Site icon Sikh Siyasat News

ਭਾਰਤੀ ਜਾਸੂਸ ਜਾਧਵ ਨੂੰ ਪਾਕਿ ‘ਚ ਸੁਣਾਈ ਗਈ ਮੌਤ ਦੀ ਸਜ਼ਾ; ਭਾਰਤ ਨੇ ਪਾਕਿ ਕੈਦੀਆਂ ਦੀ ਰਿਹਾਈ ਰੋਕੀ

ਇਸਲਾਮਾਬਾਦ/ ਨਵੀਂ ਦਿੱਲੀ: ਪਾਕਿਸਤਾਨ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਭਾਰਤੀ ਜਾਸੂਸ ਕੁਲਭੂਸ਼ਣ ਜਾਧਵ ਨੂੰ ਮੁਲਕ ਵਿੱਚ ‘ਜਾਸੂਸੀ ਤੇ ਭੰਨ-ਤੋੜ ਦੀਆਂ ਕਾਰਵਾਈਆਂ’ ਦਾ ਦੋਸ਼ੀ ਕਰਾਰ ਦਿੰਦਿਆਂ ਸਜ਼ਾ-ਏ-ਮੌਤ ਸੁਣਾਈ ਹੈ।

ਭਾਰਤੀ ਸਮੁੰਦਰੀ ਫ਼ੌਜ ਦੇ ਅਧਿਕਾਰੀ ਕੁਲਭੂਸ਼ਣ ਜਾਧਵ (46) ਨੂੰ ਸੁਣਾਈ ਗਈ ਸਜ਼ਾ ਦੀ ਮੁਲਕ ਦੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਪੁਸ਼ਟੀ ਕਰ ਦਿੱਤੀ ਹੈ।

ਪਾਕਿਸਤਾਨ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐਸਪੀਆਰ) ਨੇ ਕਿਹਾ ਹੈ ਕਿ ਫੀਲਡ ਜਨਰਲ ਕੋਰਟ ਮਾਰਸ਼ਲ ਨੇ ਭਾਰਤੀ ਜਾਸੂਸ ਜਾਧਵ ਨੂੰ ਦੋਸ਼ੀ ਕਰਾਰ ਦਿੱਤਾ ਹੈ। ਆਈਐਸਪੀਆਰ ਨੇ ਆਪਣੇ ਬਿਆਨ ਵਿੱਚ ਕਿਹਾ, “ਜਾਸੂਸ ਜਾਧਵ ਖ਼ਿਲਾਫ਼ ਮੁਕੱਦਮਾ ਪਾਕਿਸਤਾਨ ਆਰਮੀ ਐਕਟ ਤਹਿਤ ਫੀਲਡ ਕੋਰਟ ਮਾਰਸ਼ਲ ਵੱਲੋਂ ਚਲਾਇਆ ਗਿਆ ਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਸੋਮਵਾਰ ਨੂੰ ਇਸ ਸਜ਼ਾ ਦੀ ਪੁਸ਼ਟੀ ਕਰ ਦਿੱਤੀ।”

ਭਾਰਤ ਸਰਕਾਰ ਨੇ ਹਾਸੋਹੀਣ ਬਿਆਨ ਦਿੰਦਿਆਂ ਕਿਹਾ ਕਿ ਭਾਰਤੀ ਨੇਵੀ ਅਫਸਰ ਕੁਲਭੂਸ਼ਣ ਜਾਧਵ ਨੂੰ ਬੀਤੇ ਸਾਲ ਇਰਾਨ ਤੋਂ ਅਗਵਾ ਕੀਤਾ ਗਿਆ ਸੀ। ਜਦਕਿ ਪਾਕਿਸਤਾਨ ਦੇ ਸਲਾਮਤੀ ਦਸਤਿਆਂ ਨੇ ਭਾਰਤੀ ਜਾਸੂਸ ਜਾਧਵ ਨੂੰ ਬੀਤੇ ਸਾਲ 3 ਮਾਰਚ ਨੂੰ ਬਲੋਚਿਸਤਾਨ ਵਿੱਚੋਂ ਗ੍ਰਿਫ਼ਤਾਰ ਕੀਤਾ ਸੀ, ਜੋ ਇਰਾਨ ਰਾਹੀਂ ਦਾਖ਼ਲ ਹੋਇਆ ਸੀ। ਪਾਕਿਸਤਾਨੀ ਫ਼ੌਜ ਨੇ ਉਸ ਦੇ ਇਕਬਾਲੀਆ ਜੁਰਮ ਦੀ ਇਕ ਵੀਡੀਓ ਵੀ ਜਾਰੀ ਕੀਤੀ ਸੀ।

ਜਦਕਿ ਭਾਰਤ ਨੇ ਇਹ ਤਾਂ ਮੰਨ ਲਿਆ ਕਿ ਕੁਲਭੂਸ਼ਣ ਜਾਧਵ ਭਾਰਤੀ ਸਮੁੰਦਰੀ ਫ਼ੌਜ ਵਿੱਚ ਸੇਵਾ ਕਰਦਾ ਰਿਹਾ ਪਰ ਭਾਰਤ ਇਹ ਨਹੀਂ ਮੰਨਦਾ ਕਿ ਖੁਫੀਆ ਏਜੰਸੀ ‘ਰਾਅ’ ਨੇ ਉਸਨੂੰ ਪਾਕਿਸਤਾਨ ਦੇ ਬਲੋਚਿਸਤਾਨ ‘ਚ ਦਹਿਸ਼ਤਗਰਦ ਕਾਰਵਾਈਆਂ ਲਈ ਭੇਜਿਆ ਸੀ। ਭਾਰਤ ਵੱਲੋਂ ਇਸਲਾਮਾਬਾਦ ਸਥਿਤ ਆਪਣੇ ਹਾਈ ਕਮਿਸ਼ਨਰ ਰਾਹੀਂ ਲਗਾਤਾਰ ਉਸ ਨੂੰ ਮਦਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ।

ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਜਾਸੂਸ ਨੂੰ ਪਾਕਿਸਤਾਨ ‘ਚ ਮੌਤ ਦੀ ਸਜ਼ਾ ਸੁਣੇ ਜਾਣ ਤੋਂ ਬਾਅਦ ਭਾਰਤ ਨੇ ਬਦਲੇ ਦੀ ਕਾਰਵਾਈ ਵਜੋਂ ਪਾਕਿਸਤਾਨ ਦੇ ਇਕ ਦਰਜਨ ਕੈਦੀਆਂ ਨੂੰ ਰਿਹਾਅ ਨਾ ਕਰਨ ਦਾ ਫ਼ੈਸਲਾ ਕੀਤਾ ਹੈ, ਜਿਨ੍ਹਾਂ ਦੀ ਰਿਹਾਈ ਸਜ਼ਾ ਪੂਰੀ ਹੋਣ ਤੋਂ ਬਾਅਦ ਬੁੱਧਵਾਰ ਨੂੰ ਹੋਣੀ ਸੀ।

ਸਬੰਧਤ ਖ਼ਬਰ:

ਰਾਅ ਦੇ ਏਜੰਟ ਕੁਲਭੂਸ਼ਣ ਜਾਧਵ ਨੂੰ ਭਾਰਤ ਹਵਾਲੇ ਨਹੀਂ ਕਰੇਗਾ ਪਾਕਿਸਤਾਨ: ਸਰਤਾਜ ਅਜ਼ੀਜ਼ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version