ਸੰਗਰੂਰ: ਥਾਣਾ ਖਨੌਰੀ ਪੁਲਿਸ ਨੇ ਪੁਰਾਣੀ ਕਰੰਸੀ ਦੀ ਥਾਂ ਨਵੀਂ ਕਰੰਸੀ ਬਦਲਣ ਆਏ ਵਿਅਕਤੀਆਂ ਨੂੰ ਫਿਲਮੀ ਅੰਦਾਜ਼ ਵਿੱਚ ਲੁੱਟਣ ਦੀ ਯੋਜਨਾ ਦੇ ਮਾਮਲੇ ਵਿੱਚ ਆਬਕਾਰੀ ਯੂਨਿਟ ਸੰਗਰੂਰ ਵਿੱਚ ਤਾਇਨਾਤ ਇੱਕ ਥਾਣੇਦਾਰ ਸਮੇਤ ਅੱਠ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿੱਚ ਥਾਣਾ ਖਨੌਰੀ ਦੇ ਦੋ ਹੌਲਦਾਰ ਵੀ ਸ਼ਾਮਿਲ ਹਨ। ਡੀ.ਐਸ.ਪੀ. ਮੂਨਕ ਅਜੇਪਾਲ ਸਿੰਘ ਨੇ ਦੱਸਿਆ ਕਿ ਐਸ.ਐਚ.ਓ. ਖਨੌਰੀ ਇੰਸਪੈਕਟਰ ਗੁਰਪ੍ਰਤਾਪ ਸਿੰਘ ਨੂੰ ਮੁਖ਼ਬਰ ਤੋਂ ਇਤਲਾਹ ਮਿਲੀ ਸੀ ਕਿ ਰਾਜਵੀਰ ਸਿੰਘ ਵਾਸੀ ਪਿੰਡ ਬੱਦੋਵਾਲ ਧਰਮਗੜ੍ਹ ਥਾਣਾ ਸਦਰ ਨਰਵਾਣਾ ਜ਼ਿਲ੍ਹਾ ਜੀਂਦ (ਹਰਿਆਣਾ), ਜੋ ਹਰਿਆਣਾ ਪੁਲਿਸ ਵਿੱਚ ਮੁਲਾਜ਼ਮ ਹੈ ਅਤੇ ਵਿਜੀਲੈਂਸ ਯੂਨਿਟ ਜੀਂਦ ਵਿੱਚ ਨੌਕਰੀ ਕਰਦਾ ਹੈ, ਇਓਨ ਗੱਡੀ ਨੰਬਰ ਐਚ.ਆਰ. 32 ਐਚ 5544 ਵਿੱਚ ਲੱਖਾਂ ਰੁਪਏ ਦੇ ਨਵੀਂ ਕਰੰਸੀ ਦੇ ਨੋਟ ਲੈ ਕੇ ਆ ਰਿਹਾ ਸੀ।
ਇਸ ਗੱਡੀ ਨੂੰ ਕਰਮਰਾਜ ਵਾਸੀ ਬੜੌਦੀ ਥਾਣਾ ਸਦਰ ਜੀਂਦ ਹਰਿਆਣਾ ਚਲਾ ਰਿਹਾ ਸੀ। ਉਹ ਕਿਸੇ ਬੈਂਕ ਮੈਨੇਜਰ ਦੀ ਮਿਲੀਭੁਗਤ ਨਾਲ ਇਹ ਨਵੀਂ ਕਰੰਸੀ ਦੇ ਨੋਟ ਪੁਰਾਣੀ ਕਰੰਸੀ ਨਾਲ ਬਦਲਣ ਲਈ ਪੰਜਾਬ ਲੈ ਕੇ ਆ ਰਹੇ ਸਨ। ਉਧਰ ਪੰਜਾਬ ਵਿੱਚੋਂ ਰਾਜਵੀਰ ਸਿੰਘ ਵਾਰਡ ਨੰਬਰ 5 ਪਾਤੜਾਂ, ਸੁਖਨਾਮ ਸਿੰਘ ਵਾਸੀ ਤੰਬੂਵਾਲਾ ਥਾਣਾ ਪਾਤੜਾਂ, ਚਮਕੌਰ ਸਿੰਘ ਵਾਸੀ ਲਾਡਵੰਜਾਰਾ ਕਲਾਂ ਥਾਣਾ ਦਿੜ੍ਹਬਾ ਜ਼ਿਲ੍ਹਾ ਸੰਗਰੂਰ ਅਤੇ ਰਾਮਪਾਲ ਵਾਸੀ ਪਾਵਰ ਕਲੋਨੀ ਪਾਤੜਾਂ, ਜੋ ਕਿ ਗੱਡੀ ਨੰਬਰ ਪੀ.ਬੀ. 11 ਬੀ.ਐਮ. 0764 ਮਾਰਕਾ ਹੌਂਡਾ ਸਿਟੀ ’ਤੇ ਸਵਾਰ ਸਨ, ਪੁਰਾਣੀ ਕਰੰਸੀ ਦੇ 500 ਅਤੇ 1000 ਦੇ ਨੋਟ ਲੈ ਕੇ ਆ ਰਹੇ ਸਨ। ਉਨ੍ਹਾਂ ਨਾਲ ਉਸ ਨੇ ਨਹਿਰੀ ਵਿਸ਼ਰਾਮ ਘਰ ਖਨੌਰੀ ਵਿੱਚ ਨੋਟ ਬਦਲਣੇ ਸਨ।
ਉਨ੍ਹਾਂ ਦੱਸਿਆ ਕਿ ਰਾਜਵੀਰ ਸਿੰਘ ਪਾਤੜਾਂ ਦੀ ਪਾਰਟੀ ਨੇ ਪੁਰਾਣੇ ਨੋਟਾਂ ਦੀ ਕਰੰਸੀ ਦਾ ਇੱਕ-ਇੱਕ ਨੋਟ ਉੱਪਰ ਅਤੇ ਇੱਕ-ਇੱਕ ਨੋਟ ਹੇਠਾਂ ਲਗਾ ਕੇ ਧੋਖਾ ਦੇਣ ਲਈ ਨਕਲੀ ਬੰਡਲ ਤਿਆਰ ਕੀਤੇ ਹੋਏ ਸਨ। ਉਨ੍ਹਾਂ ਨੇ ਥਾਣਾ ਖਨੌਰੀ ਵਿੱਚ ਤਾਇਨਾਤ ਹੌਲਦਾਰ ਜਗਮੇਲ ਸਿੰਘ ਅਤੇ ਹੌਲਦਾਰ ਮਹਿੰਦਰ ਸਿੰਘ ਸਮੇਤ ਆਬਕਾਰੀ ਵਿਭਾਗ ਦੇ ਸੰਗਰੂਰ ਯੂਨਿਟ ਵਿੱਚ ਤਾਇਨਾਤ ਸਹਾਇਕ ਥਾਣੇਦਾਰ ਬਲਬੀਰ ਸਿੰਘ ਨਾਲ ਮਿਲੀਭੁਗਤ ਕਰ ਕੇ ਯੋਜਨਾ ਬਣਾਈ ਸੀ ਕਿ ਜਦੋਂ ਨਵੀਂ ਕਰੰਸੀ ਲਿਆ ਰਹੇ ਰਾਜਵੀਰ ਆਦਿ ਨਾਲ ਪੈਸੇ ਬਦਲਣ ਲੱਗਣਗੇ ਤਾਂ ਇਹ ਮੌਕੇ ’ਤੇ ਜਾਅਲੀ ਛਾਪਾ ਮਾਰਨ।
ਉਹ ਉਨ੍ਹਾਂ ਕੋਲੋਂ ਪੁਰਾਣੇ ਨੋਟਾਂ ਵਾਲਾ ਤੇ ਰਾਜਵੀਰ ਕੋਲੋਂ ਨਵੀਂ ਕਰੰਸੀ ਵਾਲਾ ਬੈਗ ਲੈ ਲੈਣ ਅਤੇ ਮਗਰੋਂ ਉਹ ਰਲ ਕੇ ਇਹ ਪੈਸੇ ਵੰਡ ਲੈਣਗੇ। ਇਤਲਾਹ ਪੱਕੀ ਹੋਣ ਕਰਕੇ ਐਸ.ਐਚ.ਓ. ਖਨੌਰੀ ਦੇ ਮੁਲਜ਼ਮਾਂ ਖ਼ਿਲਾਫ਼ ਥਾਣਾ ਖਨੌਰੀ ਵਿੱਚ ਮੁਕੱਦਮਾ ਨੰਬਰ 103 ਮਿਤੀ 25 ਦਸੰਬਰ 2016 ਅਧੀਨ ਧਾਰਾ 420, 384, 489 ਏ, 489 ਬੀ, 489 ਸੀ, 489 ਡੀ, 489 ਈ, 120 ਬੀ ਆਈ.ਪੀ.ਸੀ. ਅਤੇ ਭ੍ਰਿਸ਼ਟਾਚਾਰ ਐਕਟ 1988 ਦੀ ਧਾਰਾ 7 ਅਤੇ 13 ਤਹਿਤ ਕੇਸ ਦਰਜ ਕਰ ਕੇ ਮੌਕੇ ’ਤੇ ਛਾਪਾ ਮਾਰ ਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਕੋਲੋਂ 18 ਲੱਖ 40 ਹਜ਼ਾਰ ਰੁਪਏ ਦੀ ਨਵੀਂ ਕਰੰਸੀ ਬਰਾਮਦ ਕੀਤੀ ਗਈ ਹੈ। ਇਕ ਮੁਲਜ਼ਮ ਫ਼ਰਾਰ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।