ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਤਿੰਨ ਸਿੱਖ ਨੌਜਵਾਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਅਤੇ ਉਨ੍ਹਾਂ ਦੀ ਉਮਰ ਕੈਦ ਦੀ ਸਜ਼ਾ ਨੂੰ ਮੁਅੱਤਲ (ਸਸਪੈਂਡ) ਕਰ ਦਿੱਤਾ ਹੈ। ਰਾਹਤ ਪਾਉਣ ਵਾਲੇ ਇਨ੍ਹਾਂ ਤਿੰਨਾਂ ਵਿਅਕਤੀਆਂ ਦੀ ਪਛਾਣ ਹਰਚਰਨ ਸਿੰਘ ਦਿੱਲੀ, ਰਵਿੰਦਰਪਾਲ ਸਿੰਘ ਮਹਿਣਾ ਅਤੇ ਜਗਦੇਵ ਸਿੰਘ ਤਲਾਨੀਆ ਵਜੋਂ ਹੋਈ ਹੈ, ਜੋ ਮਈ 2019 ਤੋਂ ਜੇਲ੍ਹ ਵਿੱਚ ਬੰਦ ਹਨ।

ਇਹ ਅਹਿਮ ਹੁਕਮ ਹਾਈਕੋਰਟ ਦੇ ਡਬਲ ਬੈਂਚ ਵੱਲੋਂ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਜਸਟਿਸ ਹਰਸਿਮਰਨ ਸਿੰਘ ਸੇਠੀ ਅਤੇ ਜਸਟਿਸ ਦੀਪਕ ਮਨਚੰਦਾ ਸ਼ਾਮਲ ਸਨ।

ਤਸਵੀਰ ‘ਚ ਸਿੱਖ ਨੌਜਵਾਨ ਸ. ਹਰਚਰਨ ਸਿੰਘ, ਸ. ਰਵਿੰਦਰਪਾਲ ਸਿੰਘ ਅਤੇ ਸ. ਜਗਦੇਵ ਸਿੰਘ

ਐਨ.ਆਈ.ਏ. (NIA) ਅਦਾਲਤ ਵੱਲੋਂ ਸੁਣਾਈ ਗਈ ਸੀ ਸਜ਼ਾ

‘ਪੰਜਾਬ ਲਾਇਰਜ਼’ ਦੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਅਦਾਲਤ ਦੇ ਇਸ ਫੈਸਲੇ ਬਾਰੇ ਸਿੱਖ ਸਿਆਸਤ ਨਿਊਜ਼ ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਜਸਟਿਸ ਹਰਸਿਮਰਨ ਸਿੰਘ ਸੇਠੀ ਅਤੇ ਜਸਟਿਸ ਦੀਪਕ ਮਨਚੰਦਾ ਦੇ ਡਬਲ ਬੈਂਚ ਨੇ NIA ਦੀ ਵਿਸ਼ੇਸ਼ ਅਦਾਲਤ ਪੰਜਾਬ ਦੀ ਜੱਜ ਮਨਜੋਤ ਕੌਰ ਵੱਲੋਂ ਸਾਲ 2024 ਵਿੱਚ ਦਿੱਤੀ ਗਈ ਉਮਰ ਕੈਦ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਇਨ੍ਹਾਂ ਤਿੰਨਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਉਨ੍ਹਾਂ ਨੇ ਰਿਹਾਈ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜ਼ਮਾਨਤੀ ਬਾਂਡ ਭਰਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਤਿੰਨਾਂ ਸਿੱਖਾਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਜਾਵੇਗਾ।

ਅਦਾਲਤ ਵਿੱਚ ਵੱਖ-ਵੱਖ ਵਕੀਲਾਂ ਵੱਲੋਂ ਪੈਰਵੀ

ਹਾਈਕੋਰਟ ਵਿੱਚ ਇਨ੍ਹਾਂ ਤਿੰਨਾਂ ਸਿੱਖ ਨੌਜਵਾਨਾਂ ਦਾ ਪੱਖ ਰੱਖਣ ਲਈ ਵੱਖ-ਵੱਖ ਨਾਮਵਰ ਵਕੀਲ ਪੇਸ਼ ਹੋਏ। ਹਰਚਰਨ ਸਿੰਘ ਦਿੱਲੀ ਵੱਲੋਂ ਐਡਵੋਕੇਟ ਨਵਕਿਰਨ ਸਿੰਘ ਨੇ ਪੈਰਵੀ ਕੀਤੀ, ਰਵਿੰਦਰਪਾਲ ਸਿੰਘ ਮਹਿਣਾ ਦੀ ਨੁਮਾਇੰਦਗੀ ਸੀਨੀਅਰ ਐਡਵੋਕੇਟ ਪੂਰਨ ਸਿੰਘ ਹੁੰਦਲ ਵੱਲੋਂ ਕੀਤੀ ਗਈ ਅਤੇ ਜਗਦੇਵ ਸਿੰਘ ਤਲਾਨੀਆ ਦਾ ਪੱਖ ਐਡਵੋਕੇਟ ਬਲਬੀਰ ਸਿੰਘ ਸੇਵਕ ਵੱਲੋਂ ਅਦਾਲਤ ਵਿੱਚ ਰੱਖਿਆ ਗਿਆ।

ਜ਼ਿਕਰਯੋਗ ਹੈ ਕਿ ਇਨ੍ਹਾਂ ਬੰਦੀਆਂ ਦੇ ਕੇਸ ਦਾ ਪੂਰਾ ਪ੍ਰਬੰਧ ਅਤੇ ਫਾਲੋ-ਅਪ ‘ਸਿੱਖ ਲੀਗਲ ਅਸਿਸਟੈਂਸ ਬੋਰਡ’ (Sikh Legal Assistance Board) ਵੱਲੋਂ ਕੀਤਾ ਗਿਆ ਸੀ, ਜਿਨ੍ਹਾਂ ਦੇ ਯਤਨਾਂ ਸਦਕਾ ਅੱਜ ਇਨ੍ਹਾਂ ਨੌਜਵਾਨਾਂ ਨੂੰ ਇਹ ਕਾਨੂੰਨੀ ਰਾਹਤ ਮਿਲੀ ਹੈ।

Comments

comments