ਚੰਡੀਗੜ੍ਹ: ਮੀਡੀਆ ਦੀਆਂ ਖ਼ਬਰਾਂ ਮੁਤਾਬਕ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਸਾਬਕਾ ਐਸਐਸਪੀ ਸਮੇਤ ਕੁੱਝ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਮੋਗਾ ਦੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਨਸ਼ਾ ਤਸਕਰੀ ਕੇਸ ਵਿੱਚੋਂ ਕੱਢਣ ਬਦਲੇ ਰਿਸ਼ਵਤ ਲੈਣ ਦੇ ਦੋਸ਼ ’ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਮੁਲਾਜ਼ਮਾਂ ਦੀਆਂ ਪਹਿਲਾਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਗਈਆਂ ਸਨ ਪਰ ਬਾਅਦ ਵਿੱਚ ਜ਼ਿਲ੍ਹਾ ਪੁਲਿਸ ਨੇ ਕੇਸ ਰੱਦ ਕਰਨ ਬਾਰੇ ਰਿਪੋਰਟ ਦਾਖ਼ਲ ਕਰ ਦਿੱਤੀ। ਜ਼ਿਕਰਯੋਗ ਹੈ ਕਿ ਸਤੰਬਰ 2013 ਵਿੱਚ ਇਨ੍ਹਾਂ ਤਿੰਨ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਦਰਜ ਹੋਏ ਕੇਸ ’ਚ ਮਦਦ ਬਦਲੇ ਮੋਗਾ ਦੇ ਸਾਬਕਾ ਐਸਐਸਪੀ ਕਮਲਜੀਤ ਸਿੰਘ ਢਿੱਲੋਂ ਉਤੇ 40 ਲੱਖ ਰੁਪਏ ਵੱਢੀ ਲੈਣ ਦਾ ਦੋਸ਼ ਹੈ। ਮੋਗਾ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ 180 ਦਿਨਾਂ ਅੰਦਰ ਚਲਾਨ ਪੇਸ਼ ਨਹੀਂ ਕੀਤਾ ਸੀ।
ਨਸ਼ੇ ਦੇ ਕਾਰੋਬਾਰ ‘ਚ ਫਸੇ ਏਐਸਆਈ ਜਰਨੈਲ ਸਿੰਘ, ਹੌਲਦਾਰ ਜਸਬੀਰ ਸਿੰਘ ਤੇ ਹੌਲਦਾਰ ਦਵਿੰਦਰ ਸਿੰਘ ਨੱਥੂਵਾਲਾ ਪੱਛਮੀ (ਮੋਗਾ) ਪੁਲਿਸ ਚੌਂਕੀ ਵਿੱਚ ਤਾਇਨਾਤ ਸਨ। ਏਐਸਆਈ ਜਰਨੈਲ ਸਿੰਘ ਨੇ ਦੋਸ਼ ਲਾਇਆ ਕਿ ਦੇਰ ਨਾਲ ਚਲਾਨ ਪੇਸ਼ ਕਰਨ ਅਤੇ ਕੇਸ ਰੱਦ ਕਰਨ ਬਾਰੇ ਰਿਪੋਰਟ ਦਾਖ਼ਲ ਕਰਨ ਲਈ ਉਸ ਨੇ ਐਸਐਸਪੀ ਢਿੱਲੋਂ ਨੂੰ 40 ਲੱਖ ਰੁਪਏ ਦਿੱਤੇ ਸਨ। ਬਾਅਦ ਵਿੱਚ ਉਸ ਨੇ ਕੁੱਝ ਪ੍ਰਭਾਵਸ਼ਾਲੀ ਵਿਅਕਤੀਆਂ ਦੇ ਦਖ਼ਲ ਨਾਲ ਇਹ ਰਾਸ਼ੀ ਵਾਪਸ ਲੈ ਲਈ ਸੀ।
ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ (ਪੀਬੀਓਆਈ) ਨੇ ਇਸ ਹਫ਼ਤੇ ਜਾਂਚ ਸ਼ੁਰੂ ਕੀਤੀ ਹੈ। ਮੁਲਜ਼ਮ ਐਸਐਸਪੀ ਢਿੱਲੋਂ ਨੂੰ ਤਲਬ ਕੀਤਾ ਗਿਆ ਹੈ। ਢਿੱਲੋਂ ਨੇ ਦੱਸਿਆ ਕਿ ਉਹ ਮੁਲਜ਼ਮ ਨਹੀਂ ਹਨ ਪਰ ਕੇਸ ਵਿੱਚ ਅਸਲ ਤੱਥ ਲੱਭਣ ਵਿੱਚ ਪੀਬੀਓਆਈ ਦੀ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਮੁਲਾਜ਼ਮਾਂ ਖ਼ਿਲਾਫ਼ ਕੇਸ ਉਨ੍ਹਾਂ ਦੇ ਮੋਗਾ ਤੋਂ ਤਬਾਦਲੇ ਦੇ ਇਕ ਸਾਲ ਬਾਅਦ ਰੱਦ ਹੋਇਆ ਸੀ। ਪੀਬੀਓਆਈ ਦੇ ਆਈਜੀ (ਅਪਰਾਧ) ਐਲਕੇ ਯਾਦਵ ਵੱਲੋਂ ਇਸ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਸ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਚਾਰ ਸਾਲ ਪੁਰਾਣੇ ਇਸ ਮਾਮਲੇ ਵਿੱਚ ਨਵੇਂ ਸਿਰਿਓਂ ਜਾਂਚ ਆਈਜੀ ਬਠਿੰਡਾ ਜ਼ੋਨ ਐਮਐਸ ਛੀਨਾ, ਜਿਨ੍ਹਾਂ ਨੇ ਆਪਣੀ ਰਿਪੋਰਟ ਵਿੱਚ ਭ੍ਰਿਸ਼ਟਾਚਾਰ ਤੇ ਨਸ਼ਾ ਤਸਕਰਾਂ ਦੀ ਮਦਦ ਦਾ ਮਾਮਲਾ ‘ਬੇਪਰਦ’ ਕੀਤਾ ਹੈ, ਦੀਆਂ ਸਿਫ਼ਾਰਸ਼ਾਂ ’ਤੇ ਸ਼ੁਰੂ ਹੋਈ ਹੈ।
ਦੋ ‘ਗਵਾਹ’ ਸੀਨੀਅਰ ਪੁਲਿਸ ਅਧਿਕਾਰੀਆਂ-ਐਸਪੀ ਟਰੈਫਿਕ ਬਠਿੰਡਾ ਤੇ ਇੰਸਪੈਕਟਰ ਅਮਰਜੀਤ ਸਿੰਘ- ਦੀ ਮੌਜੂਦਗੀ ਵਿੱਚ ਬਰਾਮਦ ਕੀਤੀ 168 ਕਿੱਲੋ ਭੁੱਕੀ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਗਈ ਸੀ। ਪੁਲਿਸ ਨੇ ਇਨ੍ਹਾਂ ਤਿੰਨ ਮੁਲਜ਼ਮਾਂ ਨੂੰ ਬਚਾਉਣ ਲਈ ਪਹਿਲਾਂ ਚਲਾਨ ਦੇਰੀ ਨਾਲ ਪੇਸ਼ ਕੀਤਾ ਅਤੇ ਬਾਅਦ ਵਿੱਚ ਕੇਸ ਰੱਦ ਕਰਨ ਲਈ ਰਿਪੋਰਟ ਦਾਖ਼ਲ ਕਰ ਦਿੱਤੀ। ਇਸ ਕੇਸ ’ਤੇ ਸੁਣਵਾਈ ਕਰ ਰਹੀ ਮੋਗਾ ਦੀ ਇਕ ਅਦਾਲਤ ਵੱਲੋਂ ਖਿੱਚੇ ਜਾਣ ਬਾਅਦ ਦੋ ਗਵਾਹ ਪੁਲਿਸ ਅਫ਼ਸਰ ਮੁਸ਼ਕਲ ਵਿੱਚ ਘਿਰ ਗਏ।
ਆਈ.ਜੀ. ਬਠਿੰਡਾ ਜ਼ੋਨ ਛੀਨਾ ਵਲੋਂ ਡੀਜੀਪੀ ਨੂੰ ਭੇਜੀ ਰਿਪੋਰਟ ਵਿੱਚ ਉਨ੍ਹਾਂ ਨੇ ਮੁਲਾਜ਼ਮਾਂ ਦੇ ਹਵਾਲੇ ਦਿੱਤੇ ਹਨ, ਜਿਨ੍ਹਾਂ ਨੇ ਰਾਹਤ ਬਦਲੇ ਰਿਸ਼ਵਤ ਦੇਣ ਦੀ ਪੁਸ਼ਟੀ ਕੀਤੀ ਹੈ। ਛੀਨਾ ਨੇ ਡੀਆਈਜੀ ਰਣਬੀਰ ਸਿੰਘ ਖੱਟੜਾ ਅਤੇ ਡਾ. ਸੁਖਚੈਨ ਸਿੰਘ ਗਿੱਲ, ਜਿਨ੍ਹਾਂ ਨੇ ਮੰਨਿਆ ਕਿ ਮੁਲਜ਼ਮਾਂ ਨੂੰ ਸ਼ੱਕੀ ਹਾਲਤ ਵਿੱਚ ਛੱਡ ਦਿੱਤਾ ਗਿਆ, ਦੇ ਬਿਆਨਾਂ ਦਾ ਵੀ ਹਵਾਲਾ ਦਿੱਤਾ ਹੈ।
ਇਸ ਰਿਪੋਰਟ ਉਤੇ ਕਾਰਵਾਈ ਕਰਦਿਆਂ ਡੀਜੀਪੀ ਸੁਰੇਸ਼ ਅਰੋੜਾ ਨੇ ਪੀਬੀਓਆਈ ਨੂੰ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦਾ ਆਦੇਸ਼ ਦਿੱਤਾ ਹੈ। ਮੋਗਾ ਦੇ ਸਾਬਕਾ ਐਸਪੀ (ਐਚ) ਹਰਜੀਤ ਸਿੰਘ ਪੰਨੂ, ਜਿਨ੍ਹਾਂ ਦੀ ਜਾਂਚ ਉਤੇ ਐਸਐਸਪੀ ਢਿੱਲੋਂ ਨੇ ਤਿੰਨ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਡਰੱਗ ਤਸਕਰੀ ਦਾ ਕੇਸ ਰੱਦ ਕੀਤਾ ਸੀ, ਪਹਿਲਾਂ ਹੀ ਜਾਂਚ ਅਧਿਕਾਰੀ ਐਲਕੇ ਯਾਦਵ ਅੱਗੇ ਗਵਾਹੀ ਦੇ ਚੁੱਕਾ ਹੈ। ਪੰਨੂ ਨੇ ਕਿਹਾ ਕਿ ਇਸ ਕੇਸ ਵਿੱਚ ਉਸ ਨੂੰ ਗਵਾਹ ਵਜੋਂ ਬੁਲਾਇਆ ਗਿਆ ਸੀ।
ਸਬੰਧਤ ਖ਼ਬਰ:
ਨਸ਼ੇ ਦਾ ਕਾਰੋਬਾਰ:ਇੰਸਪੈਕਟਰ ਇੰਦਰਜੀਤ ਤੋਂ ਬਾਅਦ ਹੋਰ ਉੱਚ ਅਧਿਕਾਰੀਆਂ ਨੂੰ ਹੋਈ ਫਿਕਰ: ਮੀਡੀਆ ਰਿਪੋਰਟ …