ਅੰਮ੍ਰਿਤਸਰ ਸਾਹਿਬ: ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਅਟਾਰੀ-ਵਾਹਗਾ ਸਰਹੱਦ ਉੱਤੇ ਅੱਜ ਭਾਰਤ ਤੇ ਪਾਕਿਸਤਾਨ ਦਰਮਿਆਨ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਗੱਲਬਾਤ ਹੋਵੇਗੀ।
ਜ਼ਿਕਰਯੋਗ ਹੈ ਕਿ ਲੰਘੇ ਸਾਲ ਪਾਕਿਸਤਾਨ ਵਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਪਹਿਲਕਦਮੀ ਕੀਤੀ ਗਈ ਸੀ ਜਿਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਕ੍ਰਮਵਾਰ ਚੜ੍ਹਦੇ ਤੇ ਲਹਿੰਦੇ ਪੰਜਾਬ ਚ ਇਸ ਲਾਂਘੇ ਲਈ ਹੋਣ ਵਾਲੀ ਉਸਾਰੀ ਦੇ ਨੀਂਹ ਪੱਥਰ ਰੱਖ ਦਿੱਤੇ ਸਨ।
ਖਬਰਾਂ ਹਨ ਕਿ ਚੜ੍ਹਦੇ ਪੰਜਾਬ ਚ ਪੈਂਦੇ ਭਾਰਤ ਦੇ ਕਬਜੇ ਹੇਠਲੇ ਇਲਾਕੇ ਵਿਚ ਲਾਂਘੇ ਦਾ ਕੰਮ ਕੁਝ ਮੱਠੀ ਚਾਲੇ ਚੱਲ ਰਿਹਾ ਹੈ ਜਦੋਂ ਕਿ ਦੂਜੇ ਬੰਨੇ ਲਹਿੰਦੇ ਪੰਜਾਬ ਚ ਪਾਕਿਸਤਾਨ ਦੇ ਕਬਜੇ ਹੇਠਲੇ ਇਲਾਕੇ ਵਿਚ ਉਸਾਰੀ ਦਾ ਕੰਮ ਤੇਜੀ ਨਾਲ ਪੂਰਾ ਹੋਣ ਵੱਲ ਵਧਣ ਦੀਆਂ ਖਬਰਾਂ ਹਨ।
ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦਰਮਿਆਨ ਬੀਤੇ ਤਕਰੀਬਨ ਇਕ ਮਹੀਨੇ ਤੋਂ ਭਾਰੀ ਤਣਾਅ ਵਾਲਾ ਮਾਹੌਲ ਹੈ ਤੇ ਹਾਲੀ ਦੋ ਕੁ ਹਫਤੇ ਪਹਿਲਾਂ ਹੀ ਦੋਹਾਂ ਦੇਸ਼ਾਂ ਦੀਆਂ ਹਵਾਈ ਫੌਜਾਂ ਕਸ਼ਮੀਰ ਦੇ ਅਸਾਮਨ ਵਿਚ ਖਹਿਬੜ ਕੇ ਹਟੀਆ ਹਨ।
ਪਾਕਿਸਤਾਨ ਵਲੋਂ ਇਸ ਸਮੇਂ ਦੌਰਾਨ ਭਾਰਤ ਨੂੰ ਗੱਲਬਾਤ ਦਾ ਸੱਦਾ ਵੀ ਦਿੱਤਾ ਜਾਂਦਾ ਰਿਹਾ ਹੈ ਤੇ ਪਾਕਿਸਤਾਨੀ ਵਜ਼ੀਰ-ਏ-ਆਜ਼ਮ ਇਮਾਰਨ ਖਾਨ ਨੇ ਪਾਕਿਸਤਾਨੀ ਫੌਜ ਵਲੋਂ ਕਾਬੂ ਕੀਤੇ ਗਏ ਭਾਰਤੀ ਹਵਾਈ ਫੌਜੀ ਨੂੰ ਬਿਨਾ ਸ਼ਰਤ ਵਾਪਸ ਭੇਜ ਕੇ ਅਮਨ ਤੇ ਗੱਲਬਾਤ ਲਈ ਪਹਿਲ ਕਦਮੀ ਕੀਤੀ ਸੀ ਪਰ ਭਾਰਤ ਕਹਿੰਦਾ ਆ ਰਿਹਾ ਹੈ ਕਿ ਓਨੀ ਦੇਰ ਤੱਕ ਪਾਕਿਸਤਾਨ ਨਾਲ ਗੱਲਬਾਤ ਨਹੀਂ ਕਰੇਗਾ ਜਿੰਨੀ ਦੇਰ ਤੱਕ ਉਹ ਕਸ਼ਮੀਰੀ ਖਾੜਕੂਆਂ ਨੂੰ ਕਥਿਤ ਮਦਦ ਦੇਣੀ ਬੰਦ ਨਹੀਂ ਕਰਦਾ।
ਇਸ ਤਣਾਅ ਦੇ ਦੌਰਾਨ ਵੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਦੋਵੇਂ ਪਾਸੇ ਕੰਮ ਜਾਰੀ ਰਿਹਾ ਹੈ ਤੇ ਦੋਵੇਂ ਸਰਕਾਰ ਅੱਜ ਦੀ ਗਲੱਬਾਤ ਲਈ ਆਪਸ ਵਿਚ ਤਾਲਮੇਲ ਵੀ ਕਰਦੀਆਂ ਰਹੀਆਂ ਹਨ।
ਪਾਕਿਸਤਾਨ ਵਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਜਿੱਥੇ ਸਿੱਖਾਂ ਦੀਆਂ ਭਾਵਨਾਵਾਂ ਦੇ ਤਹਿਤ ਕੀਤਾ ਜਾਣ ਵਾਲਾ ਕੰਮ ਦਰਸਾਇਆ ਜਾ ਰਿਹਾ ਹੈ ਓਥੇ ਨਾਲ ਹੀ ਖੇਤਰੀ ਹਾਲਾਤ ਤੇ ਸਿਆਸਤ ਲਈ ਵੀ ਇਸਦੀ ਅਹਿਮੀਅਤ ਦਰਸਾਈ ਜਾ ਰਹੀ ਹੈ। ਪਰ ਭਾਰਤ ਸਰਕਾਰ ਵਾਰ-ਵਾਰ ਇਹੀ ਕਹਿ ਰਹੀ ਹੈ ਕਿ ਭਾਰਤੀ ਉਪਮਹਾਂਦੀਪ ਦੀ ਅਬਾਦੀ ਦੇ ਇਕ ਹਿੱਸੇ (ਭਾਵ ਸਿੱਖਾਂ) ਦੀਆਂ ਭਾਵਨਾਵਾਂ ਕਰਕੇ ਹੀ ਪਾਕਿਸਤਾਨ ਨਾਲ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਗੱਲਬਾਤ ਕੀਤੀ ਜਾ ਰਹੀ ਹੈ ਤੇ ਇਸ ਦਾ ਇਹ ਬਿਲਕੁਲ ਮਤਲਬ ਨਹੀਂ ਕੱਢਣਾ ਚਾਹੀਦਾ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਗੱਲਬਾਤ ਕਰਕੇ ਭਾਰਤ ਨੇ ਪਾਕਿਸਤਾਨ ਨਾਲ ਗੱਲਬਾਤ ਵਾਲਾ ਰਾਹ ਖੋਲ੍ਹ ਲਿਆ ਹੈ।
ਭਾਰਤ ਵਲੋਂ ਲਏ ਜਾ ਰਹੇ ਇਸ ਪੱਖ ਦੇ ਕਈ ਕਾਰਨ ਹਨ। ਪਾਕਿਸਤਾਨ ਨਾਲ ਗੱਲਬਾਤ ਦੀ ਸ਼ੁਰੂਆਤ ਤੋਂ ਮੁਨਕਰ ਹੋਣਾ ਪਾਕਿਸਤਾਨ ਬਾਰੇ ਮੌਜੂਦਾ ਭਾਰਤ ਸਰਕਾਰ ਦੀ ਮੁਕਾਮੀ ਸਿਆਸਤ ਦੀ ਮਜਬੂਰੀ ਵੀ ਹੈ ਤੇ ਇਸ ਦੇ ਕੌਮਾਂਤਰੀ ਰਾਜਨੀਤੀ ਦੇ ਪੈਂਤੜੇ ਦਾ ਹਿੱਸਾ ਵੀ ਹੈ। ਦੂਜਾ, ਇਹ ਗੱਲ ਵੀ ਏਨੀ ਸਿੱਧੀ ਨਹੀਂ ਹੈ ਕਿ ਭਾਰਤ ਵਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਗੱਲਬਾਤ ਸਿਰਫ ਅਬਾਦੀ ਦੇ ਇਕ ਹਿੱਸੇ ਦੀਆਂ ਭਾਵਨਾਵਾਂ ਦੇ ਸਤਿਕਾਰ ਲਈ ਹੀ ਹੋ ਰਹੀ। ਅਸਲ ਵਿਚ ਇਸ ਦੇ ਵੀ ਕਈ ਪੱਖ ਵੀ ਮੁਕਾਮੀ ਸਿਆਸਤ ਦੇ ਮੌਕਾਮੇਲ ਨਾਲ ਬਣੀਆਂ ਜਮਬੂਰੀਆਂ ਅਤੇ ਖੇਤਰੀ ਤੇ ਕੌਮਾਂਤਰੀ ਰਾਜਨੀਤੀ ਨਾਲ ਜੁੜਦੇ ਹਨ ਜਿਹਨਾਂ ਬਾਰੇ ਸਿੱਖ ਸਿਆਸਤ ਵਲੋਂ ਪਹਿਲਾਂ ਛਾਪੀ ਗਈ ਇਕ ਲਿਖਤ ਵਿਸਤਾਰ ਨਾਲ ਚਰਚਾ ਕੀਤੀ ਗਈ ਹੈ। ਪਾਠਕ ਉਸ ਲਿਖਤ ਨੂੰ ਇਹ ਤੰਦ ਛੂਹ ਕੇ ਪੜ੍ਹ ਸਕਦੇ ਹਨ – ਕਰਤਾਰਪੁਰ ਸਾਹਿਬ ਲਾਂਘੇ ਬਾਰੇ ਇਸ ਵੇਲੇ ਗੱਲ ਅੱਗੇ ਤੁਰਨ ਦੀ ਵਜ੍ਹਾ ਕੀ ਹੈ?
⊕ ਇਸ ਮਸਲੇ ਬਾਰੇ ਇਹ ਲਿਖਤ ਵੀ ਜਰੂਰ ਪੜ੍ਹੋ – ਕਰਤਾਰਪੁਰ ਸਾਹਿਬ ਦਾ ਲਾਂਘਾ ਕਿਥੋਂ-ਕਿਥੋਂ ਦੀ ਲੰਘਦਾ ਏ…