Site icon Sikh Siyasat News

ਆਪ ਨੇ ਕੱਲ੍ਹ ਇੱਕ ਕਲਾਕਾਰ ਗਵਾਇਆ ਤੇ ਅੱਜ ਇੱਕ ਪਾਰਟੀ ਵਿੱਚ ਮਿਲਾਇਆ; ਘੁੱਗੀ ਨੇ ਫੜਿਆ ਆਪ ਦਾ ਝਾੜੂ

ਚੰਡੀਗੜ੍ਹ: ਕੱਲ੍ਹ ਕਲਾਕਾਰ ਬਲਕਾਰ ਸਿੱਧੂ ਦੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਦਾ ਹਿੱਸਾ ਬਣਨ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਵਿੱਚ ਇੱਕ ਨਵੇਂ ਕਲਾਕਾਰ ਗੁਰਪ੍ਰੀਤ ਘੁੱਗੀ ਦੀ ਸ਼ਮੂਲੀਅਤ ਹੋਈ।

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਗੁਰਪ੍ਰੀਤ ਘੁੱਗੀ ਤੇ ਨਾਲ ਬੈਠੇ ਆਪ ਆਗੂ

ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ, ਸੁੱਚਾ ਸਿੰਘ ਛੋਟੇਪੁਰ, ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਦੁਰਗੇਸ਼ ਪਾਠਕ, ਲੀਗਲ ਸੈਲ ਦੇ ਚੇਅਰਮੈਨ ਹਿੰਮਤ ਸਿੰਘ ਸ਼ੇਰਗਿੱਲ, ਯੂਥ ਵਿੰਗ ਦੇ ਪ੍ਰਧਾਨ ਹਰਜੋਤ ਬੈਂਸ ਦੀ ਹਾਜਰੀ ਵਿੱਚ ਗੁਰਪ੍ਰੀਤ ਘੁੱਗੀ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ।

ਇਸ ਮੌਕੇ ਗੁਰਪ੍ਰੀਤ ਘੁੱਗੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਪੰਜਾਬ ਅਤੇ ਪੰਜਾਬੀਅਤ ਨੇ ਬਹੁਤ ਕੁੱਝ ਦਿੱਤਾ ਹੈ। ਹੁਣ ਮੌਕਾ ਹੈ ਕਿ ਆਪਣੀ ਮਾਂ-ਭੂਮੀ ਨੂੰ ਉਸ ਦਾ ਕਰਜ਼ ਮੋੜਾਂ। ਘੁੱਗੀ ਨੇ ਕਿਹਾ ਕਿ ਇਸ ਵੇਲੇ ਪੰਜਾਬ ਦੇ ਲੋਕ ਸੂਬੇ ਵਿਚ ਬਦਲਾਅ ਚਾਹੁੰਦੇ ਹਨ, ਤਾਂਕਿ ਇੱਥੋਂ ਦਾ ਸਿਸਟਮ ਠੀਕ ਹੋ ਸਕੇ। ਉਨ੍ਹਾਂ ਕਿਹਾ ਕਿ ਮੈਂ ਕੇਜਰੀਵਾਲ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਇਆ ਹਾਂ। ਇਹ ਪੁੱਛੇ ਜਾਣ ’ਤੇ ਕਿ ਤੁਸੀਂ ਪੰਜਾਬ ਦੀਆਂ ਆਉਣ ਵਾਲੀਆਂ ਅਸੈਂਬਲੀ ਚੋਣਾਂ ਵਿਚ ਹਿੱਸਾ ਲਵੋਗੇ, ’ਤੇ ਉਨ੍ਹਾਂ ਕਿਹਾ ਕਿ ਪਾਰਟੀ ਜੋ ਹੁਕਮ ਕਰੇਗੀ, ਉਸ ’ਤੇ ਮੈਂ ਫੁੱਲ ਚੜ੍ਹਾਵਾਂਗਾ।

ਉਨ੍ਹਾਂ  ਕਿਹਾ ਨਾਂਅ ਪੈਸਾ ਸ਼ੁਹਰਤ ਸਭ ਕੁੱਝ ਮਿਲਿਆ ਪਰ ਹੁਣ ਸਮਾਂ ਹੈ ਕਿ ਉਹ ਪੰਜਾਬ ਦੀ ਧਰਤੀ ਨੇ ਜੋ ਕੁੱਝ ਉਨ੍ਹਾਂ ਨੂੰ ਦਿੱਤਾ ਹੈ ਉਸ ਦਾ ਕਰਜ ਉਤਾਰਨ। ਇਸ ਲਈ ਉਹ ਸਿਆਸਤ ਚ ਸ਼ਾਮਲ ਹੋ ਰਹੇ ਹਨ।

ਇਸ ਮੌਕੇ ਸੰਜੇ ਸਿੰਘ ਨੇ ਕਿਹਾ ਕਿ ਆਮ ਆਦਮੀ ਦੀ ਇਸ ਪਾਰਟੀ ਦਾ ਪਰਿਵਾਰ ਹੋਰ ਵੱਡਾ ਹੋ ਰਹਾ ਹੈ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਘੁੱਗੀ ਦਾ ਦੇਸ਼ ਅਤੇ ਵਿਦੇਸ਼ਾਂ ਚ ਪ੍ਰਸਿੱਧ ਨਾਂਅ ਹੈ ਤੇ ਇਨ੍ਹਾਂ ਦੇ ਪਾਰਟੀ ਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਲਾਭ ਹੋਵੇਗਾ।

ਭਗਵੰਤ ਮਾਨ ਨੇ ਉਨ੍ਹਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਉਹ ਲੰਬਾ ਸਮਾਂ ਗੁਰਪ੍ਰੀਤ ਘੁੱਗੀ ਨਾਲ ਕੰਮ ਕਰਦੇ ਰਹੇ ਹਨ ਤੇ ਘੁੱਗੀ ਇਕ ਸੁਲਝੇ ਹੋਏ ਇਨਸਾਨ ਹਨ. ਉਹ ਹਮੇਸ਼ਾ ਆਪਣੀ ਸਾਰਥਕ ਕਾਮੇਡੀ ਰਾਹੀਂ ਲੋਕਾਂ ਨੂੰ ਹਸਾਉਂਦੇ ਆਏ ਹਨ ਤੇ ਉਮੀਦ ਹੈ ਕਿ ਉਹ ਹੁਣ ਸਿਆਸਤ ਚ ਆ ਕੇ ਲੋਕਾਂ ਦੀ ਸੇਵਾ ਕਰਨਗੇ।

ਛੋਟੇਪੁਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਉਨ੍ਹਾਂ ਦੇ ਹਲਕੇ ਦੇ ਉੱਘੇ ਨੌਜਵਾਨ ਦੁਨੀਆ ਭਰ ਵਿਚ ਮਸ਼ਹੂਰ ਅਦਾਕਾਰ ਗੁਰਪ੍ਰੀਤ ਘੁੱਗੀ ਉਨ੍ਹਾਂ ਦੇ ਪਰਿਵਾਰ ਵਿਚ ਸ਼ਾਮਲ ਹੋਏ ਹਨ। ਇਸ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version