ਹਿਸਾਰ: ਹਿੰਦੂਵਾਦੀ ਜਥੇਬੰਦੀ ਬਜਰੰਗ ਦਲ ਦੇ ਕਾਰਜਕਰਤਾ ਵਲੋਂ ਇਕ ਮੁਸਲਮਾਨ ਨੌਜਵਾਨ ਨੂੰ ਮਨੋਕਲਪਤ ‘ਭਾਰਤ ਮਾਤਾ’ ਦੀ ‘ਜੈ’ ਦਾ ਨਾਅਰਾ ਨਾ ਲਾਉਣ ਕਰਕੇ ਥੱਪੜ ਮਾਰਿਆ ਗਿਆ। ਇਸ ਘਟਨਾ ਤੋਂ ਬਾਅਦ ਹਿਸਾਰ ‘ਚ ਸਥਿਤੀ ਤਣਾਅਪੂਰਨ ਹੋ ਗਈ।
ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਘਟਨਾ ਵਾਲੀ ਥਾਂ ‘ਤੇ ਵੱਡੀ ਤਾਦਾਦ ‘ਚ ਪੁਲਿਸ ਬਲ ਪਹੁੰਚ ਗਿਆ। ਹਾਲਾਂਕਿ ਇਸ ਸਬੰਧ ‘ਚ ਹਾਲੇ ਤਕ ਕਿਸੇ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ। ਇਹ ਘਟਨਾ ਉਦੋਂ ਵਾਪਰੀ ਜਦੋਂ ਸਥਾਨਕ ਬਜਰੰਗ ਦਲ ਵਲੋਂ ਪਾਰੀਜ਼ਾਤ ਚੌਂਕ ‘ਚ ਪੁਤਲਾ ਸਾੜੇ ਜਾਣ ਦਾ ਪ੍ਰੋਗਰਾਮ ਸੀ।
ਬਾਅਦ ‘ਚ ਵਿਰੋਧ ਪ੍ਰਦਰਸ਼ਨ ਦਾ ਸਥਾਨ ਬਦਲ ਕੇ ਲਾਹੌਰੀਆ ਚੌਂਕ ਮਸਜਿਦ ਕੋਲ ਕਰ ਦਿੱਤਾ ਗਿਆ। ਰਿਪੋਰਟਾਂ ਮੁਤਾਬਕ ਬਜਰੰਗ ਦਲ ਦੇ ਕਾਰਜਕਰਤਾ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਾਉਂਦੇ ਹੋਏ ਨਮਾਜ਼ ਪੜ੍ਹਨ ਆਏ ਮੁਸਲਮਾਨ ਨੌਜਵਾਨਾਂ ਨੂੰ ‘ਭਾਰਤ ਮਾਤਾ’ ਦੇ ਨਾਅਰੇ ਲਾਉਣ ਲਈ ਦਬਾਅ ਪਾਉਣ ਲੱਗੇ।
ਇਸ ਦੌਰਾਨ ਉਥੇ ਖੜ੍ਹੇ ਇਕ ਕਾਰਜਕਰਤਾ ਨੇ ਨਮਾਜ਼ ਪੜ੍ਹਨ ਆਏ ਇਕ ਨੌਜਵਾਨ ਦੇ ਥੱਪੜ ਮਾਰ ਦਿੱਤਾ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਉੱਥੇ ਵੱਡੀ ਤਾਦਾਦ ‘ਚ ਪੁਲਿਸ ਪਹੁੰਚ ਗਈ।
ਮੁਸਲਿਮ ਕਲਿਆਣ ਕਮੇਟੀ ਦੀ ਹਿਸਾਰ ਇਕਾਈ ਦੇ ਮੁਖੀ ਹਰਫੁਲ ਖਾਨ ਭੱਟੀ ਨੇ ਕਿਹਾ, “ਕੀ ਅਸੀਂ ਕਿਸੇ ‘ਤੇ ਹਮਲੇ ਦੇ ਦੋਸ਼ੀ ਹਾਂ? ਅਸੀਂ ਸਾਰੇ ਭਾਈ ਹਾਂ। ਸਾਡੀ ਮੰਗ ਹੈ ਕਿ ਮਸਜਿਦ ਦੇ ਨੇੜੇ ਪੁਲਿਸ ਦੀ ਸੁਰੱਖਿਆ ਲਾਈ ਜਾਵੇ ਅਤੇ ਥੱਪੜ ਮਾਰਨ ਵਾਲੇ ‘ਤੇ ਕਾਨੂੰਨੀ ਕਾਰਵਾਈ ਹੋਵੇ।”
ਮੀਡੀਆ ਦੀਆਂ ਖ਼ਬਰਾਂ ਮੁਤਾਬਕ ਐਸ.ਐਚ.ਓ. ਲਲਿਤ ਕੁਮਾਰ ਨੇ ਕਿਹਾ, “ਸਾਨੂੰ ਹਾਲੇ ਤਕ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ। ਜੇ ਸਾਨੂੰ ਕੋਈ ਲਿਖਤੀ ਸ਼ਿਕਾਇਤ ਮਿਲਦੀ ਹੈ ਤਾਂ ਪੁਲਿਸ ਕਾਰਵਾਈ ਕਰੇਗੀ।”
ਬਜਰੰਗ ਦਲ ਦੀ ਹਿਸਾਰ ਇਕਾਈ ਦੇ ਆਗੂ ਕਪਿਲ ਵਤਸ ਨੇ ਕਿਹਾ, “ਬਜਰੰਗ ਦਲ ਦੇ ਕਿਸੇ ਵਿਅਕਤੀ ਨੇ ਕੋਈ ਲੜਾਈ ਝਗੜਾ ਨਹੀਂ ਕੀਤਾ। ਸਾਨੂੰ ਇਸ ਘਟਨਾ ਬਾਰੇ ਬਾਅਦ ‘ਚ ਪਤਾ ਚੱਲਿਆ ਹੈ। ਅਸੀਂ ਤਾਂ ਕੇਵਲ ‘ਅੱਤਵਾਦ’ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਗਏ ਸੀ। ਬਾਅਦ ‘ਚ ਕਿਸੇ ਨਾਲ ਕਿਸੇ ਦਾ ਕੋਈ ਝਗੜਾ ਹੋਇਆ ਸਾਨੂੰ ਨਹੀਂ ਪਤਾ।”
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: