ਵਾਸ਼ਿੰਗਟਨ ਡੀ. ਸੀ: ਬਰਤਾਨੀਆ ਤੋਂ ਵਿਆਹ ਕਰਾਉਣ ਲਈ ਪੰਜਾਬ ਗਏ ਜਗਤਾਰ ਸਿੰਘ ਜੌਹਲ ਨੂੰ 4 ਨਵੰਬਰ, 2017 ਨੂੰ ਪੰਜਾਬ ਪੁਲਿਸ ਵਲੋਂ ਹਿੰਦੂ ਆਗੂਆਂ ਦੇ ਕਤਲ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਜਾਣ ਦੇ ਅਮਲਾਂ ਵਿਰੁੱਧ ਜਿੱਥੇ ਯੂ.ਕੇ. ਦੇ ਸਿੱਖਾਂ ਵਲੋਂ ਜ਼ਬਰਦਸਤ ਵਿਰੋਧ ਜਤਾਇਆ ਗਿਆ ਹੈ, ਉਥੇ ਦੁਨੀਆਂ ਭਰ ਵਿੱਚ ਬੈਠੇ ਸਿੱਖ ਪੰਜਾਬ ਸਰਕਾਰ ਦੀ ਇਸ ਕਾਰਵਾਈ ਦੇ ਵਿਰੁੱਧ ਆ ਖੜ੍ਹੇ ਹੋਏ ਹਨ। ਇਸੇ ਕੜੀ ਵਿਚ ਵਾਸ਼ਿੰਗਟਨ ਡੀ. ਸੀ, ਮੈਰੀਲੈਂਡ ਅਤੇ ਵਰਜੀਨੀਆ ਦੇ ਸਿੱਖ ਨੌਜਵਾਨਾਂ/ਮੁਟਿਆਰਾਂ ਵਲੋਂ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ ਵਿੱਚ ਸਥਿਤ ਭਾਰਤੀ ਦੂਤਘਰ ਅੱਗੇ ਇੱਕ ਜ਼ੋਰਦਾਰ ਰੋਸ ਵਿਖਾਵਾ ਕੀਤਾ ਗਿਆ।
ਇਹਨਾਂ ਮੁਜ਼ਾਹਰਿਆਂ ਵਿੱਚ ਆਮ ਤੌਰ ’ਤੇ ਦੇਖੇ ਜਾਣ ਵਾਲੇ ਸੀਨੀਅਰ ਕਾਰਕੁਨ ਇਨ੍ਹਾਂ ਨੌਜਵਾਨਾਂ ਨੂੰ ਹੱਲਾਸ਼ੇਰੀ ਦਿੰਦੇ ਨਜ਼ਰ ਆਏ। ਵਿਖਾਵਾਕਾਰੀਆਂ ਵਲੋਂ ਕਿਹਾ ਗਿਆ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਪੰਜਾਬ ਪੁਲਿਸ ਨੇ ਆਪਣੇ ਹੱਕਾਂ ਲਈ ਅਵਾਜ਼ ਬੁਲੰਦ ਕਰਨ ਵਾਲੇ ਸਿੱਖ ਨੌਜਵਾਨਾਂ ‘ਤੇ ਤਸ਼ੱਦਦ ਕੀਤਾ ਹੋਵੇ ਸਗੋਂ 1984 ਤੋਂ ਇਹੀ ਵਰਤਾਰਾ ਲਗਾਤਾਰਤਾ ਨਾਲ ਚੱਲਦਾ ਆ ਰਿਹਾ ਹੈ ਅਤੇ ਪਿਛਲੇ 7 ਮਹੀਨਿਆਂ ਵਿੱਚ 47 ਸਿੱਖ ਨੌਜਵਾਨਾਂ ਨੂੰ ਅੱਤਵਾਦ ਦੇ ਨਾਂਅ ਹੇਠ ਪੰਜਾਬ ਸਰਕਾਰ ਵਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ’ਤੇ ਅਣਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ ਹੈ। ਸਿੱਖਾਂ ਖਿਲਾਫ ਇਸ ਵਰਤਾਰੇ ਲਈ ਨੌਜਵਾਨਾਂ ਨੇ ਭਾਰਤ ਸਰਕਾਰ ਦੀ ਨੀਤੀ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਸਿੱਖ ਨੌਜਵਾਨਾਂ ਦੀ ਰਿਹਾਈ ਦੀ ਮੰਗ ਕੀਤੀ।
ਉਚੇਚੇ ਤੌਰ ‘ਤੇ ਪਹੁੰਚੇ ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ. ਅਮਰਜੀਤ ਸਿੰਘ ਨੇ ਸਿੱਖ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਸ ਦੂਤਘਰ ਵਿੱਚ ਬੈਠਣ ਵਾਲੇ ਭਾਰਤੀ ਰਾਜਦੂਤ ਨਵਤੇਜ ਸਰਨਾ ਸਮੇਤ ਭਾਰਤੀ ਹਕੂਮਤ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਿੱਖ ਹਮੇਸ਼ਾ ਆਪਣੇ ਹੱਕਾਂ ਲਈ ਜੂਝਦੇ ਰਹੇ ਹਨ ਅਤੇ ਹਕੂਮਤ ਆਪਣੇ ਇਨ੍ਹਾਂ ਹੱਥਕੰਡਿਆਂ ਨਾਲ ਸਾਨੂੰ ਦਬਾਅ ਨਹੀਂ ਸਕਦੀ।
ਸਬੰਧਤ ਖ਼ਬਰ:
ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਕੇਸਾਂ ਵਿੱਚ ਫਸਾਉਣ ਤੋਂ ਲੈ ਕੇ ਸਾਡੀਆਂ ਧਾਰਮਿਕ ਸੰਸਥਾਵਾਂ ‘ਤੇ ਬ੍ਰਾਹਮਣਵਾਦੀ ਸੋਚ ਦੇ ਕਬਜ਼ੇ ਤੱਕ ਸਿੱਖ ਕੌਮ ਨੂੰ ਦਰਪੇਸ਼ ਸਮੱਸਿਆਵਾਂ ਦਾ ਇੱਕੋ ਇੱਕ ਹੱਲ ਖਾਲਿਸਤਾਨ ਦੀ ਪ੍ਰਾਪਤੀ ਹੈ। ਜਦੋਂ ਤੱਕ ਸਿੱਖ ਕੌਮ ਭਾਰਤੀ ਗੁਲਾਮੀ ਦੇ ਸੰਗਲ ਨਹੀਂ ਕੱਟਦੀ ਉਦੋਂ ਤੱਕ ਪੰਜਾਬ ਵਿੱਚ ਸਿੱਖਾਂ ਦੀ ਅੱਡਰੀ ਹੋਂਦ ਨੂੰ ਬਚਾਇਆ ਨਹੀਂ ਜਾ ਸਕਦਾ। ਸਿੱਖ ਨੌਜਵਾਨਾਂ ਸਮੇਤ ਪਹੁੰਚੀਆਂ ਸਮੂਹ ਸਿੱਖ ਸੰਗਤਾਂ ਨੇ ਖਾਲਿਸਤਾਨ ਜ਼ਿੰਦਾਬਾਦ, ਫ੍ਰੀ ਜੱਗੀ ਨਾਓ (ਜੱਗੀ ਨੂੰ ਰਿਹਾਅ ਕਰੋ), ਸਾਨੂੰ ਕੀ ਚਾਹੀਦੈ – ਜਸਟਿਸ ਆਦਿ ਨਾਅਰੇ ਲਾਏ। ਵਿਖਾਵਾਕਾਰੀਆਂ ਦੇ ਹੱਥਾਂ ਵਿੱਚ ਬੈਨਰ ਫੜੇ ਹੋਏ ਸਨ, ਜਿਨ੍ਹਾਂ ‘ਤੇ ‘ਜੱਗੀ ਨੂੰ ਰਿਹਾਅ ਕਰੋ’ ਲਿਖਿਆ ਸੀ।
ਸਬੰਧਤ ਖ਼ਬਰ: