Site icon Sikh Siyasat News

ਅਵਤਾਰ ਸਿੰਘ ਖੰਡਾ ਨੇ ਲਾਏ ਭਾਰਤ ਸਰਕਾਰ ਤੇ ਬਦਨਾਮ ਕਰਨ ਦੇ ਦੋਸ਼,ਬਰਤਾਨੀਆ ਨੂੰ ਦਿੱਤੇ ਡੋਜ਼ੀਅਰ ਵਿੱਚ ਸੀ ਨਾਮ

ਲੰਡਨ: ਬਰਤਾਨੀਆ ਦੇ ਦੌਰੇ ਤੇ ਗਏ ਭਾਰਤੀ ਪ੍ਰਧਾਨ ਮੰਤਰੀ ਵੱਲੋਂ ਬਰਤਾਨੀਆਂ ਸਰਕਾਰ ਨੂੰ ਸੌਂਪੇ ਗਏ ਡੋਜ਼ੀਅਰ ਵਿੱਚ ਨਾਮ ਆਉਣ ਤੇ ਲੰਡਨ ਰਹਿੰਦੇ ਸਿੱਖ ਨੌਜਵਾਨ ਅਵਤਾਰ ਸਿੰਘ ਖੰਡਾ ਨੇ ਭਾਰਤ ਸਰਕਾਰ ਤੇ ਉਨ੍ਹਾਂ ਨੂੰ ਬਦਨਾਮ ਕਰਨ ਦਾ ਦੋਸ਼ ਲਾਇਆ ਹੈ।

ਅਵਤਾਰ ਸਿੰਘ ਖੰਡਾ

ਅਵਤਾਰ ਸਿੰਘ ਖੰਡਾ ਨੇ ਆਪਣੀ ਫੇਸਬੁੱਕ ਆਈ.ਡੀ ਤੇ ਲਿਖਿਆ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਬਰਤਾਨੀਆਂ ਦੀ ਸਰਕਾਰ ਨੂੰ ਦਿੱਤੇ ਗਏ ਡੋਜ਼ੀਅਰ ਵਿੱਚ ਉਨ੍ਹਾਂ ਦਾ ਨਾਮ ਪਾਉਣਾ ਬਿਲਕੁੱਲ ਬੇਬੁਨਿਆਦ ਹੈ ਅਤੇ ਇਸ ਡੋਜ਼ੀਅਰ ਤਹਿਤ ਹੀ ਭਾਰਤੀ ਮੀਡੀਆ ਵੱਲੋਂ ਉਨ੍ਹਾਂ ਉੱਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਮੇਰੇ ਬਾਰੇ ਜੋ ਵੀ ਭਾਰਤੀ ਮੀਡੀਆ ਵਿੱਚ ਕਿਹਾ ਜਾ ਰਿਹਾ ਹੈ ਉਹ ਪੂਰਾ ਝੂਠ ਦਾ ਪੁਲੰਦਾ ਹੈ ਅਤੇ ਭਾਰਤੀ ਮੀਡੀਆ ਕਹਿ ਰਿਹਾ ਹੈ ਕਿ ਉਨ੍ਹਾਂ ਦੀ ਉਮਰ 35 ਸਾਲ ਹੈ ਪਰ ਅਸਲ ਵਿੱਚ ਉਨ੍ਹਾਂ ਦੀ ਉਮਰ 27 ਸਾਲ ਹੈ।

ਭਾਈ ਅਵਤਾਰ ਸਿੰਘ ਖੰਡਾ ਨੇ ਲਿਖਿਆ ਕਿ ਜਿਸ ਸਪਾਰਕ ਹਿੱਲ ਗੁਰਦੁਆਰਾ ਸਾਹਿਬ ਨਾਲ ਉਨ੍ਹਾਂ ਦਾ ਨਾਮ ਜੋੜਿਆ ਜਾ ਰਿਹਾ ਹੈ ਉਹ ਇੱਕ ਵਾਰ ਵੀ ਉਸ ਗੁਰੂ ਘਰ ਨਹੀਂ ਗਏ।ਅਵਤਾਰ ਸਿੰਘ ਖੰਡਾ ਨੇ ਕਿਹਾ ਕਿ ਜੇ ਅਜਿਹੀ ਕੋਈ ਗੱਲ ਹੁੰਦੀ ਜੋ ਭਾਰਤੀ ਸਰਕਾਰ ਕਹਿ ਰਹੀ ਹੈ ਤਾਂ ਯੂ.ਕੇ ਦੀ ਸੁਰੱਖਿਆ ਅਜੈਂਸੀ ਅਤੇ ਸਰਕਾਰ ਇਸ ਦਾ ਜਰੂਰ ਨੋਟਿਸ ਲੈਂਦੀ।ਉਨ੍ਹਾਂ ਕਿਹਾ ਕਿ ਜਿਹੜੀ ਭਾਰਤੀ ਸਰਕਾਰ ਆਪਣੇ ਦੇਸ਼ ਵਿੱਚ ਕਤਲ ਹੋਏ ਹਜਾਰਾਂ ਸਿੱਖਾਂ ਦੇ ਕਾਤਲਾਂ ਨੂੰ 30-32 ਸਾਲ ਵਿੱਚ ਵੀ ਸਜਾ ਨਹੀਂ ਦੇ ਸਕੀ ਉਹ ਹੁਣ ਬੇਬੁਨਿਆਦ ਅਰੋਪਾਂ ਨਾਲ ਸਿੱਖਾਂ ਦਾ ਅਕਸ ਖਰਾਬ ਕਰਨਾ ਚਾਹੁੰਦੀ ਹੈ।

ਅਵਤਾਰ ਸਿੰਘ ਖੰਡਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ(ਬਰਤਾਨੀਆ) ਦੇ ਯੂਥ ਵਿੰਗ ਦਾ ਵਾਈਸ ਪ੍ਰਧਾਨ ਹੋਣ ਦੇ ਨਾਤੇ ਸਿੱਖ ਕੌਮ ਉੱਤੇ ਹੋ ਰਹੇ ਜੁਲਮ ਨੂੰ ਲੋਕਾਂ ਤੱਕ ਲੈ ਕੇ ਜਾਣਾ ਉਨ੍ਹਾਂ ਦਾ ਫਰਜ਼ ਬਣਦਾ ਹੈ, ਜੋ ਉਹ ਨਿਭਾ ਰਹੇ ਹਨ।ਇਸ ਕਾਰਨ ਹੀ ਭਾਰਤੀ ਸਰਕਾਰ ਤੇ ਭਾਰਤੀ ਅਜੈਂਸੀਆਂ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਵੱਡੇ ਲੈਵਲ ਤੇ ਉਨ੍ਹਾਂ ਨੂੰ ਅੱਤਵਾਦੀ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਹੈ ਜਿਸ ਦਾ ਅਸਰ ਉਨ੍ਹਾਂ ਦੀ ਨਿਜੀ ਜਿੰਦਗੀ ਅਤੇ ਪਰਿਵਾਰ ਤੇ ਪਿਆ ਹੈ ਜਿਸ ਸੰਬੰਧੀ ਉਹ ਯੂ.ਕੇ ਦੇ ਸਰਕਾਰੀ ਅਦਾਰਿਆਂ ਨਾਲ ਸੰਪਰਕ ਕਰਨਗੇ ਅਤੇ ਭਾਰਤੀ ਸਰਕਾਰ ਦੇ ਝੂਠ ਨੂੰ ਨੰਗਾ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version