Site icon Sikh Siyasat News

ਸਿੱਖਾਂ ਦੀ ਅਜ਼ਾਦੀ ਨਾਲ ਸਬੰਧਿਤ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਤੋਂ ਨਹੀਂ ਝਿਜਕਾਂਗਾ: ਜਗਮੀਤ ਸਿੰਘ ਐਨ.ਡੀ.ਪੀ

ਸਰਦਾਰ ਜਗਮੀਤ ਸਿੰਘ

ਚੰਡੀਗੜ੍ਹ: ਕੈਨੇਡਾ ਦੀ ਫੈਡਰਲ ਪਾਰਟੀ ਐਨ.ਡੀ.ਪੀ ਦੇ ਆਗੂ ਜਗਮੀਤ ਸਿੰਘ ਨੇ ਕਿਹਾ ਹੈ ਕਿ ਉਹ ਸਿੱਖਾਂ ਦੀ ਅਜ਼ਾਦੀ ਨਾਲ ਸਬੰਧਿਤ ਸਮਾਗਮਾਂ ਵਿਚ ਸ਼ਮੂਲੀਅਤ ਕਰਦੇ ਰਹੇ ਹਨ ਅਤੇ ਅੱਗੇ ਵੀ ਸ਼ਮੂਲੀਅਤ ਕਰਨ ਤੋਂ ਨਹੀਂ ਝਿਜਕਣਗੇ। ਉਨ੍ਹਾਂ ਕਿਹਾ ਕਿ ਖੁਦ ਸਿੱਖ ਹੋਣ ਨਾਤੇ ਉਹ ਸਿੱਖ ਭਾਈਚਾਰੇ ਨਾਲ ਹੋਏ ਵਿਤਕਰਿਆਂ ਅਤੇ ਧੱਕਿਆਂ ਨੂੰ ਨਿਜੀ ਤੌਰ ‘ਤੇ ਮਹਿਸੂਸ ਕਰਦੇ ਹਨ ਤੇ ਅਜਿਹੇ ਸਮਾਗਮਾਂ ਵਿਚ ਬੋਲਣ ਦੇ ਆਏ ਸੱਦੇ ਨੂੰ ਉਹ ਉਸ ਦਰਦ ਤੋਂ ਬਾਹਰ ਨਿਕਲਣ ਦੇ ਆਪਣੇ ਨਿਜੀ ਤਜਰਬੇ ਨੂੰ ਸਾਂਝਾ ਕਰਨ ਦਾ ਮੌਕਾ ਸਮਝਦੇ ਹਨ।

ਕੈਨੇਡੀਅਨ ਮੀਡੀਆ ਦੇ ਅਦਾਰੇ ਸੀਟੀਵੀ ਨਾਲ ਇਕ ਇੰਟਰਵਿਊ ਦੌਰਾਨ ਜਗਮੀਤ ਸਿੰਘ ਨੇ ਇਹ ਵਿਚਾਰ ਸਾਂਝੇ ਕੀਤੇ। ਜਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਸਿੱਖ ਸੰਘਰਸ਼ ਦੇ ਹਵਾਲੇ ਨਾਲ ਕੈਨੇਡੀਅਨ ਮੀਡੀਆ ਵਲੋਂ ਜਗਮੀਤ ਸਿੰਘ ‘ਤੇ ਸਵਾਲ ਚੁੱਕੇ ਜਾ ਰਹੇ ਹਨ, ਜਿਹਨਾਂ ਦਾ ਜਗਮੀਤ ਸਿੰਘ ਨੇ ਬੜੀ ਦਲੇਰੀ ਨਾਲ ਆਪਣੇ ਪੁਰਾਣੇ ਪੱਖ ‘ਤੇ ਖੜਦਿਆਂ ਜਵਾਬ ਦਿੱਤਾ ਹੈ।

ਇੰਟਰਵਿਊ ਦੌਰਾਨ ਸਿੱਖ ਅਜ਼ਾਦੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਜਗਮੀਤ ਸਿੰਘ ਨੇ ਕਿਹਾ, “ਮੈਂ ਮੰਨਦਾ ਹਾਂ ਕਿ ਮੈਂ ਇਸ ਗੱਲ ਦਾ ਫੈਂਸਲਾ ਕਰਨ ਵਾਲੀ ਥਾਂ ‘ਤੇ ਨਹੀਂ ਹਾਂ। ਮੈਂ ਮੰਨਦਾ ਹਾਂ ਕਿ ਲੋਕਾਂ ਨੂੰ ਇਸ ਬਾਰੇ ਗੱਲ ਕਰਨ ਦੀ ਅਜ਼ਾਦੀ ਹੋਣੀ ਚਾਹੀਦੀ ਹੈ।” ਉਹਨਾਂ ਕਿਹਾ ਕਿ ਸਿੱਖ ਅਜ਼ਾਦੀ ਬਾਰੇ ਸ਼ਾਂਤੀਪੂਰਵਕ ਅਤੇ ਲੋਕਤੰਤਰੀ ਤਰੀਕੇ ਨਾਲ ਗੱਲ ਕਰਨ ਦੇ ਹੱਕ ਦਾ ਉਹ ਸਮਰਥਨ ਕਰਦੇ ਹਨ।

ਸਬੰਧਿਤ ਖਬਰ:  ਸਿੱਖ ਸੰਘਰਸ਼ ਦੇ ਹਵਾਲੇ ਨਾਲ ਕੈਨੇਡੀਅਨ ਮੀਡੀਆ ਨੇ ਜਗਮੀਤ ਸਿੰਘ ‘ਤੇ ਸਵਾਲ ਚੁੱਕੇ;ਜਗਮੀਤ ਨੇ ਦਿੱਤਾ ਠੋਸ ਜਵਾਬ

ਜਿਕਰਯੋਗ ਹੈ ਕਿ ਕੈਨੇਡਾ ਵਿਚ ਕਿਊਬਕ ਖਿੱਤੇ ਦੇ ਲੋਕਾਂ ਨੂੰ ਕੈਨੇਡਾ ਸਰਕਾਰ ਵਲੋਂ ਖੁਦ ਸਵੈ-ਨਿਰਣੇ ਦਾ ਹੱਕ ਦਿੱਤਾ ਗਿਆ। ਪਰ ਕੈਨੇਡੀਅਨ ਮੀਡੀਆ ਦੇ ਇਕ ਹਿੱਸੇ ਦਾ ਸਿੱਖਾਂ ਦੇ ਸਵੈ-ਨਿਰਣੇ ਦੇ ਹੱਕ ਪ੍ਰਤੀ ਇਹ ਨਕਾਰਾਤਮਕ ਵਤੀਰਾ ਉਸ ਗੱਲ ਨੂੰ ਪੁਖਤਾ ਕਰਨ ਵੱਲ ਇਸ਼ਾਰਾ ਕਰਦਾ ਹੈ ਕਿ ਕੈਨੇਡੀਅਨ ਮੀਡੀਆ ਵਿਚ ਭਾਰਤੀ ਅਜੈਂਸੀਆਂ ਦੀ ਡੂੰਘੀ ਦਖਲਅੰਦਾਜ਼ੀ ਹੈ।

ਭਾਰਤ ਵਿਚ ਸਿੱਖਾਂ ਦੇ ਕਤਲੇਆਮ ਤੋਂ ਬਾਅਦ ਵਿਦੇਸ਼ਾਂ ਵਿਚ ਗਏ ਸਿੱਖਾਂ ਨੇ ਇਸ ਨੂੰ ਇਕ ਚੁਣੌਤੀ ਮੰਨਦਿਆਂ ਜਿਸ ਤਰ੍ਹਾਂ ਮਿਹਨਤ ਅਤੇ ਸਲੀਕੇ ਨਾਲ ਉੱਚ ਕੂਟਨੀਤਕ ਅਹੁਦੇ ਹਾਸਿਲ ਕੀਤੇ ਹਨ ਉਹ ਹੁਣ ਭਾਰਤ ਵਿਚ ਕਈ ਅੱਖਾਂ ਵਿਚ ਰੜਕ ਪਾ ਰਹੇ ਹਨ ਅਤੇ ਭਾਰਤ ਵਲੋਂ ਸਰਕਾਰੀ ਪੱਧਰ ‘ਤੇ ਵਿਦੇਸ਼ਾਂ ਦੇ ਸਿੱਖ ਆਗੂਆਂ ਅਤੇ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਕੂਟਨੀਤਕ ਚਾਲਾਂ ਚੱਲੀਆਂ ਜਾ ਰਹੀਆਂ ਹਨ, ਜਿਸ ਨੂੰ ਜਸਟਿਨ ਟਰੂਡੋ ਦੀ ਭਾਰਤ ਫੇਰੀ ਮੌਕੇ ਵੀ ਦੁਨੀਆ ਵਲੋਂ ਖੁੱਲੀਆਂ ਅੱਖਾਂ ਨਾਲ ਦੇਖਿਆ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version