ਨਨਕਾਣਾ ਸਾਹਿਬ: ਕੱਲ੍ਹ (4 ਨਵੰਬਰ, 2017) ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਉਨ੍ਹਾਂ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਗਿਆ। ਦੇਸ਼ ਵਿਦੇਸ਼ ਤੋਂ ਆਈ ਸਿੱਖ ਸੰਗਤ ਨੇ ਇਸ ਵਿੱਚ ਸ਼ਮੂਲੀਅਤ ਕੀਤੀ। ਮਿਲੇ ਵੇਰਵਿਆਂ ਮੁਤਾਬਕ ਗੁਰਪੁਰਬ ਦੇ ਸਬੰਧ ਵਿੱਚ ਸਵੇਰੇ ਗੁਰਦੁਆਰਾ ਜਨਮ ਅਸਥਾਨ, ਨਨਕਾਣਾ ਸਾਹਿਬ ਵਿਖੇ ਸਿੱਖ ਆਗੂਆਂ ਤੇ ਹੋਰਨਾਂ ਵੱਲੋਂ ਗੁਰੂ ਸਾਹਿਬ ਦੇ ਜੀਵਨ ਅਤੇ ਉਪਦੇਸ਼ਾਂ ’ਤੇ ਚਾਨਣਾ ਪਾਇਆ ਗਿਆ।
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਨੇ ਗੁਰਪੁਰਬ ਸਮਾਗਮਾਂ ਵਿੱਚ ਸ਼ਾਮਲ ਹੋਣ ਪੁੱਜੀਆਂ ਸਿੱਖ ਸੰਗਤਾਂ ਨੂੰ ਜੀ ਆਇਆਂ ਆਖਿਆ ਅਤੇ ਪਾਕਿਸਤਾਨ ਕਮੇਟੀ ਵੱਲੋਂ ਉਥੋਂ ਦੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਆਖਿਆ ਕਿ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਪਾਕਿਸਤਾਨ ਵਿੱਚ ਸਿੱਖ ਸੰਗਤਾਂ ਵੱਲੋਂ ਸਰਕਾਰ ਦੇ ਸਹਿਯੋਗ ਨਾਲ ਵੱਡੇ ਪੱਧਰ ’ਤੇ ਮਨਾਇਆ ਜਾਵੇਗਾ, ਜਿਸ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਨੇ ਦੁਨੀਆ ਭਰ ਦੀ ਸਿੱਖ ਸੰਗਤ ਨੂੰ ਸੱਦਾ ਦਿੱਤਾ। ਇਸ ਮੌਕੇ ਔਕਾਫ ਬੋਰਡ ਦੇ ਚੇਅਰਮੈਨ ਸਦੀਕ ਉਲ ਫਾਰੁਕ ਨੇ ਆਖਿਆ ਕਿ ਪਾਕਿਸਤਾਨ ਵਿੱਚ ਸ਼ਤਾਬਦੀ ਸਮਾਗਮ ਮਨਾਉਣ ਲਈ ਸਰਕਾਰ ਦੇ ਸਹਿਯੋਗ ਨਾਲ ਵੱਡੇ ਪਧਰ ’ਤੇ ਯਤਨ ਕੀਤੇ ਜਾਣਗੇ। ਇਸ ਮੌਕੇ ਪੀਜੀਪੀਸੀ ਵੱਲੋਂ ਆਏ ਮਹਿਮਾਨਾਂ ਤੇ ਹੋਰ ਪਤਵੰਤਿਆਂ ਦਾ ਸਨਮਾਨ ਵੀ ਕੀਤਾ ਗਿਆ।
ਬਾਅਦ ਦੁਪਹਿਰ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਗੁਰਦੁਆਰਾ ਕਿਆਰਾ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਫੁੱਲਾਂ ਨਾਲ ਸਜੀ ਇੱਕ ਬੱਸ ਵਿੱਚ ਸਥਾਪਤ ਪਾਲਕੀ ਵਿੱਚ ਸੁਸ਼ੋਭਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਸਿੱਖ ਸੰਗਤ ਸ਼ਾਮਲ ਸੀ। ਸਿੱਖ ਨੌਜਵਾਨਾਂ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਗਏ। ਨਗਰ ਕੀਰਤਨ ਦੇ ਰਸਤੇ ਵਿੱਚ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਨਗਰ ਕੀਰਤਨ ਦੇ ਰਸਤੇ ਨੂੰ ਸਜਾਇਆ ਗਿਆ ਸੀ ਅਤੇ ਲਾਲ ਗਲੀਚਾ ਵੀ ਵਿਛਾਇਆ ਗਿਆ ਸੀ।