ਵਾਸ਼ਿੰਗਟਨ/ਚੰਡੀਗੜ੍ਹ: 1984 ਵਿੱਚ ਦਿੱਲੀ ਅਤੇ ਭਾਰਤ ਦੇ ਹੋਰਨਾਂ ਨਗਰਾਂ ਵਿਚ ਹੋਈ ਸਿੱਖ ਨਸਲਕੁਸ਼ੀ ਹਰੇਕ ਸਿੱਖ ਲਈ ਨਾ ਭੁਲੱਣਯੋਗ ਹੈ। ਭਾਰਤ ਦੀਆਂ ਅਦਾਲਤਾਂ ਅਤੇ ਕਨੂੰਨ ਪ੍ਰਦਾਨ ਕਰਨ ਲਈ ਬਣਾਏ ਗਏ ਅਦਾਰਿਆਂ ਵਲੋਂ ਇਸ ਨਸਲਕੁਸ਼ੀ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲਿਆਂ ਨੂੰ ਕੋਈ ਸਜਾ ਦਿੱਤੀ ਜਾਣੀ ਤਾਂ ਦੂਰ ਦੀ ਗੱਲ ਸਗੋਂ ਇਸ ਖਿੱਤੇ ਦੀਆਂ ਰਾਜਨੀਤਿਕ ਪਾਰਟੀਆਂ ਵਲੋਂ ਉਹਨਾਂ ਕਾਤਲਾਂ ਉੱਚੇ ਅਹੁਦਿਆਂ ਨਾਲ ਨਿਵਾਜਿਆ ਜਾਂਦਾ ਰਿਹਾ ਹੈ।
ਬੀਤੇ ਦਿਨੀਂ ਦਿੱਲੀ ਹਾਈ ਕੋਰਨ ਵਲੋਂ ਰਾਜੀਵ ਗਾਂਧੀ ਦੇ ਕਰੀਬੀ ਅਤੇ ਸਿੱਖ ਨਸਲਕੁਸ਼ੀ ਦੌਰਾਨ ਹਿੰਦੁਤਵੀ ਭੀੜ ਦੀ ਅਗਵਾਈ ਕਰਨ ਵਾਲੇ ਹਜਾਰਾਂ ਬੇਦੋਸ਼ੇ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ ਜਿੱਥੇ 35 ਸਾਲਾਂ ਮਗਰੋਂ ਜਾ ਕੇ ਕੇਵਲ ਉਮਰ ਕੈਦ ਦੀ ਸਜਾ ਦਿੱਤੀ ਜਾ ਰਹੀ ਸੀ ੳਥੇ ਹੀ ਸਿੱਖ ਨਸਲਕੁਸ਼ੀ ਵਿਚ ਸ਼ਾਮਲ ਇੱਕ ਹੋਰ ਕਾਂਗਰਸੀ ਆਗੂ ਭਾਰਤੀ ਖਿੱਤੇ ਦੇ ਦੂਜੇ ਸਭ ਤੋਂ ਵੱਡੇ ਸੂਬੇ ਦੇ ਮੁੱਖ ਮੰਤਰੀ ਵਜੋਂ ਸੌਂਹ ਚੁੱਕ ਰਿਹਾ ਸੀ।ਅਦਾਲਤ ਵਲੋਂ ਸੱਜਣ ਕੁਮਾਰ ਨੂੰ 31 ਦਸੰਬਰ ਤੀਕ ਆਤਮ-ਸਮਰਪਣ ਦਾ ਸਮਾਂ ਦਿੱਤਾ ਜਾਣਾ ਹੋਰ ਵੀ ਹੈਰਾਨੀ ਪੈਦਾ ਕਰਦਾ ਸੀ।
ਦੇਸ਼ਾਂ-ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਵਲੋਂ ਅਜਿਹੇ ਮਾਹੌਲ ਵਿਚ ਭਾਰਤੀ ਹੁਕਮਰਾਨਾ ਪ੍ਰਤੀ ਰੋਸ ਅਤੇ ਰੋਹ ਵੇਖਿਆ ਜਾ ਰਿਹਾ ਹੈ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤੀ ਅਦਾਲਤ ਵੱਲੋਂ 1984 ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਉਮਰ ਭਰ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਸਬੰਧੀ ਕਿਹਾ ਹੈ ਕਿ “34 ਸਾਲਾਂ ਬਾਅਦ ਭਾਰਤ ਦੀ ਕਾਂਗਰਸ ਸਰਕਾਰ ਦੁਆਰਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਹਿਣ ਉਤੇ ਕਰਵਾਏ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਨਾਲ ਇਨਸਾਫ਼ ਨਹੀਂ, ਬਲਕਿ ਬੇਇਨਸਾਫ਼ੀ ਹੋਈ ਹੈ। ਉਨਾਂ ਕਿਹਾ ਕਿ ਉਹ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਨ ਪਰ ਹਜ਼ਾਰਾਂ ਬੇਕਸੂਰ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਣ ਦਾ ਕਾਰਨ ਬਣੇ ਮੁੱਖ ਦੋਸ਼ੀਆਂ ‘ਚੋਂ ਸਿਰਫ਼ ਇਕ ਨੂੰ ਸਜ਼ਾ ਮਿਲਣਾ ਪੀੜਤਾਂ ਦੇ ਜਖ਼ਮਾਂ ‘ਤੇ ਲੂਣ ਛਿੜਕਣਾ ਹੈ। ਉਨਾਂ ਕਿਹਾ ਕਿ ਇੰਨਾ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਫ਼ਾਂਸੀ ਦੇ ਹੱਕਦਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਹੋਣਾ ਸਿੱਖ ਕਤਲੇਆਮ ਦੇ ਪੀੜਤਾਂ ਸਣੇ ਸਮੁੱਚੀ ਕੌਮ ਨਾਲ ਮਖੌਲ ਹੈ।
ਏਜੀਪੀਸੀ ਦੇ ਪ੍ਰਧਾਨ ਸ.ਜਸਵੰਤ ਸਿਂੰਘ ਹੋਠੀ ਅਤੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਸਾਂਝੇ ਤੌਰ ‘ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ “ਉਹ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਨ ਪਰ ਫ਼ਾਂਸੀ ਦੇ ਹੱਕਦਾਰ ਦੋਸ਼ੀਆਂ ਨੂੰ 34 ਸਾਲਾਂ ਦਾ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਨਾਮਾਤਰ ਸਜ਼ਾ ਦੇਣਾ ਪੀੜਤਾਂ ਨਾਲ ਮਜ਼ਾਕ ਕੀਤਾ ਗਿਆ ਹੈ।ਉਨਾਂ ਕਿਹਾ ਕਿ ਸਿੱਖ ਕਤਲੇਆਮ ਦੇ ਹੋਰਨਾਂ ਦੋਸ਼ੀਆਂ ਜਿਨਾਂ ‘ਚ ਜਗਦੀਸ਼ ਟਾਈਟਲਰ ਵੀ ਸ਼ਾਮਿਲ ਹੈ, ਨੂੰ ਜਦੋਂ ਤੱਕ ਫ਼ਾਂਸੀ ਦੀ ਸਜ਼ਾ ਮੁਕੱਰਰ ਨਹੀਂ ਕੀਤੀ ਜਾਂਦੀ, ਤਦ ਤੱਕ ਸਿੱਖਾਂ ਦੇ ਹਿਰਦੇ ਸ਼ਾਂਤ ਨਹੀਂ ਹੋਣਗੇ।
ਉਨਾਂ ਕਿਹਾ ਕਿ ਭਾਰਤ ‘ਚ ਲੰਬਾ ਸਮਾਂ ਕਾਂਗਰਸ ਸਰਕਾਰ ਸੱਤਾ ‘ਚ ਰਹੀ ਹੈ, ਜਿਸਨੇ ਹਮੇਸ਼ਾਂ ਦੋਸ਼ੀਆਂ ਨਾਲ ਖੜ੍ਹਨ ਤੇ ਉਨਾਂ ਨੂੰ ਬਚਾਉਣ ਲਈ ਪੂਰੀ ਪੈਰਵਾਈ ਕੀਤੀ। ਉਨਾਂ ਕਿਹਾ ਕਿ ਕਈ ਵਾਰ ਸਰਕਾਰ ਬਣਾ ਚੁੱਕੀ ਕਾਂਗਰਸੀ ਸਰਕਾਰ ਨੇ ਕਦੇ ਵੀ ਸਿੱਖਾਂ ਨੂੰ ਇਨਸਾਫ਼ ਦਿਵਾਉਣ ਲਈ ਆਪਣੀ ਜਿੰਮੇਵਾਰੀ ਨੂੰ ਸਹੀ ਢੰਗ ਨਾਲ ਨਹੀਂ ਨਿਭਾਇਆ ਅਤੇ ਜਦ ਜਦ ਵੀ 1984 ਦੇ ਨਸਲਘਾਤ ਦੇ ਮੁਕੱਦਮਿਆਂ ਦੀ ਜਾਂਚ ਹੋਈ ਉਸ ਸਮੇਂ ਕਿਸੇ ਨਾ ਕਿਸੇ ਝੂਠੇ ਬਹਾਨੇ ਨਾਲ ਮੁਕੱਦਮਿਆਂ ਨੂੰ ਉਲਝਾਉਣ ਅਤੇ ਸਮਾਂ ਲੰਘਾਉਣ ਲਈ ਪੂਰੀ ਵਾਹ ਲਾਈ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਕਾਂਗਰਸ ਦੇ ਵਡੇ ਆਗੂਆਂ ਨੇ 84 ਕਤਲੇਆਮ ਦੀ ਹੋ ਰਹੀ ਜਾਂਚ ‘ਚ ਆਪਣੇ ਆਗੂਆਂ ਨੂੰ ਬਚਾਇਆ ਹੈ, ਜਿਸ ਕਰਕੇ ਸਿੱਖਾਂ ਨੂੰ ਨਿਆ ਨਹੀਂ ਮਿਿਲਆ। ਉਨਾਂ ਕਿਹਾ ਕਿ ਇਸ ਫ਼ੈਸਲੇ ਨੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਮਾਮੂਲੀ ਜਿਹੀ ਆਸ ਦੀ ਕਿਰਨ ਦਿੱਤੀ ਹੈ, ਕਿਉਂਕਿ ਇਹ ਮੁਕੱਦਮਾ ਦਿੱਲੀ ਛਾਉਣੀ ਦੇ ਇਕ ਪਰਿਵਾਰ ਦੇ 5 ਮੈਂਬਰਾਂ ਦੇ ਕਤਲ ਨਾਲ ਸਬੰਧਿਤ ਹੈ।”
ਉਨਾਂ ਨੇ ਇਸ ਗੱਲ ‘ਤੇ ਆਸ ਪ੍ਰਗਟ ਕਰਦਿਆ ਕਿਹਾ ਕਿ ਸਿੱਖ ਕਤਲੇਆਮ ‘ਚ ਸ਼ਾਮਿਲ ਹੋਰਨਾਂ ਵਿਅਕਤੀਆਂ ਨੂੰ ਜਲਦੀ ਹੀ ਉਨਾਂ ਦੇ ਭਿਆਨਕ ਅਤੇ ਘਿਨੌਣੇ ਕੰਮਾਂ ਲਈ ਅਦਾਲਤ ਫ਼ਾਂਸੀ ਦੀ ਸਜ਼ਾ ਮੁਕਰਰ ਕਰੇਗੀ, ਜਿਸ ਨਾਲ ਲੰਮੇਂ ਸਮੇਂ ਤੋਂ ਇਨਸਾਫ਼ ਲਈ ਜਦੋਂ‐ਜਹਿਦ ਕਰ ਰਹੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਹਿਰਦੇ ਸ਼ਾਂਤ ਹੋਣਗੇ।
ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਅਮਰਇੰਦਰ ਸਿੰਘ ਦਾ ਜਿਹੜਾ ਇਹ ਬਿਆਨ ਆਇਆ ਹੈ ਕਿ ਨਵੰਬਰ 1984 ਵਿਚ ਸਿੱਖਾਂ ਦਾ ਜੋ ਨਸਲਘਾਤ ਹੋਇਆ ਸੀ, ਉਸ ਵਿਚ ਗਾਂਧੀ ਪਰਵਾਰ ਦਾ ਕੋਈ ਹੱਥ ਨਹੀਂ ਸੀ, ਉਹ ਬਿਲਕੁ਼ਲ ਝੂਠਾ ਬਿਆਨ ਹੈ ਤੇ ਗਾਂਧੀ ਪਰਵਾਰ ਦੀ ਝੂਠੀ ਚਾਪਲੂਸੀ ਨਾਲ ਭਰਪੂਰ ਹੈ, ਕਤਲੇਆਮ ਤਾਂ ਕਰਵਾਇਆਂ ਹੀ ਰਾਜੀਵ ਗਾਂਧੀ ਨੇ ਸੀ। ਰਾਜੀਵ ਗਾਂਧੀ ਨੇ ਇਹ ਕਿਹਾ ਸੀ ਕਿ ਜਦ ਵਡਾ ਦਰਖਤ ਡਿਗਦਾ ਹੈ ਤਾਂ ਧਰਤੀ ਹਿਲਦੀ ਹੈ। ਅਮਰਿੰਦਰ ਸਿੰਘ ਨੂੰ ਏਨੇ ਹੋਛੇਪਣ ਦਾ ਪ੍ਰਗਟਾਵਾ ਨਹੀਂ ਕਰਨਾ ਚਾਹੀਦਾ। ਬਹੁਤ ਨੀਵੇਂ ਪੱਧਰ ਉਤੇ ਜਾ ਕੇ ਸਿੱਖ ਨਸਲਕੁਸ਼ੀ ਦੀ ਹਿਮਾਇਤ ਕਰਨੀ ਮਨੁੱਖਤਾ ਪ੍ਰਤੀ ਵਡਾ ਅਪਰਾਧ ਹੈ।