ਮਾਨਸਾ, ਪੰਜਾਬ (6 ਫਰਵੀ, 2012 – ਸਿੱਖ ਸਿਆਸਤ): ਮਾਨਸਾ ਦੀ ਸਥਾਨਕ ਅਦਾਲਤ ਵਿਚ ਡੇਰਾ ਸਿਰਸਾ ਪ੍ਰੇਮੀ ਲਿੱਲੀ ਕੁਮਾਰ ਦੇ ਕਤਲ ਕੇਸ ਦੀ ਅੱਜ ਸੁਣਵਾਈ ਹੋਈ ਅਤੇ ਅਗਲੀ ਤਰੀਕ 15 ਫਰਵਰੀ ‘ਤੇ ਪਾ ਦਿੱਤੀ ਗਈ ਹੈ।
ਇਸ ਮਾਮਲੇ ਵਿਚ ਅੱਜ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਮਨਧੀਰ ਸਿੰਘ ਤੋਂ ਇਲਾਵਾ ਭਾਈ ਬਲਬੀਰ ਸਿੰਘ ਮੌਲਵੀਵਾਲਾ, ਗਮਦੂਰ ਸਿੰਘ, ਰਾਜਪਾਲ ਸਿੰਘ ਕੋਟਧਰਮੂ, ਮੱਖਣ ਸਿੰਘ ਸਮਾਉਂ, ਗੁਰਬੀਰ ਸਿੰਘ, ਅੰਮ੍ਰਿਤਪਾਲ ਸਿੰਘ ਕੋਟਧਰਮੂ, ਕਰਨ ਸਿੰਘ ਝੰਡੂਕੇ, ਗੁਰਦੀਪ ਸਿੰਘ ਰਾਜੂ ਅਦਾਲਤ ਵਿਚ ਹਾਜ਼ਰ ਸਨ। ਇਸ ਤੋਂ ਇਲਾਵਾ ਇਸ ਮੁਕਦਮੇਂ ਵਿਚ ਨਾਮਜ਼ਦ ਪਿੰਡ ਆਲਮਪੁਰ ਮੰਦਰਾਂ ਨਿਵਾਸੀ ਦਲਜੀਤ ਸਿੰਘ ਟੈਣੀ, ਡਾਕਟਰ ਸ਼ਿੰਦਾ ਤੇ ਮਿੱਠੂ ਸਿੰਘ ਵੀ ਹਾਜ਼ਰ ਸਨ। ਇਸ ਮਾਮਲੇ ਵਿਚ ਮੁਢਲੀ ਐਫ. ਆਈ. ਆਰ ਤੇ ਗਵਾਹ ਕਤਲ ਦਾ ਦੋਸ਼ ਆਲਮਪੁਰ ਮੰਦਰਾਂ ਦੇ ਉਕਤ ਵਿਅਕਤੀਆਂ ਉੱਤੇ ਧਰ ਰਹੇ ਹਨ ਪਰ ਪੁਲਿਸ ਤੇ ਸਰਕਾਰੀ ਵਕੀਲ ਇਸ ਮੁਕਦਮੇਂ ਵਿਚ ਪੰਚ ਪ੍ਰਧਾਨੀ ਦੇ ਆਗੂਆਂ ਤੇ ਹੋਰਨਾਂ ਨੂੰ ਫਸਾਉਣ ਲਈ ਸਿਰਤੋੜ ਯਤਨ ਕਰ ਰਹੇ ਹਨ।
ਇਸ ਸਾਰੀ ਕਸ਼ਮਕਸ਼ ਵਿਚ ਮੁਕਦਮੇਂ ਦੀ ਕਾਰਵਾਈ ਵਿਚ ਕਈ ਨਾਟਕੀ ਮੋੜ ਆ ਚੁੱਕੇ ਹਨ ਤੇ ਮੁੱਖ ਗਵਾਹ ਤੇ ਮ੍ਰਿਤਕ ਦਾ ਭਰਾ ਕਈ ਵਾਰ ਪੁਲਿਸ ੳੇਤੇ ਦੋਸ਼ ਲਗਾ ਚੱਕਾ ਹੈ ਕਿ ਉਸ ਉੱਤੇ ਪੰਚ ਪ੍ਰਧਾਨੀ ਦੇ ਆਗੂਆਂ ਖਿਲਾਫ ਝੂਠੀ ਗਵਾਹੀ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ। ਪਿਛਲੀ ਪੇਸ਼ੀ ਉੱਤੇ ਉਸ ਦੀ ਗਵਾਹੀ ਦਰਜ਼ ਕਰ ਲਈ ਗਈ ਸੀ ਪਰ ਇਸ ਵਾਰ ਇਹ ਦੱਸਿਆ ਗਿਆ ਹੈ ਕਿ ਉਸ ਦੇ ਸੰਮਨ ਤਾਮੀਲ ਨਾ ਹੋਣ ਕਰ ਕੇ ਉਹ ਹਾਜ਼ਰ ਨਹੀਂ ਹੋ ਸਕਦਾ, ਜਿਸ ਕਾਰਨ ਜੱਜ ਵੱਲੋਂ ਅਗਲੀ ਤਰੀਕ ਮਿੱਥ ਦਿੱਤੀ ਗਈ।
ਅੱਜ ਦੀ ਪੇਸ਼ੀ ਮੌਕੇ ਪੰਚ ਪ੍ਰਧਾਨੀ ਦੇ ਆਗੂ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਤੇ ਅਤੇ ਹੋਰ ਅਨੇਕਾਂ ਸਿੰਘ ਭਾਈ ਦਲਜੀਤ ਸਿੰਘ ਨੂੰ ਮਿਲਣ ਲਈ ਪਹੁੰਚੇ ਹੋਏ ਸਨ। ਇਸ ਮਾਮਲੇ ਵਿਚ ਭਾਈ ਦਲਜੀਤ ਸਿੰਘ ਦੀ ਜਮਾਨਤ ਦੀ ਸੁਣਵਾਈ ਆਉਂਦੇ ਦਿਨਾਂ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕੀਤੇ ਜਾਣ ਦੀ ਸੰਭਾਵਨਾ ਤੇ ਇਸ ਕੇਸ ਵਿਚੋਂ ਜਮਾਨਤ ਮਿਲ ਜਾਣ ਉੱਤੇ ਭਾਈ ਦਲਜੀਤ ਸਿੰਘ ਜੇਲ੍ਹ ਵਿਚੋਂ ਰਿਹਾਅ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਖਿਲਾਫ ਸਰਕਾਰ ਵੱਲੋਂ ਸਿਆਸੀ ਕਾਰਨਾਂ ਕਰਕੇ ਪਾਏ ਗਏ ਬਹੁਤੇ ਕੇਸ ਝੂਠੇ ਸਾਬਤ ਹੋ ਚੁੱਕੇ ਹਨ ਤੇ ਦੂਸਰੇ ਦੋ ਮੁਕਦਮਿਆਂ ਵਿਚ ਉਨ੍ਹਾਂ ਨੂੰ ਜਮਾਨਤ ਮਿਲ ਚੁੱਕੀ ਹੈ।