Site icon Sikh Siyasat News

ਕਿਸਾਨਾ ਨੂੰ ਸੂਚਕ ਅੰਕ ਮੁਤਾਬਿਕ ਭਾਅ ਨਾ ਦੇ ਕੇ ਕੇਂਦਰ ਨੇ ਤਿੰਨ ਲੱਖ ਕਰੋੜ ਦਾ ਕਿਸਾਨਾ ਨੂੰ ਰਗੜਾ ਲਾਇਆ-ਸਿੱਧੂਪੁਰ

ਸਾਦਿਕ, (ਫਰੀਦਕੋਟ ) 3 ਸਤੰਬਰ ( ਗੁਰਭੇਜ ਸਿੰਘ ਚੌਹਾਨ): ਸਮੇਂ ਦੀਆਂ ਸਰਕਾਰਾਂ ਨੇ ਕਿਸਾਨਾਂ ਦੀਆਂ ਜਿਨਸਾਂ ਦੇ ਭਾਅ ਸੂਚਕ ਅੰਕ ਮੁਤਾਬਿਕ ਨਾ ਦੇ ਕੇ ਕਿਸਾਨਾਂ ਨੂੰ ਤਿੰਨ ਲੱਖ ਕਰੋੜ ਰੁਪਏ ਦਾ ਘਾਟਾ ਪਾਇਆ ਹੈ। ਜਿਸ ਬਾਰੇ ਮੌਜੂਦਾ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਰਦ ਪਵਾਰ ਖੁਦ ਪਾਰਲੀਮੈਂਟ ਵਿੱਚ ਮੰਨ ਚੁੱਕੇ ਹਨ। ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਕਿਸਾਨਾਂ ਨੂੰ ਕਣਕ ਦਾ ਲਾਗਤ ਮੁੱਲ 1466 ਰੁਪਏ ਪ੍ਰਤੀ ਕੁਵਿੰਟਲ ਪੈਂਦਾ ਹੈ ਪਰ ਸਰਕਾਰ ਵੱਲੋਂ 1100 ਰੁਪਏ ਦਿੱਤਾ ਗਿਆ। ਉਲਟਾ ਕਿਸਾਨ ਉਪਰ ਆਬਿਆਨਾ ਅਤੇ ਮੋਟਰਾਂ ਦੇ ਬਿੱਲ ਲਗਾ ਕੇ ਕਿਸਾਨ ਨੂੰ ਹੋਰ ਆਰਥਿਕ ਘਾਟੇ ਵੱਲ ਧੱਕਿਆ ਜਾ ਰਿਹਾ ਹੈ। ਇਹ ਵਿਚਾਰ ਦਾਣਾ ਮੰਡੀ ਸਾਦਿਕ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ  ਸੂਬਾ ਪੱਧਰੀ ਕਿਸਾਨ ਬਚਾਓ ਕਿੱਤਾ ਬਚਾਓ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਪਿਸ਼ੌਰਾ ਸਿੰਘ ਸਿੱਧੂਪੁਰ ਨੇ ਕਾਨਫਰੰਸ ਵਿਚ ਸ਼ਾਮਲ ਵੱਡੀ ਗਿਣਤੀ ਵਿਚ ਕਿਸਾਨਾ ਅੱਗੇ ਪੇਸ਼ ਕੀਤੇ।  ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਸੂਬਾ ਜਨਰਲ ਸਕੱਤਰ ਬੋਘ ਸਿੰਘ ਮਾਨਸਾ ਨੇ ਕਿਹਾ ਕਿ  ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਦਰਿਆਈ ਪਾਣੀਆਂ ਨੂੰ ਪੰਜਾਬ ਤੋਂ ਖੋਹ ਕੇ ਦੂਜੇ ਸੂਬਿਆਂ ਨੂੰ ਦਿੱਤਾ ਹੈ ਸਰਾਸਰ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਹੈ । ਰਿਪੇਰੀਅਨ ਸਟੇਟ ਹੋਣ ਕਾਰਨ ਦਰਿਆਈ ਪਾਣੀਆਂ ਤੇ ਪਹਿਲਾਂ ਪੰਜਾਬ ਦਾ ਹੱਕ ਬਣਦਾ ਹੈ। ਦਰਿਆਈ ਪਾਣੀਆਂ ਦੇ ਮਾਹਿਰ ਹਰਿੰਦਰਪਾਲ ਸਿੰਘ ਮੁਤਾਬਿਕ 1988 ਦੇ ਹੜ੍ਹਾਂ ਦੌਰਾਨ ਰਿਪੇਰੀਅਨ ਸੂਬਾ ਹੋਣ ਕਾਰਨ ਪੰਜਾਬ ਦਾ ਲਗਭਗ ਇੱਕ ਅਰਬ ਡਾਲਰ ਦਾ ਨੁਕਸਾਨ ਅਤੇ ਸੈਕੜੇ ਕੀਮਤੀ ਜਾਂਨਾ ਵੀ ਗਈਆਂ ਪਰ ਗੈਰ ਰਿਪੇਰੀਅਨ ਹਰਿਆਣਾ, ਰਾਜਸਥਾਨ ਅਤੇ ਦਿੱਲੀ ਦਾ ਕੋਈ ਆਰਥਿਕ ਜਾਂ ਜਾਨੀ ਨੁਕਸਾਨ ਨਾ ਹੋਇਆ। ਪਰ ਇਨਾਂ ਘਾਟਾ ਸਹਿਣ ਦੇ ਬਾਵਜੂਦ ਵੀ ਸਾਰਾ ਧੱਕਾ ਪੰਜਾਬ ਦੇ ਕਿਸਾਨਾਂ ਨਾਲ ਹੀ ਕੀਤਾ ਜਾ ਰਿਹਾ ਹੈ।  ਕਾਕਾ ਸਿੰਘ ਕੱਟੜ ਜ਼ਿਲਾ ਜਨਰਲ ਸਕੱਤਰ ਬਠਿੰਡਾ ਨੇ ਕਿਹਾ ਕਿ ਕਿਸਾਨਾਂ ਨੂੰ ਆਪਣਾ ਹੱਕ ਲੈਣ ਲਈ ਆਪਣੇ ਮਸਲੇ ਰਾਜਨੀਤਿਕ ਲੋਕਾਂ ਦੇ ਮੂੰਹ ਵਿੱਚ ਪਾਉਣ ਲਈ ਅਜਿਹੇ ਹੀ ਵੱਡੇ ਇਕੱਠਾਂ ਦੀ ਜਰੂਰਤ ਹੈ। ਇਸ ਕਾਨਫਰੰਸ ਨੂੰ ਗੁਰਬਖਸ਼ ਸਿੰਘ ਬਲਬੇੜ ਪ੍ਰਧਾਨ ਪਟਿਆਲਾ, ਹਰਦੇਵ ਸਿੰਘ ਮੰਡ ਮੀਤ ਪ੍ਰਧਾਨ ਪੰਜਾਬ, ਬਲਦੇਵ ਸਿੰਘ ਬਠਿੰਡਾ, ਉਦੈ ਸਿੰਘ ਜ਼ਿਲਾ ਪ੍ਰਧਾਨ ਫਿਰੋਜ਼ਪੁਰ, ਜਸਪਾਲ ਸਿੰਘ ਜ਼ਿਲਾ ਪ੍ਰਧਾਨ ਬਰਨਾਲਾ, ਹੁਸ਼ਿਆਰ ਸਿੰਘ ਜ਼ਿਲਾ ਪ੍ਰਧਾਨ ਸੰਗਰੂਰ ਤੇ ਜਗਜੀਤ ਸਿੰਘ ਡੱਲੇਵਾਲਾ ਜਿਲ੍ਹਾ ਪ੍ਰਧਾਨ ਫਰੀਦਕੋਟ ਅਤੇ ਸਾਰੇ ਜ਼ਿਲਿਆਂ ਦੇ ਪ੍ਰਧਾਨਾ ਨੇ ਸੰਬੋਧਨ ਕੀਤਾ। ਇਸ ਕਾਨਫਰੰਸ ਨੂੰ ਸਫਲ ਬਣਾਉਣ ਲਈ ਬੋਹੜ ਸਿੰਘ ਰੁਪਈਆਂਵਾਲਾ ਜ਼ਿਲਾ ਜਨਰਲ ਸਕੱਤਰ, ਤੋਤਾ ਸਿੰਘ ਜੰਡਵਾਲਾ ਕਾਰਜਕਾਰੀ ਬਲਾਕ ਪ੍ਰਧਾਨ, ਗੁਰਬਚਨ ਸਿੰਘ ਗੁੱਜਰ ਪ੍ਰੈਸ ਸਕੱਤਰ, ਚਰਨਜੀਤ ਸਿੰਘ ਬਲਾਕ ਪ੍ਰਧਾਨ ਫਰੀਦਕੋਟ,ਕੁਲਵੰਤ ਸਿੰਘ ਜਨੇਰੀਆਂ, ਸਿਕੰਦਰ ਸਿੰਘ ਅਤੇ ਸਮੂਹ ਜ਼ਿਲਾ ਤੇ ਬਲਾਕ ਸਾਦਿਕ ਵੱਲੋਂ ਸਿਰਤੋੜ ਮਿਹਨਤ ਕੀਤੀ ਗਈ ਤੇ ਆਏ ਲੋਕਾਂ ਲਈ ਅਟੁੱਟ ਲੰਗਰ ਚੱਲਦਾ ਰਿਹਾ। ਭਾਰੀ ਬਾਰਸ਼ ਹੋਣ ਦੇ ਬਾਵਜੂਦ ਵੀ ਕਿਸਾਨਾਂ ਦੇ ਜੋਸ਼ ਵਿੱਚ ਕੋਈ ਕਮੀ ਨਾ ਆਈ ਤੇ ਉਹ ਪਾਣੀ ਵਧਣ ਕਾਰਨ ਖੜ੍ਹ ਕੇ ਆਗੂਆਂ ਦੇ ਵਿਚਾਰ ਸੁਣਦੇ ਰਹੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version