ਲੰਡਨ: ‘ਵਰਲਡ ਸਿੱਖ ਪਾਰਲੀਮੈਂਟ’ ਨਾਮੀ ਸਿੱਖ ਜਥੇਬੰਦੀ ਵਲੋਂ ਇਕ ਲਿਖਤੀ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ‘ਭਾਰਤ ਸਰਕਾਰ ਦੇ ਕੱਟੜ ਹਿੰਦੂਤਵੀ ਵਤੀਰੇ ਨੇ ਭਾਰਤ ਅੰਦਰ ਵਸਦੀਆਂ ਦੂਸਰੀਆਂ ਕੌਮਾਂ, ਘੱਟ ਗਿਣਤੀਆਂ ਨਾਲ ਮਾੜੇ ਵਰਤਾਅ ਤੋਂ ਬਾਅਦ ਹਾਲ ਦੇ ਦਿਨਾਂ ਵਿੱਚ ਗੁਆਂਢੀ ਦੇਸ਼ਾਂ ਨਾਲ ਲੜਾਈ ਵਾਲਾ ਮਾਹੌਲ ਸਿਰਜ ਕੇ ਦੱਖਣੀ ਏਸ਼ੀਆ ਖਿੱਤੇ ਵਿੱਚ ਖਤਰਨਾਕ ਸੰਕਟ ਪੈਦਾ ਕਰ ਦਿੱਤਾ ਹੈ’।
ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ‘ਪਾਕਿਸਤਾਨ ਨਾਲ ਕਸ਼ਮੀਰ ਦੇ ਵਿਵਾਦਗ੍ਰਸਤ ਖੇਤਰ ‘ਤੇ ਜੰਗ ਦੇ ਉਮੜ ਰਹੇ ਬੱਦਲਾਂ ਕਾਰਨ ਪੂਰੀ ਦੁਨੀਆਂ ਹੁਣ ਚੌਕਸ ਹੋਈ ਹੈ’।
ਵਰਲਡ ਸਿੱਖ ਪਾਰਲੀਮੈਂਟ ਨੇ ਅੱਗੇ ਕਿਹਾ ਹੈ ਕਿ ‘ਚਾਹੇ ਕਿ ਇਹ ਦੇਰੀ ਨਾਲ ਹੀ ਹੋਇਆ ਹੈ ਪਰ ਸਵਾਗਤ ਕਰਨਾ ਬਣਦਾ ਹੈ ਕਿ ਸੰਯੁਕਤ ਰਾਸ਼ਟਰ ਅਤੇ ਪ੍ਰਮੁੱਖ ਵੱਡੀਆਂ ਤਾਕਤਾਂ ਵੱਲੋਂ ਵੀ ਇਸ ਮਸਲੇ ਵਿੱਚ ਦਖਲ ਦਿੱਤਾ ਜਾ ਰਿਹਾ ਹੈ’।
ਮਨਪ੍ਰੀਤ ਸਿੰਘ ਵਲੋਂ ਇੰਗਲੈਂਡ ਤੋਂ ਭੇਜੇ ਗਏ ਬਿਆਨ ਵਿਚ ਸਿੱਖ ਜਥੇਬੰਦੀ ਨੇ ਕਿਹਾ ਹੈ ਕਿ ‘ਮੌਜੂਦਾ ਸੰਕਟ ਬਾਰੇ ਆਮ ਦੇਖਣ ਵਾਲੇ ਵੀ ਜਾਣਦੇ ਹਨ ਕਿ ਇਹ ਸੰਕਟ ਅਗਲੇ ਮਹੀਨਿਆਂ ਵਿੱਚ ਭਾਰਤ ਅੰਦਰ ਹੋਣ ਜਾ ਰਹੀਆਂ ਚੋਣਾਂ ਅੰਦਰ ਵੋਟ ਬੈਂਕ ਦੀ ਰਾਜਨੀਤੀ ਨੂੰ ਮੁੱਖ ਰੱਖ ਕੇ ਪੈਦਾ ਕੀਤਾ ਗਿਆ ਹੈ। ਸੱਤਾਧਾਰੀ ਬੀ ਜੇ ਪੀ ਅਤੇ ਵਿਰੋਧੀ ਧਿਰ ਕਾਂਗਰਸ ਦੋਨੋਂ ਹੀ ਹਿੰਦੁਤਵੀ ਵੋਟ ਹਾਸਲ ਕਰਨ ਲਈ ਉੱਚੇ ਰਾਸ਼ਟਰਵਾਦ ਦਾ ਪੱਤਾ ਖੇਡਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਸਭ ਕੁਝ ਕਸ਼ਮੀਰ ਦੇ ਲੋਕਾਂ ਅਤੇ ਜੰਗ ਦੀ ਸੂਰਤ ਵਿੱਚ ਪੰਜਾਬ ਦੀ ਵਸੋਂ ਦੀ ਕੀਮਤ ਤੇ ਕੀਤਾ ਜਾ ਰਿਹਾ ਹੈ । ਸਾਰੇ ਹੀ ਮਾਹਰਾਂ ਦਾ ਇਹ ਖਿਆਲ ਹੈ ਕਿ ਭਾਰਤ ਪਾਕਿਸਤਾਨ ਜੰਗ ਹੋਣ ਦੀ ਸੂਰਤ ਵਿੱਚ ਪੰਜਾਬ ਹੀ ਜੰਗ ਦਾ ਮੈਦਾਨ ਬਣੇਗਾ। ਭਾਰਤੀ ਕਬਜ਼ੇ ਥੱਲੇ ਸਿੱਖ ਮਾਤਭੂਮੀ ਅੰਦਰ ਸਿੱਖਾਂ ਵੱਲੋਂ ਵੀ ਆਪਣੇ ਸਵੈ ਨਿਰਣੇ ਲਈ ਲੜਾਈ ਲੜੀ ਜਾ ਰਹੀ ਹੈ ਤੇ ਵਰਲਡ ਸਿੱਖ ਪਾਰਲੀਮੈਂਟ ਪੰਜਾਬ ਅੰਦਰ ਕਿਸੇ ਤਰ੍ਹਾਂ ਦੇ ਜਾਨੀ ਅਤੇ ਮਾਲੀ ਨੁਕਸਾਨ ਲਈ ਭਾਰਤ ਸਰਕਾਰ ਨੂੰ ਹੀ ਦੋਸ਼ੀ ਗਰਦਾਨੇਗੀ’।
ਵਰਲਡ ਸਿੱਖ ਪਾਰਲੀਮੈਂਟ ਨੇ ਸੰਯੁਕਤ ਰਾਸ਼ਟਰ ਨੂੰ ਬੇਨਤੀ ਕੀਤੀ ਹੈ ਕਿ ਇਸ ਮੌਕੇ ਉਹ ਪਹਿਲਕਦਮੀ ਕਰਕੇ ਕਸ਼ਮੀਰ ਅਤੇ ਪੰਜਾਬ ਅੰਦਰ ਸ਼ਾਂਤਮਈ ਤਰੀਕੇ ਨਾਲ ਮਸਲੇ ਦਾ ਹੱਲ ਕੱਢਣ ਦੀ ਪੈਰਵਾਈ ਕਰੇ ਅਤੇ ਅੰਤਰਰਾਸ਼ਰੀ ਕਾਨੂੰਨਾਂ ਤੇ ਆਧਾਰਤ ਸਵੈ-ਨਿਰਣੈ ਦੇ ਮੁਢਲੇ ਮਨੁੱਖੀ ਅਧਿਕਾਰ ਨੂੰ ਵਰਤਣ ਦਾ ਹੱਕ ਇਸਤੇਮਾਲ ਕਰਨ ਦਾ ਉਪਰਾਲਾ ਕਰੇ।
⊕ ਸੰਬੰਧਤ ਖਬਰ ਅੰਗਰੇਜ਼ੀ ਚ ਪੜ੍ਹੋ – ‘Hindutva Chauvinism’ Responsible for the Underlying Conflict and the Current Crisis in South Asia: WSP
‘ਸਵੈ ਨਿਰਣੈ ਦੇ ਹੱਕ ਨੂੰ ਜ਼ਬਰਦਸਤੀ ਦਬਾਉਣਾ ਪਿਛਲੇ ਦੋ ਦਹਾਕਿਆਂ ਵਿੱਚ ਹਜ਼ਾਰਾਂ ਮਨੁੱਖੀ ਮੌਤਾਂ ਦਾ ਕਾਰਨ ਬਣਿਆ ਹੈ। ਹੁਣ ਸਮਾਂ ਆ ਗਿਆ ਹੈ ਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਜਾਗਣਾ ਚਾਹੀਦਾ ਹੈ ਤੇ ਭਾਰਤ ਸਰਕਾਰ ਦੀ ਗੈਰ ਕਾਨੂੰਨੀ ਅਤੇ ਨੈਤਿਕ ਤੌਰ ਤੇ ਗਲਤ ਪੋਜ਼ੀਸ਼ਨ ਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ। ਸਾਨੂੰ ਇੱਕ ਗੱਲ ਸਪੱਸ਼ਟ ਹੋਣੀ ਚਾਹੀਦੀ ਹੈ ਜਦੋਂ ਤੱਕ ਅਜਿਹਾ ਨਾ ਹੋਇਆ ਤਾਂ ਇਸ ਖਿੱਤੇ ਵਿੱਚ ਸ਼ਾਂਤੀ ਨਹੀਂ ਆ ਸਕਦੀ’।
ਸੰਯੁਕਤ ਰਾਸ਼ਟਰ ਦੇ ਸਿਵਲ ਅਤੇ ਰਾਜਨੀਤਿਕ ਅਧਿਕਾਰਾਂ ਬਾਰੇ 1966 ਦੇ ਐਲਾਨਨਾਮੇ ਦੀ ਮਦ 1 ਦਾ ਹਵਾਲਾ ਦਿੰਦਿਆਂ ਅੱਗੇ ਕਿਹਾ ਗਿਆ ਹੈ ਕਿ ‘ਸਾਰੇ ਲੋਕਾਂ ਨੂੰ ਸਵੈ ਨਿਰਣੈ ਦਾ ਅਧਿਕਾਰ ਪ੍ਰਾਪਤ ਹੈ । ਭਾਰਤ ਸਰਕਾਰ ਵੱਲੋਂ ਜਦੋਂ ਇਸ ਦਸਤਾਵੇਜ਼ ਤੇ ਦਸਤਖਤ ਕੀਤੇ ਤਾਂ ਉਹਨਾਂ ਨੇ ਮਦ 1 ਉੱਤੇ ਇਤਰਾਜ਼ ਕਰਦਿਆਂ ਕਿਹਾ ਕਿ ਇਹ ਆਰਟੀਕਲ ਭਾਰਤ ਵਿੱਚ ਰਹਿੰਦੀਆਂ ਕੌਮਾਂ ਜਾਂ ਲੋਕਾਂ ਉੱਤੇ ਇਹ ਲਾਗੂ ਨਹੀਂ ਹੁੰਦਾ। ਸੰਯੁਕਤ ਰਾਸ਼ਟਰ ਵੱਲੋਂ ਭਾਰਤ ਨੂੰ ਇਹ ਇਤਰਾਜ਼ ਦੂਰ ਕਰਨ ਲਈ ਕਿਹਾ ਗਿਆ ਪਰ ਭਾਰਤ ਅਜਿਹਾ ਕਰਨ ਤੋਂ ਇਨਕਾਰੀ ਹੈ। ਇਸ ਦੇ ਉਲਟ ਭਾਰਤ ਵੱਲੋਂ ਆਪਣੇ ਅਸੀਮ ਸਾਧਨਾਂ ਦੀ ਵਰਤੋਂ ਕਰਕੇ ਸਵੈ ਨਿਰਣੈ ਦਾ ਹੱਕ ਮੰਗ ਰਹੀਆਂ ਕੌਮਾਂ ਨੂੰ ਦਬਾਉਣ ਦਾ ਕੰਮ ਕੀਤਾ ਹੈ। ਜਿਸ ਦਾ ਨਤੀਜਾ ਅਕਿਹ ਤਬਾਹੀ ਅਤੇ ਅੱਤਿਆਚਾਰ ਹੈ’।
‘ਦੂਸਰੇ ਪਾਸੇ ਭਾਰਤ ਵੱਲੋਂ ਸੰਯੁਕਤ ਰਾਸ਼ਟਰ ਸਕਿਉਰਿਟੀ ਕੌਂਸਲ ਦੇ ਕਸ਼ਮੀਰ ਅੰਦਰ ਪਲੈਬੇਸਾਈਟ ਕਰਵਾਉਣ ਦੇ ਫੈਸਲੇ ਨੂੰ ਵੀ ਲਾਗੂ ਕਰਨ ਤੋਂ ਇਨਕਾਰੀ ਹੈ। ਇਸੇ ਤਰ੍ਹਾਂ ਹੀ ਹੁਣ ਭਾਰਤ ਸਰਕਾਰ ਸਿੱਖਾਂ ਵੱਲੋਂ 2020 ਵਿੱਚ ਰੈਫਰੰਡਮ ਕਰਨ ਦੀ ਮੰਗ ਨੂੰ ਵੀ ਗੈਰ ਕਾਨੂੰਨੀ ਕਰਾਰ ਦਿੱਤਾ ਜਾ ਰਿਹਾ ਹੈ। ਹੁਣ ਇਹ ਸਾਫ ਹੋ ਗਿਆ ਹੈ ਕਿ ਦੱਖਣੀ ਏਸ਼ੀਆਂ ਵਿੱਚ ਸ਼ਾਂਤੀ ਦੀ ਬਹਾਲੀ ਲਈ ਅੰਤਰਰਾਸ਼ਟਰੀ ਭਾਈਚਾਰੇ ਨੂੰ ਆਪਣੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਲਈ ਗੰਭੀਰ ਯਤਨ ਕਰਨੇ ਪੈਣਗੇ। ਅਸੀਂ ਭਾਰਤ ਅੰਦਰ ਵਸਦੇ ਸਮਝਦਾਰ ਲੋਕਾਂ ਨੂੰ ਵੀ ਇਸ ਪ੍ਰਤੀ ਅਵਾਜ਼ ਉਠਾਉਣ ਦੀ ਬੇਨਤੀ ਕਰਦੇ ਹਾਂ’।
ਜਥੇਬੰਦੀ ਨੇ ਫੌਰੀ ਤੌਰ ਉੱਤੇ ਮੰਗ ਕੀਤੀ ਹੈ ਕਿ ਭਾਰਤ, ਪਾਕਿਸਤਾਨ ਖਿਲਾਫ ਕਿਸੇ ਤਰਾਂ ਦੀ ਫੌਜੀ ਕਾਰਵਾਈ ਕਰਨ ਲਈ ਸਿੱਖਾਂ ਦੀ ਮਾਤਭੂਮੀ ਅਤੇ ਸਿੱਖ ਫੌਜੀਆਂ ਨੂੰ ਇਸਤੇਮਾਲ ਨਾ ਕਰੇ।
ਬਿਆਨ ਚ ਅੱਗੇ ਕਿਹਾ ਹੈ ਕਿ ‘ਸਿੱਖ ਕੌਮ ਭਾਰਤ ਪਾਕਿਸਤਾਨ ਲੜਾਈ ਵਿੱਚ ਕੋਈ ਧਿਰ ਨਹੀਂ ਹੈ ਇਸ ਲਈ ਸਾਡੀ ਮਾਤਭੂਮੀ ਦੇ ਸਰੋਤਾਂ ਨੂੰ ਕਿਸੇ ਸੂਰਤ ਵੀ ਨਾ ਵਰਤਿਆ ਜਾਵੇ। ਕਿਸੇ ਤਰ੍ਹਾਂ ਦੀ ਪ੍ਰਮਾਣੂ ਲੜਾਈ ਦੀ ਸੂਰਤ ਵਿੱਚ ਬਹੁਗਿਣਤੀ ਸਿੱਖਾਂ ਦਾ ਖਾਤਮਾ ਹੋ ਜਾਵੇਗਾ ਇਸ ਲਈ ਕੋਈ ਵੀ ਸਿੱਖ ਭਾਰਤ ਸਰਕਾਰ ਵੱਲੋਂ ਅਤੇ ਉਹਨਾਂ ਨਾਲ ਜੁੜੇ ਮੀਡੀਆ ਵੱਲੋਂ ਜੰਗ ਦੀ ਕੀਤੀ ਜਾ ਰਹੀ ਲਾਮਬੰਦੀ ਦਾ ਸਾਥ ਦੇਣ ਲਈ ਤਿਆਰ ਨਹੀਂ ਹੈ’।
ਸਿੱਖ ਜਥੇਬੰਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਭਾਰਤੀ ਪ੍ਰਧਾਨ ਮੰਤਰੀ ਨੂੰ ਮਿਲ ਬੈਠ ਕੇ ਮਸਲੇ ਸੁਲਝਾਉਣ ਦੀ ਕੀਤੀ ਪੇਸ਼ਕਸ਼ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ‘ਅਸੀਂ ਲੜਾਈ ਦੀ ਸੂਰਤ ਵਿੱਚ ਭਾਰਤ ਫੌਜ ਵਿੱਚ ਕੰਮ ਕਰਦੇ ਸਿੱਖ ਫੌਜੀਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਪਾਕਿਸਤਾਨ ਖਿਲਾਫ ਹਮਲੇ ਦੇ ਭਾਗੀ ਨਾ ਬਣਨ ਬਲਕਿ ਜੰਗ ਦੀ ਸੂਰਤ ਵਿੱਚ ਪੰਜਾਬ ਆ ਕੇ ਸਿੱਖਾਂ ਦੀ ਰਖਵਾਲੀ ਕਰਨ ਕਿਉਂਕਿ ਇਹ ਜੰਗ ਸਿੱਖ ਕੌਮ, ਪੰਜਾਬੀਆਂ ਅਤੇ ਆਪਣੀ ਮਾਤਭੂਮੀ ਲਈ ਵੱਡਾ ਖਤਰਾ ਹੈ’।
ਵਰਲਡ ਸਿੱਖ ਪਾਰਲੀਮੈਂਟ ਨੇ ਕਿਹਾ ਹੈ ਕਿ ਉਹ ਅੰਤਰਰਾਸ਼ਟਰੀ ਕਾਨੂੰਨਾਂ ਅਨੁਸਾਰ ਸਵੈ ਨਿਰਣੈ ਲਈ ਜਦੋਜਹਿਦ ਕਰ ਰਹੇ ਕਸ਼ਮੀਰੀਆਂ ਦੇ ਸੰਘਰਸ਼ ਦੀ ਪੂਰਨ ਹਿਮਾਇਤ ਕਰਦੀ ਹੈ। ਪਿਛਲੇ ਦਿਨਾਂ ਦੌਰਾਨ ਹਿੰਦੂਤਵੀਆਂ ਵੱਲੋਂ ਕਸ਼ਮੀਰੀਆਂ ਉੱਤੇ ਕੀਤੇ ਜਾ ਰਹੇ ਹਮਲਿਆਂ ਦੌਰਾਨ ਉਹਨਾਂ ਦੀ ਰਾਖੀ ਲਈ ਸਿੱਖਾਂ ਵਲੋਂ ਕਸ਼ਮੀਰੀਆਂ ਦੇ ਬਚਾਅ ਲਈ ਅੱਗੇ ਆਉਣ ਦਾ ਹਵਾਲਾ ਦਿੰਦਿਆਂ ਵਰਲਡ ਸਿੱਖ ਪਾਰਲੀਮੈਂਟ ਨੇ ਕਿਹਾ ਕਿ ‘ਇਸ ਤੋਂ ਸਾਬਤ ਹੁੰਦਾ ਹੈ ਕਿ ਸਿੱਖ ਹਮੇਸ਼ਾਂ ਸੱਚ ਅਤੇ ਹੱਕ ਲਈ ਅਵਾਜ਼ ਬੁਲੰਦ ਕਰਦੇ ਹਨ ਤੇ ਸੱਚ ਤੇ ਪਹਿਰਾ ਦਿੰਦੇ ਹਨ ਤੇ ਸਦਾ ਦਿੰਦੇ ਰਹਿਣਗੇ। ਅਸੀਂ ਨਾਂ ਤਾਂ 1984 ਨੂੰ ਕਦੇ ਭੁੱਲਿਆ ਹੈ ਤੇ ਨਾਂ ਹੀ ਕਦੇ ਭੁੱਲਾਂਗੇ ਜਦੋਂ ਇਹੋ ਜਿਹੇ ਹਿੰਦੂਵਾਦੀਆਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਸੀ। ਉਸ ਸਮੇਂ ਵੀ ਵੋਟਾਂ ਦੀ ਪਰਾਪਤੀ ਨੂੰ ਮੁੱਖ ਰੱਖਕੇ ਸਿੱਖਾਂ ਨੂੰ ਨਸਲਕੁਸ਼ੀ ਦਾ ਨਿਸ਼ਾਨਾ ਬਣਾਇਆ ਗਿਆ ਸੀ’।
⊕ ਜਰੂਰ ਪੜ੍ਹੋ – ਕਰਤਾਰਪੁਰ ਸਾਹਿਬ ਲਾਂਘੇ ਬਾਰੇ ਇਸ ਵੇਲੇ ਗੱਲ ਅੱਗੇ ਤੁਰਨ ਦੀ ਵਜ੍ਹਾ ਕੀ ਹੈ?
ਜਥੇਬੰਦੀ ਨੇ ਅੱਗੇ ਕਿਹਾ ਹੈ ਕਿ ‘ਪਿਛਲੇ ਕੁਝ ਦਿਨਾਂ ਦੇ ਘਟਨਾਕ੍ਰਮ ਕਾਰਨ ਪਾਕਿਸਤਾਨ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਣ ਦੇ ਫੈਸਲੇ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇਗਾ। ਸਿੱਖਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਜਨਮ ਦਿਹਾੜਾ ਮਨਾਇਆ ਜਾਣਾ ਹੈ ਤੇ ਇਹ ਢੁਕਵਾਂ ਮੌਕਾ ਹੈ ਕਿ ਸਮੁੱਚੀ ਮਨੁੱਖਤਾ ਗੁਰੂ ਨਾਨਕ ਸਾਹਿਬ ਦੇ ਸਰਬ ਸਾਂਝੀਵਾਲਤਾ ਅਤੇ ਪਿਆਰ ਦੇ ਸੰਦੇਸ਼ ਦੀ ਪਾਲਣਾ ਕਰੇ। ਮੋਦੀ, ਰਾਹੁਲ ਗਾਂਧੀ ਜਾਂ ਜੰਗ ਲਈ ਲਾਮਬੰਦੀ ਕਰ ਰਹੇ ਹੋਰ ਲੋਕਾਂ ਨੂੰ ਇਸ ਅਹਿਮ ਸਮੇਂ ਤੇ ਗੁਰੂ ਸਾਹਿਬ ਦੇ ਸੰਦੇਸ਼ ਨੂੰ ਸਵੀਕਾਰਨਾ ਚਾਹੀਦਾ ਹੈ। ਮੌਜੂਦਾ ਹਿੰਦੁਤਵੀ ਤਾਕਤ ਜੋ ਕਿ ਬ੍ਰਾਹਮਣਵਾਦ ਦੀ ਫਾਸ਼ੀਵਾਦੀ ਵਿਚਾਰਧਾਰਾ ਤੇ ਚਲਦਿਆਂ ਆਮ ਮਨੁੱਖਾਂ ਨੂੰ ਕੁਚਲਣ ਦੀ ਵਕਾਲਤ ਕਰਦੀ ਹੈ, ਉਸ ਨੂੰ ਗੁਰੂ ਨਾਨਕ ਸਾਹਿਬ ਵੱਲੋਂ ਪੁਰਜ਼ੋਰ ਤਰੀਕੇ ਨਾਲ ਰੱਦ ਕੀਤਾ ਗਿਆ ਸੀ ਤੇ ਇਸ ਵਿਚਾਰਧਾਰਾ ਨੂੰ ਅੱਜ ਗਲੋਬਲ ਤਬਾਹੀ ਸ਼ੁਰੂ ਕਰਨ ਦਾ ਮੌਕਾ ਨਹੀਂ ਦਿੱਤਾ ਜਾ ਸਕਦਾ’।