ਇਸਲਾਮਾਬਾਦ: ਪਾਕਿਸਤਾਨ ਨੇ ਭਾਰਤੀ ਜਾਸੂਸ ਕੁਲਭੂਸ਼ਣ ਜਾਧਵ (47) ਦੀ ਪਤਨੀ ਅਤੇ ਮਾਤਾ ਨੂੰ ਇਸਲਾਮਾਬਾਦ ਦੌਰੇ ਲਈ ਕੱਲ੍ਹ (20 ਦਸੰਬਰ) ਵੀਜ਼ਾ ਜਾਰੀ ਕਰ ਦਿੱਤਾ ਹੈ। ਵਿਦੇਸ਼ ਦਫ਼ਤਰ ਦੇ ਤਰਜਮਾਨ ਮੁਹੰਮਦ ਫ਼ੈਸਲ ਨੇ ਟਵੀਟ ਕਰਕੇ ਦੱਸਿਆ, “ਦਿੱਲੀ ’ਚ ਪਾਕਿਸਤਾਨੀ ਹਾਈ ਕਮਿਸ਼ਨ ਨੇ ਕਮਾਂਡਰ ਜਾਧਵ ਨਾਲ ਮੁਲਾਕਾਤ ਲਈ ਉਸ ਦੀ ਮਾਂ ਅਤੇ ਪਤਨੀ ਨੂੰ ਅੱਜ (20 ਦਸੰਬਰ) ਇਸਲਾਮਾਬਾਦ ਲਈ ਵੀਜ਼ੇ ਜਾਰੀ ਕਰ ਦਿੱਤੇ ਹਨ।”
ਪਾਕਿਸਤਾਨ ਨੇ ਕੁਲਭੂਸ਼ਣ ਜਾਧਵ ਨਾਲ 25 ਦਸੰਬਰ ਨੂੰ ਇਸਲਾਮਾਬਾਦ ’ਚ ਮੁਲਾਕਾਤ ਕਰਾਉਣ ਦੀ ਹਾਮੀ ਭਰੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਫ਼ੌਜੀ ਅਦਾਲਤ ਨੇ ਸਾਬਕਾ ਭਾਰਤੀ ਨੇਵੀ ਅਫਸਰ ਕੁਲਭੂਸ਼ਣ ਜਾਧਵ ਨੂੰ ਜਾਸੂਸੀ ਅਤੇ ਅੱਤਵਾਦ ਦੇ ਦੋਸ਼ਾਂ ਹੇਠ ਅਪ੍ਰੈਲ ’ਚ ਸਜ਼ਾ-ਏ-ਮੌਤ ਸੁਣਾਈ ਸੀ। ਭਾਰਤ ਵੱਲੋਂ ਕੌਮਾਂਤਰੀ ਨਿਆਂ ਅਦਾਲਤ ’ਚ ਮਸਲਾ ਪੇਸ਼ ਕੀਤੇ ਜਾਣ ਮਗਰੋਂ ਜਾਧਵ ਦੀ ਸਜ਼ਾ ’ਤੇ ਰੋਕ ਲਾ ਦਿੱਤੀ ਗਈ ਸੀ।