Site icon Sikh Siyasat News

ਅਕਾਲ ਤਖ਼ਤ ਸਾਹਿਬ ਤੇ ਜਾਣਕਾਰੀ ਦਿੰਦੀਆਂ ਤਖ਼ਤੀਆਂ 35 ਸਾਲ ਬਾਅਦ ਮੁੜ ਪਰਤੀਆਂ

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ ) ਵਲੋਂ ਲਾਏ ਗਏ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਸੰਭਾਲਦਿਆਂ ਹੀ ਤਖਤ ਸਾਹਿਬ ਦੀ ਮੱੁਖ ਦੀਵਾਰ ਤੇ ਉਹ ਤਖਤੀ ਪਰਤ ਆਈ ਜੋ ਸੰਗਤ ਨੂੰ ਜਾਣੂ ਕਰਵਾ ਰਹੀ ਹੈ ਕਿ “ਤਖਤ (ਸਾਹਿਬ) ਉੱਤੇ ਪਤਿਤ ਅਤੇ ਤਨਖਾਹੀਏ ਸਿੱਖ ਤੋਂ ਬਿਨ੍ਹਾਂ ਹਰ ਇੱਕ ਪ੍ਰਾਣੀ ਮਾਤਰ, ਸਿੱਖ, ਗੈਰ-ਸਿੱਖ ਦੀ ਅਰਦਾਸ ਹੋ ਸਕਦੀ ਹੈ”।

ਸੰਗਤ ਨੂੰ ਜਾਗਰੂਕ ਕਰਦੇ ਇਸ ਬੋਰਡ ਵਿੱਚ ਲਿਖੀ ਜਾਣਕਾਰੀ ਨੂੰ ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 15 ਦਾ ਹਵਾਲਾ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਅਕਾਲ ਤਖਤ ਸਾਹਿਬ ਉਪਰ ਸੰਗਤ ਨੂੰ ਅਜੇਹੀ ਜਾਣਕਾਰੀ ਦੇਣ ਵਾਲੀ ਤਖਤੀਆਂ ਤਕਰੀਬਨ 35 ਸਾਲ ਬਾਅਦ ਪਰਤੀਆਂ ਹਨ।

ਅਕਾਲ ਤਖਤ ਸਾਹਿਬ ਦੀ ਕੰਧ ਤੇ ਲਾਈਆਂ ਗਈਆਂ ਤਖਤੀਆਂ ਦਾ ਦ੍ਰਿਸ਼

ਜੂਨ 84 ਵਿੱਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉਪਰ ਹੋਏ ਫੌਜੇ ਹਮਲੇ ਮੌਕੇ ਅਜਿਹੀਆਂ ਤਖਤੀਆਂ ਮੌਜੂਦ ਸਨ ਪਰ ਬਾਅਦ ਵਿੱਚ ਅਕਾਲ ਤਖਤ ਸਾਹਿਬ ਦੇ ਕਿਸੇ ਵੀ ਜਥੇਦਾਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਨੇ ਇਸ ਵੱਲ ਧਿਆਨ ਨਹੀਂ ਦਿੱਤਾ।

ਅਕਾਲ ਤਖਤ ਸਾਹਿਬ ਦੀ ਕੰਧ ਤੇ ਲਾਈਆਂ ਗਈਆਂ ਤਖਤੀਆਂ ਵਿਚੋਂ ਇਕ ਦਾ ਦ੍ਰਿਸ਼

ਹੁਣ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਖੱੁਲਮ ਖੱੁਲੇ ਤੌਰ ਤੇ ਸਿੱਖ ਰਹਿਤ ਮਰਿਆਦਾ ਅਨੁਸਾਰ ਪਤਿਤ ਤੇ ਤਨਖਾਹੀਏ ਦੀ ਅਕਾਲ ਤਖਤ ਸਾਹਿਬ ਉਪਰ ਅਰਦਾਸ ਨਾ ਕੀਤੇ ਜਾਣ ਦੇ ਤਲਖ ਸੱਚ ਨੂੰ ਪ੍ਰਵਾਨ ਕਰ ਚੱੁਕੇ ਹਨ ਤਾਂ ਇਹ ਸਵਾਲ ਬੜੀ ਸੰਜੀਦਗੀ ਨਾਲ ਪੁਛਿਆ ਜਾ ਰਿਹਾ ਹੈ ਕਿ ਸ਼੍ਰੋ.ਗੁ.ਪ੍ਰ.ਕ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਦਿ.ਸਿ.ਗੁ.ਪ੍ਰ.ਕ) ਅਤੇ ਤਖਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੇ ਚੁਣੇ ਜਾਂ ਨਾਮਜ਼ਦ ਮੈਂਬਰ ਹੋਣ ਦੇ ਬਾਵਜੂਦ ਵੀ ਦਾਹੜੀ ਰੰਗਣ ਵਾਲੇ ਤਨਖਾਹੀਏ ਕਿਵੇਂ ਨਹੀਂ ਹਨ? ਜਦੋਂ ਇਨ੍ਹਾਂ ਤਨਖਾਹੀਆ ਮੈਂਬਰਾਨ ਜਾਂ ਅਹੁਦੇਦਾਰਾਂ ਦੀ ਅਕਾਲ ਤਖਤ ਸਾਹਿਬ ਉਪਰ ਅਰਦਾਸ ਨਹੀਂ ਹੋ ਸਕਦੀ ਤਾਂ ਇਨ੍ਹਾਂ ਨੂੰ ਉਕਤ ਸਿੱਖ ਸੰਸਥਾਵਾਂ ਦੇ ਮੈਂਬਰ ਜਾਂ ਅਹੁਦੇਦਾਰ ਰਹਿਣ ਦਾ ਕੀ ਹੱਕ ਹੈ? ਇਹ ਸਵਾਲ ਇਸ ਕਰਕੇ ਪੱੁਛਿਆ ਜਾ ਰਿਹਾ ਹੈ ਕਿਉਂਕਿ ਦਿ.ਸਿ.ਗੁ.ਪ੍ਰ.ਕ ਦੇ ਮੌਜੂਦਾ ਪਰਧਾਨ ਮਨਜਿੰਦਰ ਸਿੰਘ ਸਿਰਸਾ, ਪਹਿਲੀ ਵਾਰ ਸਾਲ 2012 ਵਿੱਚ ਤੇ ਦੂਸਰੀ ਵਾਰ ਸਾਲ 2016 ਵਿੱਚ ਮੈਂਬਰ ਚੁਣੇ ਗਏ ਉਹ ਨਿਰੰਤਰ 6 ਸਾਲ ਦੇ ਕਰੀਬ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਦੇ ਅਹੁਦੇ ਤੇ ਰਹੇ ਤੇ ਕੁਝ ਮਹੀਨੇ ਪਹਿਲਾਂ ਹੀ ਕਮੇਟੀ ਦੇ ਪਰਧਾਨ ਵੀ ਬਣੇ ਹਨ। ਉਨ੍ਹਾਂ ਦੇ ਪਰਧਾਨ ਚੁਣੇ ਜਾਣ ਦੇ ਇੱਕ ਦਿਨ ਪਹਿਲਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਪਾਸ ਇਹ ਲਿਖਤੀ ਸ਼ਿਕਾਇਤ ਪੁਜੀ ਸੀ ਕਿ ਮਨਜਿੰਦਰ ਸਿੰਘ ਸਿਰਸਾ ਦਾਹੜੀ ਕਾਲੀ ਕਰਦਾ ਹੈ। ਸਿਰਸਾ ਬਾਰੇ ਇਹ ਜਾਣਕਾਰੀ ਜਦੋਂ ਸ਼ਰੇਆਮ ਚਰਚਾ ਦਾ ਵਿਸ਼ਾ ਬਣ ਗਈ ਤਾਂ ਉਨ੍ਹਾਂ ਨੇ ਦਿੱਲੀ ਵਿਖੇ ਹੀ ਪੰਜ ਪਿਆਰੇ ਸਾਹਿਬਾਨ ਪਾਸ ਪੇਸ਼ ਹੋ ਕੇ ਤਨਖਾਹ ਲਵਾਉਣ ਦੀ ਗਲ ਕਹਿ ਦਿੱਤੀ। ਉਧਰ ਅਕਾਲ ਤਖਤ ਸਾਹਿਬ ਵਲੋਂ ਮਨਜਿੰਦਰ ਸਿੰਘ ਸਿਰਸਾ ਨੂੰ 15 ਦਿਨ ਦੇ ਅੰਦਰ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਪਰ ਅਜੇ ਤੀਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।

ਜ਼ਿਕਰ ਕਰਨਾ ਜਰੂਰੀ ਹੈ ਕਿ ਸਾਲ 2010 ਵਿੱਚ ਤਖਤ ਸ੍ਰੀ ਹਜ਼ੂਰ ਸਾਹਿਬ ਪਰਬੰਧਕੀ ਬੋਰਡ ਦੇ ਪਰਧਾਨ ਬਨਣ ਵਾਲਾ ਤਾਰਾ ਸਿੰਘ ਸਨਾਤਨੀ ਮਤ ਮੁਤਾਬਕ ਮੱਥੇ ਤੇ ਟਿੱਕਾ ਲਗਾਉਂਦੇ ਹੈ। ਸ਼੍ਰੋ.ਗੁ.ਪ੍ਰ.ਕ ਤੇ ਦਿ.ਸਿ.ਗੁ.ਪ੍ਰ.ਕ ਵਿੱਚ ਅਜੇਹੇ ਬਹੁਤ ਸਾਰੇ ਮੈਂਬਰ ਹਨ ਜੋ ਸਿੱਖ ਰਹਿਤ ਮਰਿਆਦਾ ਮੁਤਾਬਕ ਤਨਖਾਹੀਏ ਹਨ ਪਰ ਸਵਾਲ ਇਹ ਹੈ ਕਿ ਕੀ ਕੋਈ ਤਨਖਾਹੀਆ ਸਿੱਖ, ਕਿਸੇ ਸਿੱਖ ਸੰਸਥਾ ਦਾ ਮੈਂਬਰ ਜਾਂ ਅਹੁਦੇਦਾਰ ਕਿਵੇਂ ਰਹਿ ਸਕਦਾ ਹੈ?

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version