ਚੰਡੀਗੜ੍ਹ: ਲੱਦਾਖ ਵਿੱਚ ਚੀਨ ਅਤੇ ਇੰਡੀਆ ਦੀਆਂ ਫੌਜਾਂ ਦਰਮਿਆਨ ਪਿਛਲੇ ਮਹੀਨੇ ਤੋਂ ਬਣੀ ਤਣਾਅਪੂਰਨ ਸਥਿਤੀ ਸੋਮਵਾਰ ਰਾਤ ਨੂੰ ਉਸ ਵੇਲੇ ਗੰਭੀਰ ਰੂਪ ਧਾਰਨ ਕਰ ਗਈ ਜਦੋਂ ਦੋਵਾਂ ਧਿਰਾਂ ਦੇ ਫੌਜੀਆਂ ਦਰਮਿਆਨ ਹੋਏ ਇੱਕ ਟਕਰਾਅ ਵਿੱਚ ਇੰਡੀਆ ਦੀ ਫੌਜ ਦਾ ਇੱਕ ਅਫਸਰ ਅਤੇ ਦੋ ਫੌਜੀ ਮਾਰੇ ਗਏ।
ਜਿਕਰਯੋਗ ਹੈ ਕਿ ਚੀਨ ਅਤੇ ਇੰਡੀਆ ਦੀਆਂ ਫੌਜਾਂ ਲੱਦਾਖ ਖੇਤਰ ਵਿੱਚ “ਲਾਈਨ ਆਫ ਐਕਚੁਅਲ ਕੰਟਰੋਲ” ਦੇ ਮਾਮਲੇ ਉੱਤੇ ਬੀਤੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਇੱਕ ਦੂਜੇ ਦੇ ਆਹਮੋ-ਸਾਹਮਣੇ ਹਨ।
ਇੰਡੀਆ ਦੀ ਫੌਜ ਦੇ ਇੱਕ ਬੁਲਾਰੇ ਨੇ ਕਿਹਾ ਹੈ ਕਿ “ਗਲਵਾਨ ਵੈਲੀ” ਦੇ ਖੇਤਰ ਵਿੱਚ ਤਣਾਅ ਘਟਾਉਣ ਦੇ ਅਮਲ ਦੌਰਾਨ ਲੰਘੀ ਰਾਤ ਇੱਕ ਟਕਰਾਅ ਹੋ ਗਿਆ ਜਿਸ ਦੌਰਾਨ ਇਹ ਮੌਤਾਂ ਹੋਈਆਂ ਹਨ।
ਬੁਲਾਰੇ ਨੇ ਕਿਹਾ ਕਿ ਇਸ ਟਕਰਾਅ ਦੌਰਾਨ ਹੋਏ ਜਾਨੀ ਨੁਕਸਾਨ ਵਿੱਚ ਇੰਡੀਆ ਵਾਲੇ ਪਾਸਿਓਂ ਇੱਕ ਅਫਸਰ ਅਤੇ ਦੋ ਫੌਜੀ ਸ਼ਾਮਿਲ ਹਨ। ਉਸ ਨੇ ਕਿਹਾ ਕਿ ਦੋਵੇਂ ਪਾਸੇ ਦੇ ਉੱਚ ਫੌਜੀ ਅਫਸਰ ਤਣਾਅ ਨੂੰ ਘਟਾਉਣ ਲਈ ਇਸ ਵੇਲੇ ਗੱਲਬਾਤ ਕਰ ਰਹੇ ਹਨ।