Site icon Sikh Siyasat News

ਲਾਹੌਰ ‘ਚ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਉਤਸ਼ਾਹ ਨਾਲ ਮਨਾਈ ਗਈ

ਅਟਾਰੀ (29 ਜੂਨ 2014): ਗੁ: ਡੇਹਰਾ ਸਾਹਿਬ ਲਾਹੌਰ ‘ਚ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ‘ਚ ਹੋਏ ਬਰਸੀ ਸਮਾਗਮਾਂ ਮੌਕੇ ਸੰਬੋਧਨ ਕਰਦਿਆ ਸ਼ਾਮ ਸਿੰਘ ਪ੍ਰਧਾਨ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਬਿਸ਼ਨ ਸਿੰਘ, ਤਾਰਾ ਸਿੰਘ, ਸਰਬੱਤ ਸਿੰਘ, ਡਾ. ਸਵਰਨ ਸਿੰਘ ਸਾਬਕਾ ਪ੍ਰਧਾਨ, ਗੁਰਮੀਤ ਸਿੰਘ, ਦਰਸ਼ਨ ਸਿੰਘ ਖਾਲੜਾ ਮਿਸ਼ਨ ਕਮੇਟੀ ਨੇ ਕਿਹਾ ਜਥੇ ਦੇ ਲਈ ਕੀਤੇ ਗਏ ਮਿਸਾਲੀ ਪ੍ਰਬੰਧਾਂ ਲਈ ਉਹ ਓਕਾਫ਼ ਬੋਰਡ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧੰਨਵਾਦੀ ਹਨ।

ਪਾਕਿਸਤਾਨ ਸਥਿਤ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ‘ਚ ਮਹਾਰਾਜਾ ਰਣਜੀਤ ਸਿੰਘ ਦੀ 175ਵੀਂ ਬਰਸੀ ਸਿੱਖਾਂ ਵੱਲੋਂ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ  ਸਿੱਖ ਸ਼ਰਧਾਲੂਆਂ ਨੇ ਪ੍ਰਬੰਧਾਂ ਲਈ ਓਕਾਫ਼ ਬੋਰਡ ਦਾ ਧੰਨਵਾਦ ਕਰਦਿਆਂ ਯਾਤਰੂਆਂ ਨੂੰ ਵੱਧ ਤੋਂ ਵੱਧ ਵੀਜ਼ੇ ਦੇਣ ਦੀ ਮੰਗ ਕੀਤੀ। ਇਸ ਮੌਕੇ ਭਾਰਤ ਸਮੇਤ ਵੱਖ-ਵੱਖ ਮੁਲਕਾਂ ‘ਚੋਂ ਆਏ ਸਿੱਖ ਜਥਿਆਂ ਦੇ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਜਿੱਥੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਮੀਤ ਸਿੰਘ ਜ਼ੀਰਾ ਨੇ ਓਕਾਫ਼ ਬੋਰਡ ਵੱਲੋਂ ਬਣਾਈਆਂ ਜਾਣ ਵਾਲੀਆਂ ਸਰਾਵਾਂ ‘ਚ ਓਕਾਫ਼ ਬੋਰਡ ਅਤੇ ਪਾਕਿਸਤਾਨ ਕਮੇਟੀ ਦੀ ਮਦਦ ਦੀ ਪੇਸ਼ਕਸ ਕੀਤੀ ਉੱਥੇ ਹੀ ਖਾਲੜਾ ਮਿਸ਼ਨ ਕਮੇਟੀ ਦੇ ਆਗੂ ਦਰਸ਼ਨ ਸਿੰਘ ਨੇ ਮੰਗ ਕੀਤੀ ਕਿ ਸਿੱਖ ਯਾਤਰੂਆਂ ਨੂੰ ਵੱਧ ਤੋਂ ਵੱਧ ਵੀਜ਼ੇ ਦਿੱਤੇ ਜਾਣ ਅਤੇ ਇਹ ਵੀਜ਼ੇ ਘੱਟੋਂ-ਘੱਟ 15 ਦਿਨ ਪਹਿਲਾਂ ਪ੍ਰਦਾਨ ਕੀਤੇ ਜਾਣ ਤਾਂ ਜੋ ਯਾਤਰੂਆਂ ਨੂੰ ਪ੍ਰੇਸ਼ਾਨੀ ਨਾ ਝਾਕਣੀ ਪਵੇ।

ਇਸ ਮੌਕੇ ਸੈਕਟਰੀ ਖਾਲਿਦ ਸਾਹਿਬ ਵੱਲੋਂ ਭਾਰਤ ਤੋਂ ਗਏ ਜਥਿਆਂ ਦੇ ਆਗੂ ਗੁਰਮੀਤ ਸਿੰਘ ਜ਼ੀਰਾ, ਖਾਲੜਾ ਮਿਸ਼ਨ ਕਮੇਟੀ ਦੇ ਆਗੂ ਦਰਸ਼ਨ ਸਿੰਘ, ਭਾਈ ਮਰਦਾਨਾ ਯਾਦਗਾਰੀ ਕਮੇਟੀ ਦੇ ਆਗੂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਭਾਰਤੀ ਆਗੂਆਂ ਨੇ ਪਾਕਿਸਤਾਨ ਓਕਾਫ਼ ਬੋਰਡ ਅਤੇ ਪਾਕਿਸਤਾਨ ਕਮੇਟੀ ਦੇ ਆਗੂਆਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਸਿੰਧੀ ਅਤੇ ਪਿਸ਼ੋਰੀ ਸਿੱਖਾਂ ਵੱਲੋਂ ਲੰਗਰ ਅਤੇ ਛਬੀਲਾਂ ਦੇ ਵਿਸ਼ਾਲ ਲੰਗਰ ਲਾਏ ਗਏ ਸਨ।

ਇਸ ਮੌਕੇ ਮੁੱਖ ਮਹਿਮਾਨ ਸਕੱਤਰ ਸ਼ਰਾਇਨ ਖਾਲਿਦ ਸਾਹਿਬ, ਮੀਤ ਸਕੱਤਰ ਅਜ਼ਹਰ ਸੁਲੇਹਰੀ, ਕੇਅਰ ਟੇਕਰ ਸੇਖ ਅਜ਼ਹਰ, ਫਰਾਜ ਅਬਾਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਗਤਾਂ ਵੱਧ ਤੋਂ ਵੱਧ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਆਉਣ ਉਨ੍ਹਾਂ ਦਾ ਪੂਰਨ ਸਤਿਕਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰਦੁਆਰਾ ਡੇਹਰਾ ਸਾਹਿਬ ‘ਚ ਯਾਤਰੂ ਸਰਾਵਾਂ ਦੀ ਘਾਟ ਹੈ ਉਹ ਜਲਦ ਹੀ ਨਵੀਆਂ ਸਰਾਵਾਂ ਬਣਾ ਕੇ ਪੂਰੀ ਕਰ ਦਿੱਤੀ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version