ ਜ਼ਿਲ੍ਹੇ ਵਿਚ ਵੀ 5 ਸਿੱਖਾਂ ਨੂੰ ਇਸੇ ਸਬੰਧ ‘ਚ ਗ੍ਰਿਫਤਾਰ ਕੀਤਾ ਗਿਆ ਸੀ।
ਪੁਲਿਸ ਮੁਤਾਬਕ ਇਹ ਨੌਜਵਾਨ ਪਾਕਿਸਤਾਨ ਅਤੇ ਯੌਰਪ ਵਿਚ ਬੈਠੇ ਕੁਝ ਪੁਰਾਣੇ ਸਰਗਰਮ ਖਾਲਿਸਤਾਨੀਆਂ ਨਾਲ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ‘ਤੇ ਸੰਪਰਕ ‘ਚ ਸਨ। ਮੀਡੀਆ ਦੀਆਂ ਖ਼ਬਰਾਂ ਮੁਤਾਬਕ ਮੋਹਾਲੀ ਪੁਲਿਸ ਨੇ ਇਨ੍ਹਾਂ ਨੂੰ 29 ਅਤੇ 30 ਮਈ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਚਾਰਾਂ ‘ਤੇ ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ, ਅਸਲਾ ਐਕਟ ਅਤੇ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ। ਇਨ੍ਹਾਂ ਚਾਰਾਂ ਨੂੰ ਅਦਾਲਤ ‘ਚ ਪੇਸ਼ ਕਰਕੇ 7 ਦਿਨਾਂ ਦਾ ਪੁਲਿਸ ਰਿਮਾਂਡ ਵੀ ਲਿਆ ਗਿਆ ਹੈ। ਮੀਡੀਆ ਨੇ ਪੁਲਿਸ ਅਧਿਕਾਰੀਆਂ ਦੇ ਹਵਾਲੇ ਨਾਲ ਇਨ੍ਹਾਂ ਦੀ ਸ਼ਨਾਖਤ (1) ਹਰਬਰਿੰਦਰ ਸਿੰਘ ਪੁੱਤਰ ਭਲਵਾਨ ਸਿੰਘ, ਵਾਸੀ 154 ਪ੍ਰਤਾਪ ਨਗਰ, ਜੀ.ਟੀ. ਰੋਡ, ਅੰਮ੍ਰਿਤਸਰ (ਹਾਲ ਵਾਸੀ ਸੈਕਟਰ 44, ਚੰਡੀਗੜ੍ਹ) (2) ਅੰਮ੍ਰਿਤਪਾਲ ਕੌਰ ਉਰਫ ਅੰਮ੍ਰਿਤ ਪਤਨੀ ਕੁਲਵਿੰਦਰ ਸਿੰਘ, ਵਾਸੀ ਅਕਾਲ ਨਗਰ, ਸਲੇਮ ਟਾਬਰੀ, ਲੁਧਿਆਣਾ, (3) ਜਰਨੈਲ ਸਿੰਘ ਪੁੱਤਰ ਬਚਨ ਸਿੰਘ ਵਾਸੀ ਮੁਹੱਲਾ ਸ਼ਿਵ ਮੰਦਰ, ਕਲਾਨੌਰ, ਜ਼ਿਲ੍ਹਾ ਗੁਰਦਾਸਪੁਰ ਅਤੇ (4) ਰਣਦੀਪ ਸਿੰਘ ਪੁੱਤਰ ਤੀਰਥ ਸਿੰਘ ਵਾਸੀ ਜਿੰਦੜ, ਜ਼ਿਲ੍ਹਾ ਗੁਰਦਾਸਪੁਰ ਵਜੋਂ ਕੀਤੀ ਹੈ।
ਪੁਲਿਸ ਮੁਤਾਬਕ ਹਰਬਰਿੰਦਰ ਸਿੰਘ ਅਤੇ ਅੰਮ੍ਰਿਤਪਾਲ ਨੂੰ ਮੋਹਾਲੀ ਬੱਸ ਸਟੈਂਡ ਤੋਂ 29 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ ਜਰਨੈਲ ਸਿੰਘ ਅਤੇ ਰਣਦੀਪ ਨੂੰ 30 ਮਈ ਨੂੰ ਗੁਰਦਾਸਪੁਰ ਅਤੇ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ।
ਮੀਡੀਆ ਦੀਆਂ ਖ਼ਬਰਾਂ ਮੁਤਾਬਕ ਪਹਿਲਾਂ ਗ੍ਰਿਫਤਾਰ ਕੀਤੇ ਸਿੱਖਾਂ ਦੀ ਸ਼ਨਾਖਤ ਤਰਸੇਮ ਸਿੰਘ ਖ਼ਾਲਿਸਤਾਨੀ ਉਰਫ ਦਰਸ਼ਨ ਸਿੰਘ ਖ਼ਾਲਸਾ ਵਾਸੀ ਕੋਟਰਾ ਕੋਰਮਾ, ਰਾਮਪੁਰਾ ਫੂਲ, ਜ਼ਿਲ੍ਹਾ ਬਠਿੰਡਾ; ਮੋਹਕਮ ਸਿੰਘ ਬੱਬਰ ਵਾਸੀ ਹਮੀਦੀ, ਬਰਨਾਲਾ; ਜਸਵੰਤ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਰਾਮਨਵਾਸ, ਬਠਿੰਡਾ; ਅਤੇ ਜਸਬੀਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ, ਰਾਮਨਵਾਸ, ਬਠਿੰਡਾ ਸ਼ਾਮਲ ਸਨ।
ਪੁਲਿਸ ਨੇ ਇਨ੍ਹਾਂ ਕੋਲੋਂ .32 ਬੋਰ ਦੇ ਦੋ ਪਿਸਤੌਲ, ਚਾਰ ਮੈਗਜ਼ੀਨ ਅਤੇ ਪੰਜ ਰੌਂਦ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।