ਅੰਮ੍ਰਿਤਸਰ(9 ਅਕਤੂਬਰ, 2015): ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਾਰ ‘ਤੇ ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਸਮੇਂ ਭਾਰਤੀ ਫੌਜ ਦੀ ਅਗਵਾਈ ਕਰਨ ਵਾਲੇ ਜਨਰਲ ਅਰੁਣ ਕੁਮਾਰ ਵੈਦਿਆ ਨੂੰ ਮਹਾਂਰਾਸ਼ਟਰ ਦੇ ਸ਼ਹਿਰ ਪੂਨੇ ਵਿੱਚ ਜਾ ਕੇ ਉਸਦੀੇ ਕੀਤੇ ਪਾਪਾਂ ਦੀ ਸਜ਼ਾ ਦੇਣ ਵਾਲੇ ਸਿੱਖੀ ਗਗਨ ਮੰਡਲ ਦੇ ਧਰੂ ਤਾਰੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦਾ ਸ਼ਹੀਦੀ ਦਿਹਾੜਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਇਆ ਗਿਆ।
ਸ਼ਹੀਦੀ ਸਮਾਗਮ ਸਮੇਂ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰਬਾਣੀ ਅਰਦਾਸ ਕੀਤੀ ਗਈ। ਅਰਦਾਸ ਵਿੱਚ ਸ਼ਹੀਦਾਂ ਦੀਆਂ ਸ਼ਹਾਦਤਾਂ ਦਾ ਜ਼ਿਕਰ ਕੀਤਾ ਗਿਆ।
ਸ਼ਹੀਦੀ ਸਮਾਗਮ ਵਿੱਚ ਇਸ ਵਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਮੇਤ ਕਿਸੇ ਹੋਰ ਤਖਤ ਦੇ ਜੱਥੇਦਾਰ ਨੇ ਹਜ਼ਾਰੀ ਨਹੀਂ ਭਰੀ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜ਼ਰ ਸ੍ਰ. ਪ੍ਰਤਾਪ ਸਿੰਘ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਹਾਜ਼ਰ ਹੋਏ।
ਸਮਾਗਮ ਦੀ ਸਮਾਪਤੀ ਵੇਲੇ ਸ਼ਹੀਦ ਪਰਿਵਾਰਾਂ , ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਭਰਾਵਾਂ ਨੂੰ ਸਿਰੋਪਾਉ ਦੇਕੇ ਸਨਮਾਨਿਤ ਕੀਤਾ ਗਿਆ।
ਸਮਾਪਤੀ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਸ਼੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਨੇ ਕਿਹਾ ਕਿ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਕੌਮ ਦੇ ਸਨਮਾਨਿਤ ਸ਼ਹੀਦ ਹਨ।
ਉਨ੍ਹਾਂ ਨੇ ਸਿੱਖੀ ਦੇ ਸ਼ਾਂਨਾਮੱਤੀਆਂ ਪੰਪਰਾਵਾਂ ‘ਤੇ ਚੱਲਦਿਆਂ ਸ਼੍ਰੀ ਦਰਬਾਰ ਸਾਹਿਬ ‘ਤੇ ਭਾਰਤ ਸਰਕਰ ਵੱਲੋਂ ਕਰਵਾਏ ਫੌਜੀ ਹਮਲੇ ਸਮੇਂ ਫੌਜ ਦੀ ਅਗਵਾਈ ਕਰਨ ਵਾਲੇ ਜਰਨੈਲ ਵੈਦਿਆਂ ਨੂੰ ਮਾਰ ਕੇ ਉਸਦੀ ਕੀਤੀ ਦਾ ਫਲ ਭੁਗਤਾਇਆ ਸੀ ਅਤੇ ਸ਼ਹਾਦਤ ਪ੍ਰਾਪਤ ਕੀਤੀ ਸੀ।ਇਹ ਸ਼ਹੀਦ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਚਾਨਣ ਮੁਨਾਰਾ ਹਨ।ਸ਼੍ਰੋਮਣੀ ਕਮੇਟੀ ਵੱਲੋਨ ਆਪਣੇ ਇਨ੍ਹਾਂ ਮਹਾਨ ਸ਼ਹੀਦਾਂ ਦਾ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਵਾਰ ਸ਼ਹੀਦੀ ਸਮਾਗਮ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਸਾਮਗਮ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਅਤੇ ਸਰਕਾਰੀ ਮਹਿਕਮਿਆਂ ਕਰਮਚਾਰੀ ਜਿਆਦਾ ਗਿਣਤੀ ਵਿੱਚ ਹਾਜ਼ਰ ਸਨ। ਪੰਥਕ ਆਗੂਆਂ ਦੇ ਪਹੁੰਚਣ ਵੇਲੇ ਸਮਾਗਮ ਸਮਾਪਤ ਹੋ ਚੁੱਕਾ ਸੀ।
ਪੰਥਕ ਆਗੂਆਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦੀ ਸਮਗਾਮ ਇੱਕ ਤਰਾਂ ਲੁਕਵੇਂ ਤਰੀਕੇ ਨਲਾ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਜੱਥੇਦਾਰਾਂ ਦਾ ਸ਼ਹੀਦੀ ਸਮਾਗਮ ਵਿੱਚ ਨਾ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਸੌਦਾ ਸਾਧ ਮਾਫੀਨਾਮੇ ਸਬੰਧੀ ਉਨਾਂ ਨੇ ਜੋ ਕੀਤਾ ਉਸ ਮੁਤਾਬਿਕ ਉਸ ਸੰਗਤ ਦਾ ਸਾਹਮਣਾ ਨਹੀ ਕਰ ਰਹੇ।
ਸ਼ਹੀਦੀ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਪੰਥਕ ਆਗੂਆਂ ਵਿੱਚ ਭਾਈ ਦਲਜੀਤ ਸਿੰਘ, ਭਾਈ ਕੰਵਰਪਾਲ ਸਿੰਘ , ਭਾਈ ਹਰਪਾਲ ਸਿੰਘ ਚੀਮਾ, ਭਾਈ ਮਨਧੀਰ ਸਿੰਘ, ਭਾਈ ਪਰਮਜੀਤ ਸਿੰਘ ਗਾਜ਼ੀ, ਭਾਈ ਕਰਨੈਲ ਸਿੰਘ ਪੀਰਮੁੰਹਮਦ, ਭਾਈ ਕਮਿੱਕਰ ਸਿੰਘ, ਭਾਈ ਬਲਵਿੰਦਰ ਸਿੰਘ ਝਬਾਲ ਆਦਿ ਸ਼ਾਮਲ ਸਨ।