Site icon Sikh Siyasat News

ਅਜਮੇਰ ਕੁੱਟਮਾਰ ਦੇ ਪੀੜਤਾਂ ਨੇ ਕਿਹਾ ਕਿ ਸਾਨੂੰ ਕੁੱਟਣ ਲਈ ਰਾਜਸਥਾਨ ਪੁਲਿਸ ਨੇ ਭੀੜ ਦੀ ਮਦਦ ਕੀਤੀ

ਅਜਮੇਰ: 4 ਸਿੱਖਾਂ ਦੀ ਅਜਮੇਰ ਵਿਖੇ ਭੀੜ ਵਲੋਂ ਹੋਈ ਕੁੱਟਮਾਰ ਦੀ ਵੀਡੀਓ ਇੰਟਰਨੈਟ ‘ਤੇ ਵਾਇਰਲ ਹੋਣ ਤੋਂ ਦੋ ਦਿਨਾਂ ਬਾਅਦ, ਪੀੜਤਾਂ ਵਿਚੋਂ ਇਕ ਜੋ ਵੀਡੀਓ ‘ਚ ਦਿਖ ਰਿਹਾ ਹੈ, ਨੇ ਮੀਡੀਆ ਨੂੰ ਕਿਹਾ ਕਿ ਉਨ੍ਹਾਂ (ਭੀੜ) ਨੇ ਦੋ ਪੁਲਿਸ ਕਾਂਸਟੇਬਲਾਂ ਦੀ ਮੌਜੂਦਗੀ ਵਿਚ ਸਾਨੂੰ ਕੁੱਟਿਆ, ਜੋ ਕਿ ਦੱਸ ਰਹੇ ਸੀ ਕਿ ਕਿੱਥੇ ਮਾਰਨਾ ਹੈ, ਜਦਕਿ ਪੁਲਿਸ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ।

ਪੀੜਤਾਂ ਵਿਚੋਂ ਇਕ ਹਰਪਾਲ ਸਿੰਘ ਨੇ ਸਥਾਨਕ ਅਖ਼ਬਾਰ ਨੂੰ ਦੱਸਿਆ, “ਪੁਲਿਸ ਕਾਂਸਟੇਬਲ ਭੀੜ ਨੂੰ ਦੱਸ ਰਿਹਾ ਸੀ ਕਿ ਸਾਡੀ ਗਰਦਨ ਅਤੇ ਸਿਰ ‘ਤੇ ਨਾ ਮਾਰੋ”।

ਚਾਰ ਸਿੱਖ ਨਿਰਮਲ ਸਿੰਘ, ਮਲਕੀਤ ਸਿੰਘ, ਕੁਲਦੀਪ ਸਿੰਘ ਅਤੇ ਹਰਪਾਲ ਸਿੰਘ ਅਲਵਰ ਦੇ ਗੁਰਦੁਆਰਾ ਖੈਰਥਲ ਦੇ ਸੇਵਾਦਾਰ ਸਨ।

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪੀੜਤ ਅਜਮੇਰ ਦੇ ਚੈਨਪੁਰਾ ਪਿੰਡ ਦਾਨ ਲੈਣ ਲਈ ਗਏ ਸਨ, ਜਿੱਥੇ ਕਿ ਭੀੜ ਨੇ ਇਹ ਕਹਿ ਕੇ ਉਨ੍ਹਾਂ ਨੂੰ ਕੁੱਟਿਆ ਕਿ ਉਹ ਉਨ੍ਹਾਂ ਦੀਆਂ ਔਰਤਾਂ ਨਾਲ ਛੇੜਖਾਨੀ ਕਰ ਰਹੇ ਹਨ। ਜਦਕਿ ਪੁਲਿਸ ਨੇ ਇਨ੍ਹਾਂ ਦੋਸ਼ਾਂ ਨੂੰ ਗਲਤ ਪਾਇਆ।

ਪੀੜਤ ਹਰਪਾਲ ਸਿੰਘ (ਫੋਟੋ: ਹਿੰਦੁਸਤਾਨ ਟਾਈਮਸ)

ਹਰਪਾਲ ਸਿੰਘ ਨੇ ਕਿਹਾ, “ਉਹ ਪੁਲਿਸ ਦੀ ਮੌਜੂਦਗੀ ਵਿਚ ਸਾਨੂੰ ਬੇਰਹਿਮੀ ਨਾਲ ਕੁੱਟ ਰਹੇ ਸੀ, ਮੈਂ ਕਦੇ ਵੀ ਇਸ ਹਮਲੇ ਨੂੰ ਭੁੱਲ ਨਹੀਂ ਸਕਦਾ।”

ਹਿੰਦੁਸਤਾਨ ਟਾਈਮਸ ‘ਚ ਇਹ ਹੋਰ ਪੀੜਤ ਕੁਲਦੀਪ ਸਿੰਘ ਦੇ ਬਿਆਨ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਉਸਨੇ ਸੁਣਿਆ ਪੁਲਿਸ ਵਾਲੇ ਭੀੜ ਨੂੰ ਕਹਿ ਰਹੇ ਸੀ ਕਿ ਉਨ੍ਹਾਂ ਨੂੰ ਥਾਣੇ ਲਿਜਾਣ ਦੀ ਕੋਈ ਜਲਦੀ ਨਹੀਂ ਹੈ। ਕੁਲਦੀਪ ਸਿੰਘ ਨੇ ਕਿਹਾ, “ਕਾਂਸਟੇਬਲਾਂ ਨੇ ਕੁਝ ਸਥਾਨਕ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ ਸਾਨੂੰ ਭੀੜ ਦੇ ਹਵਾਲੇ ਕਰ ਦਿੱਤਾ ਕਿ ਇਨ੍ਹਾਂ ਨੂੰ ਐਸਾ ਸਬਕ ਸਿਖਾਓ, ਜੋ ਜ਼ਿੰਦਗੀ ਭਰ ਯਾਦ ਰਹੇ।”

ਸਬੰਧਤ ਖ਼ਬਰ:

ਚਾਰ ਸਿੱਖਾਂ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਰਾਜਸਥਾਨ ਸਰਕਾਰ ਨੇ ਦਿੱਤੇ ਜਾਂਚ ਦੇ ਆਦੇਸ਼ …

ਨਸੀਰਾਬਾਦ ਸਦਰ ਥਾਣੇ ਦੇ ਐਸ.ਐਚ.ਓ. ਲਕਸ਼ਮਣ ਰਾਮ ਨੇ ਪੀੜਤਾਂ ਦੇ ਆਰੋਪਾਂ ਨੂੰ ਖਾਰਜ ਕਰ ਦਿੱਤਾ। ਮੀਡੀਆ ਦੇ ਸੂਤਰਾਂ ਮੁਤਾਬਕ, “ਸ਼ਾਇਦ ਲੋਕਾਂ ਨੇ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਕੁੱਟਮਾਰ ਕੀਤੀ।”

ਜ਼ਿਕਰਯੋਗ ਹੈ ਕਿ ਰਾਜਸਥਾਨ ਪੁਲਿਸ ਵਲੋਂ ਇਸ ਮਾਮਲੇ ‘ਚ ਆਪਣੀ ਭੂਮਿਕਾ ਦਾ ਲਗਾਤਾਰ ਖੰਡਨ ਕੀਤਾ ਜਾ ਰਿਹਾ ਹੈ। ਜਦਕਿ ਵੀਡੀਓ ‘ਚ ਇਕ ਪੁਲਿਸ ਕਾਂਸਟੇਬਲ ਨੂੰ ਸਪੱਸ਼ਟ ਰੂਪ ‘ਚ ਦੇਖਿਆ ਜਾ ਸਕਦਾ ਹੈ।

ਰਾਜਸਥਾਨ ਦੇ ਘੱਟਗਿਣਤੀ ਕਮਿਸ਼ਨ ਨੇ ਵੀਰਵਾਰ ਨੂੰ ਵੀਡੀਓ ‘ਚ ਦਿਖਾਏ ਗਏ ਹਮਲੇ ਦੀ ਜਾਂਚ ਰਿਪੋਰਟ ਮੰਗੀ ਸੀ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Rajasthan Police Assisted The Mob On Where to Beat Us, Says Sikh Victims …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version