Site icon Sikh Siyasat News

ਅਕਾਲ ਤਖਤ ਦਾ ਖੁਦਮੁਖਤਿਆਰ ਪੰਥਕ ਨਿਜ਼ਾਮ ਕਾਇਮ ਹੋਵੇ: ਪੰਥ ਸੇਵਕ ਸ਼ਖ਼ਸੀਅਤਾਂ

ਚੰਡੀਗੜ੍ਹ 11 ਜੁਲਾਈ: ਬਾਦਲ ਦਲ ਦੇ ਦੋਹਾਂ ਧੜਿਆਂ ਨੂੰ ਆਪਣੀ ਸੁਹਿਰਦਤਾ ਸਾਬਿਤ ਕਰਨ ਲਈ ਅਕਾਲ ਤਖਤ ਸਾਹਿਬ ਦੇ ਨਿਜ਼ਾਮ ਨੂੰ ਪਾਰਟੀ ਤੇ ਸ਼੍ਰੋਮਣੀ ਕਮੇਟੀ ਦੇ ਗਲਬੇ ਤੋਂ ਮੁਕਤ ਕਰਕੇ ਪੰਥਕ ਲੀਹਾ ਉੱਤੇ ਉਸਾਰਨ ਦੀ ਹਾਮੀ ਭਰਨੀ ਚਾਹੀਦੀ ਹੈ। ਇਹਨਾ ਵਿਚਾਰਾਂ ਦਾ ਪ੍ਰਗਟਾਵਾ ਪੰਥ ਸੇਵਕ ਸਖਸ਼ੀਅਤਾਂ ਨੇ ਆਪਸੀ ਵਿਚਾਰ ਵਟਾਂਦਰੇ ਤੋਂ ਬਾਅਦ ਕੀਤਾ ਹੈ।

ਅੱਜ ਜਾਰੀ ਇਕ ਲਿਖਤੀ ਬਿਆਨ ਵਿਚ ਪੰਥ ਸੇਵਕਾਂ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸੁਖਦੇਵ ਸਿੰਘ ਡੋਡ ਨੇ ਕਿਹਾ ਕਿ ਸਿੱਖ ਵੋਟ ਰਾਜਨੀਤੀ ਵਿਚ ਪ੍ਰਮੁੱਖਤਾ ਰੱਖਣ ਵਾਲੀ ਪਾਰਟੀ ‘ਬਾਦਲ ਦਲ’ ਵੱਲੋਂ ਬੀਤੇ ਲੰਮੇ ਸਮੇਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਾਖ ਤੇ ਇਸ ਨਾਲ ਜੁੜੀ ਜਥੇਦਾਰੀ ਨਿਜ਼ਾਮ ਦੀ ਪਦ-ਪਦਵੀ ਦੀ ਆਪਣੇ ਸਿਆਸੀ ਮੁਫਾਦਾਂ ਲਈ ਵਰਤੋਂ ਕੀਤੀ ਜਾ ਰਹੀ ਸੀ। ਇਸ ਗੈਰ-ਸਿਧਾਂਤਕ ਵਰਤਾਰੇ ਦੀ ਸਿਖਰ ਉਸ ਵੇਲੇ ਹੋਈ ਸ਼੍ਰੋਮਣੀ ਕਮੇਟੀ ਰਾਹੀਂ ਬਾਦਲਾਂ ਵੱਲੋਂ ਲਗਾਏ ਗਏ ਜਥੇਦਾਰਾਂ ਨੇ ਸੌਦਾ ਸਾਧ ਨੂੰ ਬਿਨਾ ਮੰਗੀ ਮਾਫੀ ਦੇ ਦਿੱਤੀ। ਇਹ ਅਜਿਹੀ ਬੱਜਰ ਗਲਤੀ ਸੀ ਜਿਸ ਨਾਲ ਤਖਤ ਸਾਹਿਬ ਦੀ ਸਿੱਖਾਂ ਵਿਚਲੀ ਸਾਖ ਨੂੰ ਵੀ ਢਾਹ ਲੱਗੀ। ਬਾਦਲ ਦਲ ਦੀ ਮੌਜੂਦਾ ਹਾਸ਼ੀਆਗ੍ਰਸਤ ਹਾਲਤ ਦਾ ਕਾਰਨ ਅਜਿਹੇ ਗੈਰ-ਸਿਧਾਂਤਕ ਫੈਸਲੇ ਹਨ ਜਿਸ ਵਾਸਤੇ ਇਸ ਪਾਰਟੀ ਦੀ ਸਮੁੱਚੀ ਲੀਡਰਸ਼ਿੱਪ ਖੁਦ ਹੀ ਜ਼ਿੰਮੇਵਾਰ ਹੈ।

ਖੱਬਿਓਂ-ਸਜੇ: ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਨਾਰਾਇਣ ਸਿੰਘ, ਭਾਈ ਦਲਜੀਤ ਸਿੰਘ, ਭਾਈ ਭੁਪਿੰਦਰ ਸਿੰਘ ਭਲਵਾਨ ਅਤੇ ਭਾਈ ਸਤਨਾਮ ਸਿੰਘ ਖੰਡੇਵਾਲਾ

ਉਹਨਾ ਕਿਹਾ ਕਿ ਮੌਜੁਦਾ ਸਮੇਂ ਵਿਚ ਇਸ ਪਾਰਟੀ ਦੇ ਵੱਖ-ਵੱਖ ਹਿੱਸੇ ਆਪਣੀ ਸਾਖ ਬਹਾਲੀ ਦੇ ਜੋ ਯਤਨ ਕਰ ਰਹੇ ਹਨ ਉਹ ਸੁਹਿਰਦਤਾ ਤੋਂ ਸੱਖਣੇ ਹਨ ਕਿਉਂਕਿ ਦੋਹਾਂ ਧੜਿਆਂ ਵੱਲੋਂ ਹੀ ਖਾਲਸਾ ਪੰਥ ਦੀਆਂ ਸਿਰਮੌਰ ਸੰਸਥਾਵਾਂ ਜਿਵੇਂ ਕਿ ਅਕਾਲ ਤਖਤ ਸਾਹਿਬ ਤੇ ਤਖਤ ਸਾਹਿਬ ਦੀ ਸੇਵਾ ਸੰਭਾਲ ਵਿਚ ਸਾਂਝੀ ਅਗਵਾਈ (ਪੰਚ ਪ੍ਰਧਾਨੀ) ਅਤੇ ਸਾਂਝੇ ਫੈਸਲਿਆਂ ਲਈ ਗੁਰਮਤੇ ਦੀ ਬਹਾਲੀ ਬਾਰੇ ਕੋਈ ਵੀ ਗੱਲ ਨਹੀਂ ਕੀਤੀ ਜਾ ਰਹੀ। ਇੰਝ ਲੱਗਦਾ ਹੈ ਕਿ ਦੋਵਾਂ ਧੜਿਆਂ ਵਿਚ ਸਿਰਫ ਖੁਦ ਨੂੰ ਪ੍ਰਮੁੱਖ ਹਿੱਸਾ ਵਿਖਾਉਣ ਦੀ ਹੀ ਦੌੜ ਲੱਗੀ ਹੈ। ਉਹਨਾ ਕਿਹਾ ਕਿ ਹੁਣ ਅਜਿਹੀਆਂ ਚਾਲਾਂ ਤੋਂ ਸੰਗਤ ਸੁਚੇਤ ਹੈ ਸੋ ਇਹ ਯਤਨ ਨਿਰਾਰਥਕ ਹਨ।

ਮੌਜੂਦਾ ਹਾਲਤ ਵਿਚ ਇੰਡੀਅਨ ਸਟੇਟ ਦੀ ਭੂਮਿਕਾ ਬਾਰੇ ਉਚੇਚਾ ਜ਼ਿਕਰ ਕਰਦਿਆਂ ਪੰਥ ਸੇਵਕਾਂ ਨੇ ਕਿਹਾ ਕਿ ਦਿੱਲੀ ਦਰਬਾਰ ਇਸ ਵੇਲੇ ਸਿੱਖ ਸੰਸਥਾਵਾਂ ਤੇ ਅਦਾਰਿਆਂ ਸਮੇਤ ਸਿੱਖ ਵੋਟ ਰਾਜਨੀਤੀ ਵਿਚਲੀ ਪਾਟੋਧਾੜ ਤੇ ਅੰਦਰੂਨੀ ਕਲੇਸ਼ ਨੂੰ ਜ਼ੋਰਾਂ ਨਾਲ ਵਧਾ ਰਿਹਾ ਹੈ। ਅਜਿਹਾ ਕਰਕੇ ਸਟੇਟ ਤਖਤ ਸਾਹਿਬਾਨ ਦੇ ਨਿਜ਼ਾਮ ਨੂੰ ਆਪਣੇ ਸਿੱਧੇ ਪ੍ਰਭਾਵ ਹੇਠ ਕਰਨ ਦੇ ਯਤਨ ਵਿਚ ਹੈ। ਇਸ ਲਈ ਇਸ ਮੌਕੇ ਅਕਾਲ ਤਖਤ ਸਾਹਿਬ ਉੱਤੇ ਗੁਰਮਤਿ ਅਤੇ ਪੰਥਕ ਰਿਵਾਇਤ ਅਨੁਸਾਰ ਪੰਚ ਪ੍ਰਧਾਨੀ ਪ੍ਰਣਾਲੀ ਅਤੇ ਗੁਰਮਤਾ ਵਿਧੀ ਵਾਲਾ ਪੰਥਕ ਨਿਜ਼ਾਮ ਕਾਇਮ ਕਰਨਾ ਬੇਹੱਦ ਜਰੂਰੀ ਹੈ। ਅਕਾਲ ਤਖਤ ਸਾਹਿਬ ਦੇ ਨਿਜ਼ਾਮ ਨੂੰ ਬਾਦਲ ਦਲ ਤੇ ਸ਼੍ਰੋਮਣੀ ਕਮੇਟੀ ਸਮੇਤ ਕਿਸੇ ਵੀ ਵੋਟ ਰਾਜਨੀਤਕ ਧਿਰ ਦੇ ਦਖਲ ਤੋਂ ਮੁਕਤ ਕਰਵਾ ਕੇ ਹੀ ਮੌਜੂਦਾ ਹਾਲਾਤ ਨੂੰ ਸਹੀ ਦਿਸ਼ਾ ਦੇਣ ਲਈ ਇਕ ਭਰੋਸੇਯੋਗ ਤੇ ਕਾਰਗਰ ਧੁਰੇ ਵਜੋਂ ਕਾਰਜਸ਼ੀਲ ਕੀਤਾ ਜਾ ਸਕਦਾ ਹੈ।

⊕ ਪੰਥ ਸੇਵਕ ਜੁਝਾਰੂ ਸਖਸ਼ੀਅਤਾਂ ਵਲੋਂ ਜਾਰੀ ਕੀਤੇ ਗਏ ਬਿਆਨ ਦੀ ਪੀ.ਡੀ.ਐਫ ਹਾਸਿਲ ਕਰੋ.

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version