ਚੰਡੀਗੜ੍ਹ: ਏਸ਼ੀਆ ਮਹਾਂਦੀਪ ‘ਚ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਭਾਰਤ ਪਹਿਲੇ ਸਥਾਨ ‘ਤੇ ਹੈ। ਸਰਵੇਖਣ ‘ਚ ਪਤਾ ਲੱਗਿਆ ਕਿ ਭਾਰਤ ‘ਚ ਰਿਸ਼ਵਤਖੋਰੀ ਦੀ ਦਰ 69 ਪ੍ਰਤੀਸ਼ਤ ਹੈ। ਫੋਰਬਸ ਵਲੋਂ ਕੀਤੇ ਗਏ 18 ਮਹੀਨੇ ਲੰਬੇ ਸਰਵੇਖਣ ‘ਚ ਭਾਰਤ ਨੂੰ ਟਾਪ 5 ਦੇਸ਼ਾਂ ਵਿਚ ਪਹਿਲਾ ਸਥਾਨ ਦਿੱਤਾ ਗਿਆ ਹੈ।
ਭਾਰਤ ਤੋਂ ਅਲਾਵਾ ਵਿਅਤਨਾਮ, ਪਾਕਿਸਤਾਨ, ਥਾਈਲੈਂਡ ਅਤੇ ਮਿਆਂਮਾਰ ਵੀ ਫੋਰਬਸ ਦੀ ਟਾਪ 5 ਭ੍ਰਿਸ਼ਟ ਏਸ਼ੀਆਈ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਹਨ।
ਭਾਰਤ ‘ਚ ਸਕੂਲ, ਹਸਪਤਾਲ, ਪੁਲਿਸ, ਪਛਾਣ ਪੱਤਰ ਅਤੇ ਲੋਕਾਂ ਲਈ ਆਮ ਸਹੂਲਤਾਂ ਦੇ ਮਾਮਲਿਆਂ ਨਾਲ ਜੁੜੇ ਸਰਵੇਖਣ ‘ਚ ਹਿੱਸਾ ਲੈਣ ਵਾਲੇ ਲਗਭਗ ਅੱਧੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਨਾ ਕਦੇ ਰਿਸ਼ਵਤ ਦਿੱਤੀ ਹੈ।
ਸਰਵੇਖਣ ‘ਚ 53 ਫੀਸਦ ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਵਲੋਂ ਭ੍ਰਿਸ਼ਟਾਚਾਰ ਰੋਕਣ ਦੀਆਂ ਕੋਸ਼ਿਸ਼ਾਂ ਤਾਂ ਕੀਤੀਆਂ ਗਈਆਂ ਹਨ, ਜਦਕਿ 63 ਫੀਸਦੀ ਦਾ ਮੰਨਣਾ ਹੈ ਕਿ ਆਮ ਲੋਕਾਂ ‘ਤੇ ਇਨ੍ਹਾਂ ਕੋਸ਼ਿਸ਼ਾਂ ਦਾ ਕੋਈ ਅਸਰ ਨਹੀਂ ਪਏਗਾ।
ਫੋਰਬਸ ਦੇ ਇਸ ਸਰਵੇਖਣ ‘ਚ ਗੁਆਂਢੀ ਪਾਕਿਸਤਾਨ ਨੂੰ ਚੌਥਾ ਸਥਾਨ ਹਾਸਲ ਹੋਇਆ ਹੈ। ਸਰਵੇਖਣ ਦੇ ਨਤੀਜਿਆਂ ‘ਚ ਪਤਾ ਲੱਗਿਆ ਕਿ ਪਾਕਿਸਤਾਨ ‘ਚ ਰਿਸ਼ਵਤਖੋਰੀ ਦੀ ਦਰ 40 ਫੀਸਦ ਹੈ।
65 ਫੀਸਦੀ ਰਿਸ਼ਵਤਖੋਰੀ ਦਰ ਦੇ ਨਾਲ ਵਿਅਤਨਾਮ ਦੂਜੇ ਸਥਾਨ ‘ਤੇ ਹੈ, ਉਥੇ 41 ਫੀਸਦ ਨਾਲ ਥਾਈਲੈਂਡ ਤੀਜੇ ਸਥਾਨ ‘ਤੇ ਹੈ। ਸਰਵੇਖਣ ‘ਚ ਮਿਆਂਮਾਰ ਨੂੰ ਪੰਜਵਾਂ ਸਥਾਨ ਹਾਸਲ ਹੋਇਆ ਹੈ। ਜਿੱਥੇ ਰਿਸ਼ਵਤਖੋਰੀ ਦੀ ਦਰ 40 ਫੀਸਦ ਹੈ।