ਸਾਹਿਬਜਾਦਾ ਅਜੀਤ ਸਿੰਘ ਨਗਰ : ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਹਰਜੀਤ ਸਿੰਘ ਨੇ 1992 ਵਿੱਚ 22 ਸਾਲਾ ਸਿੱਖ ਨੌਜਵਾਨ ਹਰਜੀਤ ਸਿੰਘ ਗੋਰਾ ਨੂੰ ਝੂਠਾ ਪੁਲਸ ਮੁਕਾਬਲਾ ਬਣਾ ਕੇ ਮੁਕਾਉਣ ਦੇ ਦੋਸ਼ੀ ਸਾਬਕਾ ਪੁਲਸ ਇੰਸਪੈਕਟਰ ਗਿਆਨ ਸਿੰਘ ਅਤੇ ਸਾਬਕਾ ਏ.ਐਸ.ਆਈ ਨਰਿੰਦਰ ਸਿੰਘ ਮੱਲ੍ਹੀ ਨੂੰ ਭਾਰਤੀ ਸਜਾਵਲੀ ਦੀ ਧਾਰਾ-364 ‘ਚ ੳੇੁਮਰ ਕੈਦ ਦੀ ਸਜ਼ਾ ਅਤੇ 1 ਲੱਖ ਰਪਏ ਹਰਜੀਤ ਸਿੰਘ ਦੇ ਪਰਿਵਾਰ ਨੂੰ ਦੇਣ ਦਾ ਫੈਸਲਾ ਸੁਣਾਇਆ ਹੈ।
ਨੌਜਵਾਨ ਦੇ ਪਰਿਵਾਰ ਵਲੋਂ ਵਕੀਲ ਸਰਦਾਰ ਸਤਨਾਮ ਸਿੰਘ ਬੈਂਸ ਨੇ ਦੱਸਿਆ ਕਿ 11 ਨਵੰਬਰ 1992 ਨੂੰ ਦਬੁਰਜੀ ਚੌਕੀ ਤਰਨਤਾਰਨ ਦਾ ਥਾਣੇਦਾਰ ਨਰਿੰਦਰ ਸਿੰਘ ਮੱਲ੍ਹੀ ਪੁਲਸ ਦੀ ਧਾੜ ਸਮੇਤ ਹਰਜੀਤ ਸਿੰਘ ਗੋਰਾ ਦੇ ਘਰ ਤੜਕੇ 4 ਵਜੇ ਆ ਪਹੁੰਚਿਆ ਅਤੇ ਹਰਜੀਤ ਸਿੰਘ ਤੇ ਉਸਦੇ ਪਿਤਾ ਬਲਵੀਰ ਸਿੰਘ ਦੀਆਂ ਅੱਖਾਂ ਉੱਤੇ ਪੱਟੀਆਂ ਬੰਨ੍ਹਕੇ ਘਰੋਂ ਚੁੱਕ ਲਿਆ, ਫੇਰ ਪਿਉ-ਪੁੱਤ ਦੋਹਾਂ ਨੂੰ ਵਿਜੇ ਨਗਰ ਥਾਣੇ ‘ਚ ਤੈਨਾਤ ਇੰਸਪੈਕਟਰ ਗਿਆਨ ਸਿੰਘ ਕੋਲ ਲੈ ਗਿਆ।
ਪੁਲਸ ਨੇ ਪਿਤਾ ਬਲਵੀਰ ਸਿੰਘ ਨੂੰ 22 ਦਿਨ ਤਸੀਹੇ ਦੇਣ ਮਗਰੋਂ ਛੱਡ ਦਿੱਤਾ ਪਰ ਹਰਜੀਤ ਸਿੰਘ ਨੂੰ ਨਾ ਛੱਡਿਆ, ਇਸ ਮਗਰੋਂ ਹਰਜੀਤ ਸਿੰਘ ਦਾ ਕੋਈ ਥਹੁ-ਪਤਾ ਨਾ ਲੱਗਾ।
22 ਸਾਲਾ ਹਰਜੀਤ ਸਿੰਘ ਗੋਰਾ ਸ੍ਰੀ ਦਰਬਾਰ ਸਾਹਿਬ ਵਿਖੇ ਰਾਜ ਮਿਸਤਰੀ ਦਾ ਕੰਮ ਕਰਦਾ ਸੀ, ਉਸਦੇ ਵਿਆਹ ਨੂੰ ਹਾਲੇ ਸਾਲ ਹੀ ਹੋਇਆ ਸੀ ਜਦੋਂ ਪੁਲਸ ਨੇ ਉਸਨੂੰ ਮਾਰ ਦਿੱਤਾ। ਹਰਜੀਤ ਸਿੰਘ ਦੇ ਭਰਾ ਕੁਲਦੀਪ ਸਿੰਘ ਕਾਲੇ ਨੂੰ ਪੁਲਸ ਮੁਕਾਬਲੇ ਵਿੱਚ ਮਾਰਨ ਦਾ ਪਰਚਾ ਪੁਲਸ ਨੇ ਸੁਲਤਾਨਵਿੰਡ ਥਾਣੇ ਵਿੱਚ ਦਰਜ ਕੀਤਾ ਹੋਇਆ ਹੈ, ਪਰਿਵਾਰ ਨੇ ਇਸ ਮੁਕਾਬਲੇ ਦੀ ਜਾਂਚ ਲਈ ਵੀ ਮੰਗ ਕੀਤੀ ਹੈ।