ਤਰਨਤਾਰਨ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਭਾਈ ਪਰਮਜੀਤ ਸਿੰਘ ਭਿਉਰਾ ਦੇ ਮਾਤਾ ਪ੍ਰੀਤਮ ਕੌਰ ਜੀ ਦੇ ਅਕਾਲ ਚਲਾਣੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅੱ ਜ ਖਾਲੜਾ ਮਿਸ਼ਨ ਦੀ ਹੋਈ ਇਕੱਤਰਤਾ ਵਿੱਚ ਮਾਤਾ ਪ੍ਰੀਤਮ ਕੌਰ ਨੂੰ ਸ਼ਰਧਾਂਜਲੀ ਦਿੱਤੀ ਗਈ।
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਜਾਰੀ ਕੀਤੇ ਗਏ ਇਕ ਬਿਆਨ ਵਿਚ ਦੱਸਿਆ ਗਿਆ ਹੈ ਕਿ ਇਸ ਇਕੱਤਰਤਾ ਵਿਚ ਬੀਬੀ ਪਰਮਜੀਤ ਕੌਰ ਖਾਲੜਾ, ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਹਰਮਨਦੀਪ ਸਿੰਘ, ਗੁਰਜੀਤ ਸਿੰਘ ਤਰਸਿੱਕਾ, ਕਿਰਪਾਲ ਸਿੰਘ ਰੰਧਾਵਾ ਅਤੇ ਸਤਵਿੰਦਰ ਸਿੰਘ ਹਾਜ਼ਰ ਸਨ।
ਮਨੁੱਖੀ ਹੱਕਾਂ ਦੀ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਜਾਲਮ ਸਰਕਾਰ ਨੇ ਜਿਉਂਦੇ ਜੀਅ ਬੀਮਾਰ ਮਾਤਾ ਪ੍ਰੀਤਮ ਕੌਰ ਨਾਲ ਭਾਈ ਪਰਮਜੀਤ ਸਿੰਘ ਭਿਉਰਾ ਦੀ ਮੁਲਾਕਾਤ ਨਹੀਂ ਹੋਣ ਦਿੱਤੀ।
ਖਾਲੜਾ ਮਿਸ਼ਨ ਦੇ ਆਗੂਆਂ ਨੇ ਕਿਹਾ ਕਿ ਹਕੂਮਤਾਂ ਵਿੱਚ ਬੈਠੇ ਲੋਕਾਂ ਅੰਦਰ ਇਨਸਾਨੀਅਤ ਦਾ ਭੋਰਾ ਭਰ ਵੀ ਅੰਸ਼ ਨਹੀਂ ਹੈ।ਉਹਨਾਂ ਕਿਹਾ ਕਿ ਹਜ਼ਾਰਾਂ ਸਿੱਖਾਂ ਦੇ ਕਾਤਲ ਜੇਲ੍ਹਾਂ ਅੰਦਰ ਜਾਣ ਦੀ ਬਜਾਏ ਬਾਹਰ ਦੰਨਾਦਨਾਉਦੇ ਫਿਰਦੇ ਹਨ ਪਰ ਭਾਈ ਭਿਉਰਾ ਨੂੰ ਬਿਮਾਰ ਮਾਤਾ ਨੂੰ ਮਿਲਣ ਬਾਰੇ ਪੇਰੋਲ ਨਹੀਂ ਦਿੱਤੀ ਗਈ।
ਉਹਨਾਂ ਕਿਹਾ ਕਿ ਭਾਈ ਪਰਮਜੀਤ ਸਿੰਘ ਭਿਉਰਾ ਵੱਲੋਂ ਸਿੱਖ ਪੰਥ ਲਈ ਕੀਤੀ ਕੁਰਬਾਨੀ ਰਹਿੰਦੀ ਦੁਨੀਆਂ ਤੱਕ ਯਾਦ ਰਹੇਗੀ।ਆਗੂਆਂ ਨੇ ਕਿਹਾ ਵਾਹਿਗੁਰੂ ਮਾਤਾ ਪ੍ਰੀਤਮ ਕੌਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।