Site icon Sikh Siyasat News

ਹਾਂਗਕਾਂਗ ਦੇ ਸਿੱਖਾਂ ਨੇ ਬਾਦਲ ਦਲ ਦਾ ਬਾਈਕਾਟ ਕਰਦਿਆਂ ਭਾਰਤੀ ਦੂਤਾਘਰ ਸਾਹਮਣੇਂ ਕੀਤਾ ਰੋਸ ਮਾਰਚ

ਹਾਂਗਕਾਂਗ (26 ਅਕਤੂਬਰ, 2015): ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਉਸ ਤੋਂ ਬਾਅਦ ਵਾਪਰੀਆਂ ਦਰਦਨਾਕ ਘਟਨਾਵਾਂ ਸਮੇਤ ਪੰਜਾਬ ਸਰਕਾਰ ਵੱਲੋਂ ਨਿਰਦੋਸ਼ ਵਿਅਕਤੀਆਂ ‘ਤੇ ਪਾਏ ਜਾ ਰਹੇ ਝੂਠੇ ਕੇਸਾਂ ਦੇ ਰੋਸ ਵਜੋਂ ਗੁਰਦੁਆਰਾ ਖਾਲਸਾ ਦੀਵਾਨ ਤੋਂ ਭਾਰਤੀ ਸਫਾਰਤਖਾਨੇ ਤੱਕ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ। । ਇਸ ਮੌਕੇ ਸੰਗਤਾਂ ਵੱਲੋਂ ਬਾਹਵਾਂ ਖੜ੍ਹੀਆਂ ਕਰਕੇ ਪੰਜਾਬ ਸਰਕਾਰ ਅਤੇ ਬਾਦਲ ਦਲ ਦਾ ਪੂਰਨ ਤੌਰ ‘ਤੇ ਬਾਈਕਾਟ ਦਾ ਮਤਾ ਪਾਇਆ ਗਿਆ।

1984 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ ਕਿ ਹਾਂਗਕਾਂਗ ‘ਚ ਸ਼ਾਂਤਮਈ ਸਿੱਖਾਂ ਵੱਲੋਂ ਕਰੀਬ 3 ਹਜ਼ਾਰ ਦੀ ਗਿਣਤੀ ਦਾ ਵੱਡਾ ਇਕੱਠ ਕਰਕੇ ਪ੍ਰਦਰਸ਼ਨ ਕਰਨ ਦੀ ਨੋਬਤ ਆਈ ਹੋਵੇ। ਰੋਸ ਪ੍ਰਦਰਸ਼ਨ ਦੀ ਸ਼ੁਰੂਆਤ ਗੁਰਦੁਆਰਾ ਖਾਲਸਾ ਦੀਵਾਨ ਤੋਂ ਗਿਆਨੀ ਹਰਭਜਨ ਸਿੰਘ ਵੱਲੋਂ ਅਰਦਾਸ ਉਪਰੰਤ ਕੀਤੀ ਗਈ। ਗੁਰਦੁਆਰਾ ਸਾਹਿਬ ਦੇ ਸਾਬਕਾ ਸਕੱਤਰ ਭਾਈ ਜੁਗਰਾਜ ਸਿੰਘ ਕੇਸਰੀ ਨਿਸ਼ਾਨ ਸਾਹਿਬ ਦੀ ਅਗਵਾਈ ਵਿਚ ਸੰਗਤਾਂ ਨੂੰ ਨਾਮ-ਸਿਮਰਨ ਦਾ ਜਾਪ ਕਰਵਾਉਂਦੇ ਚੱਲ ਰਹੇ ਸਨ।

ਤਸਵਰੀ ਦੀ ਵਰਤੋਂ ਸਿਰਫ ਸਿੱਖ ਰੋਸ ਦਰਸਾਉਣ ਲਈ

ਭਾਰਤੀ ਸਫਾਰਤਖਾਨੇ ਅੱਗੇ ਪ੍ਰਦਰਸ਼ਨ ਦੌਰਾਨ ਸਟੇਜ ਤੋਂ ਸੰਬੋਧਨ ਦੌਰਾਨ ਬੀਬੀ ਸੁਰਚਨਾ ਕੌਰ, ਸ: ਬਾਵਾ ਸਿੰਘ ਢਿੱਲੋਂ ਅਤੇ ਜਸਮੀਤ ਸਿੰਘ ਵੱਲੋਂ ਪੰਜਾਬੀ, ਅੰਗਰੇਜ਼ੀ ਅਤੇ ਚੀਨੀ ਭਾਸ਼ਾ ਵਿਚ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਅਤੇ ਉਸ ਤੋਂ ਬਾਅਦ ਵਾਪਰੀਆਂ ਦਰਦਨਾਕ ਘਟਨਾਵਾਂ ਜਿਸ ਵਿਚ ਦੋ ਸਿੰਘਾਂ ਦੀ ਸ਼ਹੀਦੀ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਜ਼ਖ਼ਮੀ ਹੋਏ ਸਿੰਘਾਂ ਲਈ ਪੂਰੀ ਤਰ੍ਹਾਂ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ।

ਇਸ ਮੌਕੇ ਪੀੜਤ ਗੁਰਪ੍ਰੀਤ ਸਿੰਘ ਗੋਪੀ ਨੂੰ ਸੰਗਤ ਸਾਹਮਣੇ ਪੇਸ਼ ਕਰਕੇ ਪੰਜਾਬ ਪੁਲਿਸ ਦੀ ਝੂਠੀ ਕਹਾਣੀ ਦਾ ਪਰਦਾਫਾਸ਼ ਕੀਤਾ ਗਿਆ। ਇਸ ਮੌਕੇ ਸੰਗਤਾਂ ਵੱਲੋਂ ਬਾਹਵਾਂ ਖੜ੍ਹੀਆਂ ਕਰਕੇ ਪੰਜਾਬ ਸਰਕਾਰ ਅਤੇ ਅਕਾਲੀ ਦਲ ਦਾ ਪੂਰਨ ਤੌਰ ‘ਤੇ ਬਾਈਕਾਟ ਦਾ ਮਤਾ ਪਾਇਆ ਗਿਆ।

ਭਾਰਤੀ ਸਫਾਰਤਖਾਨੇ ਤੋਂ ਕੌਂਸਲ ਵਰਿੰਦਰ ਸ਼ਰਮਾ ਵੱਲੋਂ ਸੰਗਤਾਂ ਦੇ ਭਾਰੀ ਗਿਣਤੀ ਦੇ ਇਕੱਠ ‘ਚ ਸੰਤੋਖ ਸਿੰਘ ਪ੍ਰਧਾਨ ਖਾਲਸਾ ਦੀਵਾਨ ਅਤੇ ਸਕੱਤਰ ਜੁਝਾਰ ਸਿੰਘ ‘ਤੇ ਮੌਜੂਦ ਪਤਵੰਤਿਆਂ ਦੀ ਹਾਜ਼ਰੀ ਵਿਚ ਮੈਮੋਰੰਡਮ ਹਾਸਲ ਕੀਤਾ ਗਿਆ। ਸ਼ਰਮਾ ਵੱਲੋਂ ਭਾਰਤੀ ਸਫਾਰਤਖਾਨੇ ਵੱਲੋਂ ਸੰਗਤਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਹ ਹਾਂਗਕਾਂਗ ਦੀਆਂ ਸੰਗਤਾਂ ਦੀ ਆਵਾਜ਼ ਭਾਰਤ ਸਰਕਾਰ ਤੱਕ ਜ਼ਰੂਰ ਪੁੱਜਦੀ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version