ਚੰਡੀਗੜ੍ਹ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ “ਗੁਰਾਂ ਦੇ ਨਾਮ ‘ਤੇ ਵੱਸਦਾ ਪੰਜਾਬ-ਮੰਗਦਾ ਜੁਲਮਾਂ ਦਾ ਹਿਸਾਬ” ਵਾਲਾ ਸੁਨੇਹਾ ਘਰ-ਘਰ ਪਹੁੰਚਾਉਣ ਲਈ ਅੱਜ ਤਰਸਿੱਕਾ ਵਿਖੇ ਜ਼ੁਲਮ ਵਿਰੋਧੀ ਕਾਨਫਰੰਸ ਕੀਤੀ ਗਈ। ਜਿਸ ਵਿੱਚ ਸੰਗਤਾਂ ਦੇ ਇਕੱਠ ਨੇ ਪਾਸ ਮਤੇ ਵਿੱਚ ਮੰਗ ਕੀਤੀ ਕਿ 31 ਹਜ਼ਾਰ ਕਰੋੜ ਰੁਪਏ ਦੇ ਅਨਾਜ ਘੋਟਾਲੇ ਦੀ ਅਤੇ ਬਾਦਲ-ਭਾਜਪਾ ਮੰਤਰੀ ਮੰਡਲ ਦੀਆਂ ਜਾਇਦਾਦਾਂ ਦੀ ਨਿਰਪੱਖ ਪੜਤਾਲ ਸੁਪਰੀਮ ਕੌਰਟ ਦੀ ਨਿਗਰਾਨੀ ਹੇਠਾਂ ਹੋਵੇ। ਜ਼ੁਲਮ ਵਿਰੋਧੀ ਕਾਨਫਰੰਸ ਨੇ ਧਰਮ ਯੁੱਧ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਬਾਦਲ ਨੇ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੀ ਯੋਜਨਾਬੰਦੀ ਵਿੱਚ ਸ਼ਾਮਿਲ ਹੋ ਕੇ ਸਿੱਖ ਪੰਥ ਨਾਲ ਧ੍ਰੋਹ ਕਮਾਇਆ ਹੈ ਅਤੇ ਕੇ.ਪੀ.ਐਸ. ਗਿੱਲ ਨਾਲ ਗੁਪਤ ਮੁਲਾਕਾਤਾਂ ਕਰਕੇ ਸਿੱਖ ਜਵਾਨੀ ਨੂੰ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕਰਵਾਉਣ ਦਾ ਨਾ ਮੁਆਫੀ ਯੋਗ ਅਪਰਾਧ ਕੀਤਾ ਹੈ।
ਇਕੱਠ ਮਹਿਸੂਸ ਕਰਦਾ ਹੈ ਕਿ ਇਸੇ ਕਾਰਨ ਅਕਾਲ ਤਖ਼ਤ ਸਾਹਿਬ ‘ਤੇ ਫੌਜੀ ਹਮਲੇ ਅਤੇ ਝੂਠੇ ਮੁਕਾਬਲਿਆਂ ਦੀ ਪੜਤਾਲ ਨਹੀਂ ਹੋਈ ਅਤੇ ਇੱਕ ਵੀ ਦੋਸ਼ੀ ਕਾਨੂੰਨ ਦੀ ਗ੍ਰਿਫਤ ਨਹੀਂ ਆਇਆ। ਅੰਨ੍ਹੀ-ਬੋਲੀ ਮੌਜੂਦਾ ਸਰਕਾਰ ਦੇ ਰਾਜ ਅੰਦਰ ਜਵਾਨੀ ਦਾ ਨਸ਼ਿਆਂ ਵਿੱਚ ਘਾਣ ਹੋਇਆ ਅਤੇ ਕਿਸਾਨੀ ਰੋਜ਼ਾਨਾ ਖੁਦਕੁਸ਼ੀਆਂ ਦੇ ਰਾਹ ਪੈ ਗਈ। ਸੰਗਤ ਵੱਲੋਂ ਪਾਸ ਮਤੇ ਵਿੱਚ ਕਿਹਾ ਗਿਆ ਕਿ ਪੰਜਾਬ ਅੰਦਰ 31 ਹਜ਼ਾਰ ਕਰੋੜ ਰੁਪਏ ਦਾ ਅਨਾਜ ਘੋਟਾਲਾ ਹੋਇਆ ਹੈ, ਪਰਲ ਗਰੁੱਪ ਨੇ 49 ਹਜ਼ਾਰ ਕਰੋੜ ਰੁਪਏ ਦੀ ਠੱਗੀ ਮਾਰ ਲਈ। ਮੋਦੀ ਸਰਕਾਰ ਨੇ 1.14 ਲੱਖ ਕਰੋੜ ਰੁਪਏ ਕਾਰਪੋਰੇਟ ਘਰਾਨਿਆਂ ਦੇ ਮੁਆਫ ਕਰ ਦਿੱਤੇ ਪਰ ਕਿਸਾਨ ਦਾ ਕਰਜ਼ਾ ਮੁਆਫ ਨਹੀਂ ਹੋਇਆ।
ਜ਼ੁਲਮ ਵਿਰੋਧੀ ਕਾਨਫਰੰਸ ਨੇ ਬਾਦਲਕਿਆਂ ਦੇ ਸਮਾਜਿਕ ਬਾਈਕਾਟ ਦੀ ਸਿੱਖ ਪੰਥ ਨੂੰ ਅਪੀਲ ਕਰਦਿਆਂ ਕਿਹਾ ਕਿ ਵਰਣ ਆਸ਼ਰਮ ਦੇ ਪੈਰੋਕਾਰਾਂ ਨੇ ਸਿੱਖੀ ਨਾਲ 5 ਸਦੀਆਂ ਪੁਰਾਣਾ ਵੈਰ ਕੱਢਣ ਲਈ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਕੀਤਾ ਹੈ ਅਤੇ ਬਾਦਲ ਰਾਜ ਭਾਗ ਦੀ ਖਾਤਿਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਨੂੰ ਸ਼ਹੀਦ ਕਰਾਉਣ ਲਈ ਯੋਜਨਾਬੰਦੀ ਵਿੱਚ ਸ਼ਾਮਿਲ ਹੋਇਆ। ਇਕੱਠ ਨੇ ਪਾਸ ਮਤੇ ਵਿੱਚ ਕਿਹਾ ਕਿ ਭਾਈ ਜੋਗਾ ਸਿੰਘ ਖਾਲਿਸਤਾਨੀ ਦੇ ਕਤਲ, 22 ਸਤੰਬਰ ਨੂੰ ਫਰੀਦਕੋਟ ਵਿਖੇ ਚਾਰ ਜੀਆਂ ਦੀ ਖੁਦਕੁਸ਼ੀ, ਬੀਤੇ ਦਿਨੀਂ ਮਾਨਸਾ ਵਿਖੇ ਸੁਖਚੈਨ ਸਿੰਘ ਦੇ ਕਤਲ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਅੰਦਰ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ।
ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਪਰਮਜੀਤ ਕੌਰ ਖਾਲੜਾ ਤੇ ਵਿਰਸਾ ਸਿੰਘ ਬਹਿਲਾ ਨੇ ਕਿਹਾ ਕਿ ਆਉਂਦੀਆਂ ਚੋਣਾਂ ਵਿੱਚ ਸਿੱਖ ਪੰਥ ਦਾ ਮੁੱਖ ਏਜੰਡਾ ਜ਼ੁਲਮਾਂ ਦਾ ਹਿਸਾਬ ਮੰਗਣਾ ਹੈ ਅਤੇ ਜਿਹੜੇ ਹੱਥ ਖੂਨ ਨਾਲ ਰੰਗੇ ਹਨ ਉਨ੍ਹਾਂ ਦਾ ਵੱਢਣਾ ਜ਼ਰੂਰੀ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਸੰਘਰਸ਼ ਕਰਨ ਤੋਂ ਬਿਨ੍ਹਾਂ ਗੁਰੂ ਸਾਹਿਬਾਨਾਂ ਦੀ ਵਿਚਾਰਾਂ ‘ਤੇ ਅਮਲ ਨਹੀਂ ਕੀਤਾ ਜਾ ਸਕਦਾ। ਸਤਵਿੰਦਰ ਸਿੰਘ ਪਲਾਸੌਰ, ਹਰਮਨਦੀਪ ਸਿੰਘ ਸਰਹਾਲੀ, ਭਾਈ ਗੁਰਜੀਤ ਸਿੰਘ ਤਰਸਿੱਕਾ ਨੇ ਕਿਹਾ ਕਿ ਬਾਦਲ ਨੂੰ 1 ਮਿੰਟ ਵੀ ਰਾਜ ਭਾਗ ਵਿੱਚ ਬਹਿਣ ਦਾ ਹੱਕ ਨਹੀਂ ਹੈ ਕਿੳਂੁਕਿ ਰਾਜ ਨਹੀਂ ਸੇਵਾ ਦੇ ਨਾਮ ‘ਤੇ ਪੰਜਾਬ ਨੂੰ ਉਜਾੜਣ ਤੋਂ ਬਿਨ੍ਹਾਂ ਕੁੱਝ ਨਹੀਂ ਕੀਤਾ। ਉਨ੍ਹਾਂ ਆਰ.ਐਸ.ਐਸ. ਦੀਆਂ ਮਨੁੱਖਤਾ ਵਿਰੋਧੀ ਸਰਗਰਮੀਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ।
ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਬਾਬਾ ਪ੍ਰੀਤਮ ਸਿੰਘ ਡੇਰਾ ਭਗਤਾਂ, ਬਾਬਾ ਗੁਰਦੇਵ ਸਿੰਘ, ਸਿਮਰਨਜੀਤ ਸਿੰਘ ਮਾਂਗਟ, ਭਾਈ ਜਰਨੈਲ ਸਿੰਘ ਕਥਾਵਾਚਕ, ਆਤਮਾ ਸਿੰਘ ਤਰਸਿੱਕਾ, ਮੰਗਲ ਸਿੰਘ ਡੇਰੀਵਾਲ, ਤਰਸੇਮ ਸਿੰਘ ਤਾਰਪੁਰਾ, ਮੰਗਲ ਸਿੰਘ ਕੋਟ ਹਯਾਤ, ਸ਼ਿੰਦਰ ਕੌਰ ਡੇਰੀਵਾਲ, ਬਲਵਿੰਦਰ ਕੌਰ ਡੇਰੀਵਾਲ, ਪਰਮਜੀਤ ਕੌਰ ਡੇਰੀਵਾਲ, ਸੁਖਬੀਰ ਕੌਰ ਡੇਰੀਵਾਲ, ਬਲਵਿੰਦਰ ਕੌਰ ਤਰਸਿੱਕਾ, ਜਸਬੀਰ ਕੌਰ ਤਰਸਿੱਕਾ, ਗੁਰਜੀਤ ਕੌਰ ਤਰਸਿੱਕਾ, ਮਾਤਾ ਸੁਖਵਿੰਦਰ ਕੌਰ ਤਰਸਿੱਕਾ, ਸ਼ਿੰਦਰ ਕੌਰ ਕਾਹਨਪੁਰਾ, ਕਸ਼ਮੀਰ ਕੌਰ ਮੋਗਾ, ਬੀਬੀ ਸੁਖਵਿੰਦਰ ਕੌਰ, ਰਣਜੀਤ ਕੋਰ ਤਰਸਿੱਕਾ, ਮਹਿੰਦਰ ਕੌਰ ਤਰਸਿੱਕਾ ਅਤੇ ਹਰਜਿੰਦਰ ਕੌਰ ਆਦਿ ਨੇ ਹਾਜ਼ਰੀ ਭਰੀ। ਆਖਿਰ ਵਿੱਚ ਸਿੱਖ ਸੰਗਤਾਂ ਨੂੰ 3 ਨਵੰਬਰ ਨੂੰ ਅਕਾਲ ਤਖਤ ਸਾਹਿਬ ‘ਤੇ ਪੁੱਜਣ ਦੀ ਅਪੀਲ ਕੀਤੀ ਗਈ।