ਹਿਸਾਰ: ਨਵੰਬਰ 1984 ਦੌਰਾਨ ਹਰਿਆਣਾ ਦੇ ਪਿੰਡ ਹੋਦ ਚਿੱਲੜ ਵਿੱਚ ਕਤਲ ਕੀਤੇ ਗਏ 32 ਸਿੱਖਾਂ ਦੇ ਕਤਾਲੇਆਮ ਬਾਰੇ ਹਿਸਾਰ ਵਿਖੇ ਜਸਟਿਸ ਟੀ.ਪੀ.ਗਰਗ ਕਮਿਸ਼ਨ ਦੀ ਅਦਾਲਤ ਵਿੱਚ 14 ਨਵੰਬਰ 2014 ਨੂੰ ਸੁਣਵਾਈ ਹੋਈ, ਇਸ ਮੌਕੇ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ, ਭਾਈ ਦਰਸਨ ਸਿੰਘ ਘੋਲੀਆ ਆਪਣੇ ਵਕੀਲ ਰਣਜੀਤ ਸਿੰਘ ਯਾਦਵ ਨਾਲ਼ ਟੀ.ਪੀ.ਗਰਗ ਦੀ ਅਦਾਲਤ ਵਿੱਚ ਪੇਸ਼ ਹੋਏ।
ਇਸ ਤੇ ਰਾਮ ਭੱਜ ਨੇ ਦੱਸਿਆ ਕਿ ਉਸ ਦੇ ਅਧੀਨ ਛੇ/ਸੱਤ ਠਾਣੇ ਆਉਂਦੇ ਸਨ ਅਤੇ ਹਰ ਪਾਸੇ ਮਹੌਲ ਖਰਾਬ ਸੀ। ਉਸ ਨੇ ਕਿਹਾ ਕਿ ਪਿੰਡ ਹੋਦ ਚਿੱਲੜ ਬਾਰੇ ਉਸ ਨੂੰ 3 ਨਵੰਬਰ 1984 ਨੂੰ ਪਤਾ ਲੱਗਿਆ। ਉਹ ਆਪਣੇ ਆਹਲਾ ਅਧਿਕਾਰੀਆਂ ਨਾਲ ਘਟਨਾ ਸਥਾਨ ਤੇ ਪੁੱਜਾ ਅਤੇ ਉਸ ਵਲੋਂ ਤਤਕਾਲੀਨ ਡੀ .ਸੀ. ਐਸ. ਸੀ. ਚੌਧਰੀ ਦੇ ਹੁਕਮਾਂ ਤਹਿਤ ਸਿੱਖਾਂ ਦੀਆਂ ਲਾਸ਼ਾਂ ਦਾ ਸਸਕਾਰ ਕੀਤਾ ਗਿਆ ਸੀ। ਕੇਸ ਬਾਰੇ ਦੱਸਦਿਆਂ ਉਸਨੇ ਕਿਹਾ ਕਿ ਉਸ ਦੀ ਪੰਦਰਾਂ ਦਿਨਾਂ ਬਾਅਦ ਬਦਲੀ ਹੋ ਜਾਣ ਕਾਰਨ ਉਸ ਨੂੰ ਇਸ ਕੇਸ ਬਾਰੇ ਕੁੱਝ ਵੀ ਨਹੀਂ ਪਤਾ।
ਜਸਟਿਸ ਗਰਗ ਨੇ ਸਾਰਿਆਂ ਨੂੰ ਦੱਸਿਆ ਕਿ ਉਹਨਾਂ ਵਲੋਂ ਤਤਕਾਲੀਨ ਡੀ. ਸੀ. ਐਸ. ਸੀ. ਚੌਧਰੀ ਹੋ ਚੀਫ ਸੈਕਟਰੀ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ ਸੀ ਅਤੇ ਅੱਜ ਕੱਲ ਸੂਚਨਾ ਅਧਿਕਾਰ ਕਮਿਸ਼ਨਰ ਹਰਿਆਣਾ ਦਾ ਮੁਖੀ ਹੈ ਨੂੰ ਸੰਮਨ ਭੇਜੇ ਸਨ। ਜਸਟਿਸ ਟੀ. ਪੀ. ਗਰਗ ਨੇ ਭਰੀ ਅਦਾਲਤ ਦੱਸਿਆ ਕਿ ਐਸ.ਸੀ. ਚੌਧਰੀ ਸਾਹਿਬ ਦੇ ਦਫਤਰ ਵਾਲਿਆਂ ਕਮਿਸ਼ਨ ਦੀ ਤੌਹੀਨ ਕਰਕੇ ਕਿਹਾ , ‘ਜਿਸ ਨੇ ਭੇਜੇ ਹਨ ਉਸੇ ਨੂੰ ਵਾਪਿਸ ਕਰ ਦੇਵੋ’। ਉਹਨਾਂ ਕਿਹਾ ਕਿ ਮੈਂਨੂੰ ਹੈਰਾਨੀ ਹੁੰਦੀ ਹੈ ਕਿ ਐਨੇ ਸੀਨੀਅਰ ਅਹੁਦੇ ਵਾਲੇ ਵਿਅਕਤੀ ਨੂੰ ਕਾਨੂੰਨ ਦਾ ਪਤਾ ਨਹੀਂ ।
ਉਨ੍ਹਾਂ ਕਿਹਾ ਕਿ ਇਸ ਅਧਿਕਾਰੀ ਨੂੰ ਦੁਬਾਰਾ ਸੰਮਣ ਜਾਰੀ ਕਰ 12 ਦਸੰਬਰ ਨੂੰ ਹਰ ਹਾਲਤ ਵਿੱਚ ਨਿੱਜੀ ਪੇਸ਼ ਹੋਣ ਦਾ ਹੁਕਮ ਸੁਣਾਇਆ। ਜੱਜ ਸਾਹਿਬ ਨੇ ਭਰੀ ਅਦਾਲਤ ਵਿੱਚ ਇਹ ਵੀ ਦੱਸਿਆ ਕਿ ਕਮਿਸ਼ਨ ਦੀ ਮਿਆਦ ਅਜੇ ਵਧੀ ਨਹੀਂ ਹੈ ਅਤੇ ਉਹਨਾਂ ‘ਸਥਿਤੀ ਵੱਸ’ ਬਿਆਨ ਦਰਜ ਕੀਤੇ ਹਨ। ਇਸ ਮੌਕੇ ਉਹਨਾਂ ਨਾਲ ਪੀੜਤਾਂ ਤੋਂ ਇਲਾਵਾ ਸ੍ਰੋਮਣੀ ਕਮੇਟੀ ਦੇ ਨੁਮਾਇਦੇ ਵਰਿਆਮ ਸਿੰਘ, ਹਰਜਿੰਦਰ ਸਿੰਘ, ਬਲਬੀਰ ਸਿੰਘ ਹਿਸਾਰ, ਸੰਜੀਵ ਸਿੰਘ ਹਿਸਾਰ ਆਦਿ ਵੀ ਹਾਜਿਰ ਸਨ।