Site icon Sikh Siyasat News

ਭਾਈ ਹਰਨੇਕ ਸਿੰਘ ਭੱਪ ਦੀ ਪੰਜਾਬ ਜੇਲ੍ਹ ਤਬਦੀਲੀ ਲਈ ਉਨ੍ਹਾਂ ਦੇ ਮਾਤਾ ਜੀ ਨੇ ਰਾਜਸਥਾਨ ਸਰਕਾਰ ਨੂੰ ਚਿੱਠੀ ਲਿਖੀ

ਚੰਡੀਗੜ੍ਹ: ਰਾਜਸਥਾਨ ਦੀ ਜੈਪੁਰ ਜੇਲ੍ਹ ਵਿਚ ਨਜ਼ਰਬੰਦ ਸਿੱਖ ਸਿਆਸੀ ਕੈਦੀ ਭਾਈ ਹਰਨੇਕ ਸਿੰਘ ਭੱਪ ਦੀ ਰਾਜਸਥਾਨ ਤੋਂ ਪੰਜਾਬ ਵਿਚ ਜੇਲ੍ਹ ਤਬਦੀਲੀ ਲਈ ਉਨ੍ਹਾਂ ਦੇ ਮਾਤਾ ਜੀ ਸੁਰਿੰਦਰ ਕੌਰ ਨੇ ਰਾਜਸਥਾਨ ਦੇ ਗ੍ਰਹਿ ਵਿਭਾਗ ਦੇ ਸਕੱਤਰ ਨੂੰ ਇਕ ਚਿੱਠੀ ਲਿਖੀ ਹੈ। ਗੌਰਤਲਬ ਹੈ ਕਿ ਹਰਨੇਕ ਸਿੰਘ ਭੱਪ ਦੀ ਜੇਲ੍ਹ ਤਬਦੀਲੀ ਲਈ ਇਹ ਦੂਜੀ ਚਿੱਠੀ ਲਿਖੀ ਗਈ ਹੈ ਕਿਉਂਕਿ ਪਹਿਲੀ ਚਿੱਠੀ ਨੂੰ ਇਸ ਗਲ ਕਰਕੇ ਰੱਦ ਕਰ ਦਿੱਤਾ ਗਿਆ ਸੀ ਕਿ ਹਰਨੇਕ ਸਿੰਘ ਭੱਪ ਨੇ ਆਪਣੀ ਉਮਰ ਕੈਦ ਦੀ ਸਜ਼ਾ ਖਿਲਾਫ ਰਾਜਸਥਾਨ ਹਾਈ ਕੋਰਟ ਵਿਚ ਅਰਜੀ ਪਾਈ ਹੋਈ ਹੈ। ਇਸ ਦੂਜੀ ਚਿੱਠੀ ਵਿਚ ਇਸ ਉਪਰੋਕਤ ਤੱਥ ਨੂੰ ਗਲਤ ਦਸਦਿਆਂ ਮਾਤਾ ਸੁਰਿੰਦਰ ਕੌਰ ਨੇ ਸਾਫ ਕੀਤਾ ਕਿ ਹਰਨੇਕ ਸਿੰਘ ਭੱਪ ਨੇ ਆਪਣੀ ਸਜ਼ਾ ਖਿਲਾਫ ਕਦੇ ਵੀ ਅਪੀਲ ਨਹੀਂ ਪਾਈ ਤੇ ਨਾ ਹੀ ਅੱਗੇ ਕੋਈ ਅਪੀਲ ਪਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਰਾਜਸਥਾਨ ਸੂਬੇ ਵਿਚ ਹਰਨੇਕ ਸਿੰਘ ਭੱਪ ਦੀ ਕੋਈ ਅਪੀਲ ਜਾ ਕੋਈ ਹੋਰ ਮਾਮਲਾ ਨਹੀਂ ਹੈ।

ਰਾਜਸਥਾਨ ਗ੍ਰਹਿ ਵਿਭਾਗ ਦੇ ਸਕੱਤਰ ਨੂੰ ਲਿਖੀ ਚਿੱਠੀ ਵਿਚ ਮਾਤਾ ਸੁਰਿੰਦਰ ਕੌਰ ਨੇ ਕਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਹਰਨੇਕ ਸਿੰਘ ਭੱਪ ਨੂੰ 17 ਫਰਵਰੀ 1995 ਨੂੰ ਅਸ਼ੋਕ ਨਗਰ, ਜੈਪੁਰ ਦੇ ਪੁਲਿਸ ਥਾਣੇੇ ਵਿਚ ਦਰਜ ਐਫਆਈਆਰ ਨੰ. 57 (ਭਾਰਤੀ ਸਜ਼ਾਵਲੀ ਦੀ ਧਾਰਾ 364 ਏ, 365, 343, 346, 201) ਦੇ ਮਾਮਲੇ ਵਿਚ 6 ਅਕਤੂਬਰ, 2017 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਭਾਈ ਹਰਨੇਕ ਸਿੰਘ ਭੱਪ ਦੇ ਮਾਤਾ ਜੀ ਸੁਰਿੰਦਰ ਕੌਰ

ਉਨ੍ਹਾਂ ਕਿਹਾ ਕਿ ਕੈਦੀਆਂ ਦੀ ਤਬਦੀਲੀ ਕਾਨੂੰਨ, 1950 ਦੇ ਸੈਕਸ਼ਨ 3 ਅਧੀਨ ਉਮਰ ਕੈਦ ਦੀ ਸਜ਼ਾ ਯਾਫਤਾ ਕੈਦੀ ਨੂੰ ਇਕ ਸੂਬੇ ਤੋਂ ਦੂਜੇ ਸੂਬੇ ਦੀ ਜੇਲ੍ਹ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 13 ਸਾਲਾਂ ਦੀ ਜੇਲ੍ਹ ਵਿਚ ਨਜ਼ਰਬੰਦੀ ਦੌਰਾਨ ਭਾਈ ਹਰਨੇਕ ਸਿੰਘ ਭੱਪ ਦਾ ਵਤੀਰਾ ਬਿਲਕੁਲ ਸਹੀ ਰਿਹਾ ਹੈ ਤੇ ਕੋਈ ਸ਼ਿਕਾਇਤ ਨਹੀਂ ਹੈ।

ਉਨ੍ਹਾਂ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਬਜ਼ੁਰਗੀ ਅਤੇ ਮਾੜੀ ਸਿਹਤ ਦਾ ਖਿਆਲ ਕਰਦਿਆਂ ਉਨ੍ਹਾਂ ਦੇ ਪਰਿਵਾਰ ਦੇ ਇਕੋ ਇਕ ਜੀਅ ਉਨ੍ਹਾਂ ਦੇ ਪੁੱਤਰ ਨੂੰ ਜੱਦੀ ਸੂਬੇ ਪੰਜਾਬ ਦੀ ਕਿਸੇ ਜੇਲ੍ਹ ਵਿਚ ਤਬਦੀਲ ਕੀਤਾ ਜਾਵੇ ਤਾਂ ਕਿ ਉਹ ਆਪਣੇ ਪੁੱਤਰ ਨਾਲ ਮੁਲਾਕਾਤ ਕਰ ਸਕਣ। ਉਨ੍ਹਾਂ ਲਿਿਖਆ ਹੈ ਕਿ ਹਰਨੇਕ ਸਿੰਘ ਭੱਪ ਦੇ ਪਿਤਾ ਤਾਰਾ ਸਿੰਘ ਦੀ ਮੌਤ ਕਾਫੀ ਸਮਾਂ ਪਹਿਲਾਂ ਹੋ ਗਈ ਸੀ ਤੇ ਉਹ ਘਰ ਵਿਚ ਇਕੱਲੇ ਰਹਿੰਦੇ ਹਨ।

ਮਾਤਾ ਸੁਰਿੰਦਰ ਕੌਰ ਨੇ ਅਪੀਲ ਕੀਤੀ ਹੈ ਕਿ ਭਾਈ ਹਰਨੇਕ ਸਿੰਘ ਭੱਪ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿਚ ਤਬਦੀਲ ਕੀਤਾ ਜਾਵੇ ਤੇ ਜੇਲ੍ਹ ਤਬਦੀਲੀ ਮੌਕੇ ਤਵੱਜੋ ਨਾਭਾ ਦੀ ਅਤਿ ਸੁਰੱਖਿਅਤ ਜੇਲ੍ਹ ਨੂੰ ਦਿੱਤੀ ਜਾਵੇ।

ਇਹ ਚਿੱਠੀ ਰਾਜਸਥਾਨ ਗ੍ਰਹਿ ਵਿਭਾਗ ਦੇ ਸਕੱਤਰ ਤੋਂ ਇਲਾਵਾ ਪੰਜਾਬ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ, ਪੰਜਾਬ ਜੇਲ੍ਹਾਂ ਦੇ ਵਧੀਕ ਡੀਜੀ, ਰਾਜਸਥਾਨ ਜੇਲ੍ਹਾਂ ਦੇ ਡੀਜੀ ਅਤੇ ਕੇਂਦਰੀ ਜੇਲ੍ਹ ਜੈਪੁਰ ਦੇ ਸੁਰਡੈਂਟ ਨੂੰ ਵੀ ਭੇਜੀ ਗਈ ਹੈ।

ਗੌਰਤਲਬ ਹੈ ਕਿ ਬੀਤੇ ਦਿਨੀਂ ਸਿੱਖ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਕੋਲ ਭਾਈ ਹਰਨੇਕ ਸਿੰਘ ਭੱਪ ਦੀ ਰਾਜਸਥਾਨ ਤੋਂ ਪੰਜਾਬ ਜੇਲ੍ਹ ਤਬਦੀਲੀ ਕਰਾਉਣ ਦੀ ਮੰਗ ਰੱਖੀ ਗਈ ਸੀ। ਇਸ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਸਥਾਨ ਦੀ ਮੁੱਖ ਮੰਤਰੀ ਨੂੰ ਇਕ ਚਿੱਠੀ ਲਿਖ ਕੇ ਭਾਈ ਹਰਨੇਕ ਸਿੰਘ ਨੂੰ ਰਾਜਸਥਾਨ ਤੋਂ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨ ਲਈ ਕਿਹਾ ਸੀ।

ਸਿੱਖ ਸਿਆਸੀ ਕੈਦੀਆਂ ਦੇ ਮਾਮਲਿਆਂ ਦੀ ਪੈਰਵਾਈ ਕਰਨ ਵਾਲੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਾਲ ਗੱਲ ਕਰਦਿਆਂ ਦੱਸਿਆ ਕਿ ਭਾਈ ਹਰਨੇਕ ਸਿੰਘ ਭੱਪ ਖਿਲਾਫ ਰਾਜਸਥਾਨ ਵਿਚ ਹੋਰ ਕੋਈ ਵੀ ਮਾਮਲਾ ਨਹੀਂ ਚੱਲ ਰਿਹਾ ਤੇ ਪੰਜਾਬ ਦਾ ਵਾਸੀ ਹੋਣ ਕਰਕੇ ਉਨ੍ਹਾਂ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨਾ ਉਨ੍ਹਾਂ ਦਾ ਕਾਨੂੰਨੀ ਹੱਕ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version