ਖਨੌਰੀ/ਪਾਤੜਾਂ: ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਵੱਲੋਂ ਆਪਣੀ ਸ਼ਹਾਦਤ ਦੇ ਬਲ ਨਾਲ ਸ਼ੁਰੂ ਕੀਤੇ ਗਏ ਖਾੜਕੂ ਸੰਘਰਸ਼ ਦੇ ਅਖੀਰਲੇ ਦਿਨਾਂ ਵਿੱਚ ਗੁਰੂ ਖਾਲਸਾ ਪੰਥ ਦੀ ਰਿਵਾਇਤ ਅਤੇ ਜੁਝਾਰੂਆਂ ਦੀ ਅਸਲ ਪ੍ਰੇਰਨਾ ਸ਼ਕਤੀ ਨੂੰ ਨਵੀਂ ਪੀੜੀ ਦੇ ਨੌਜਵਾਨਾਂ ਤੱਕ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ ਰਹੇ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ੧੪ਵੀਂ ਬਰਸੀ ਨੂੰ ਸਮਰਪਿਤ ਗੁਰਮਤਿ ਸਮਾਗਮ ਪਿੰਡ ਠਰੂਆ ਦੇ ਗੁਰਦੁਆਰਾ ਸਾਹਿਬ ਵਿਖੇ ਇਲਾਕੇ ਦੀ ਸਿੱਖ ਸੰਗਤਾਂ ਅਤੇ ਪਰਿਵਾਰ ਦੇ ਸਹਿਯੋਗ ਨਾਲ ਮਨਾਇਆ ਗਿਆ।
ਭਾਈ ਸੁਰਿੰਦਰਪਾਲ ਸਿੰਘ ਠਰੂਆ ਖਾੜਕੂ ਲਹਿਰ ਦੀ ਵਿਰਾਸਤ ਨੂੰ ਸੰਭਾਲਣ ਦੇ ਮੋਹਰੀ ਵਿਅਕਤੀਆਂ ਵਜੋਂ ਜਾਣੇ ਜਾਂਦੇ ਹਨ। ਜਿਹਨਾਂ ਨੇ ੧੯੯੫ ਵਿੱਚ ਜੇਲ ਵਿੱਚੋਂ ਰਿਹਾਈ ਤੋਂ ਬਾਅਦ ਹਕੂਮਤ ਵੱਲੋਂ ਬਣਾਏ ਡਰ ਦੇ ਮਾਹੌਲ ਦੀ ਪਰਵਾਹ ਨਾ ਕਰਦਿਆਂ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਕੀਤੀ ਅਤੇ ਜੇਲਾਂ ਵਿੱਚ ਬੰਦ ਪਏ ਬੰਦੀ ਸਿੰਘਾਂ ਦੀ ਇੱਕ ਸੂਚੀ ਜਾਰੀ ਕੀਤੀ।
ਖਾੜਕੂ ਲਹਿਰ ਅਤੇ ਜੁਝਾਰੂਆਂ ਦਾ ਸੱਚ ਦੁਨੀਆ ਸਾਹਮਣੇ ਰੱਖਣ ਲਈ “ਸਿੱਖ ਸ਼ਹਾਦਤ” ਰਸਾਲੇ ਦੀ ਸ਼ੁਰੂਆਤ ਕੀਤੀ। ਜਥੇਬੰਦਕ ਕਾਰਜਾਂ ਵਿੱਚ ਉਹਨਾਂ ਨੇ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਸ਼ੁਰੂਆਤ ਕੀਤੀ ਅਤੇ ਅਗਲੀ ਪੀੜੀ ਦੇ ਕਾਰਕੁੰਨ ਵਿਦਵਾਨਾਂ ਨੂੰ ਪੰਥ ਸੇਵਾ ਲਈ ਪ੍ਰੇਰਿਆ ਸੀਮਿਤ ਵਸੀਲੇ ਅਤੇ ਅਥਾਹ ਮਿਹਨਤ ਦੇ ਸਦਕਾ ਅੱਜ ਸਿੱਖ ਜੁਝਾਰੂਆਂ ਅਤੇ ਪੰਥ ਦਰਦੀਆਂ ਦੇ ਦਿਲ ਵਿੱਚ ਉਨਾਂ ਪ੍ਰਤੀ ਅਥਾਹ ਸਨੇਹ ਹੈ
ਉਹਨਾਂ ਦੀ ਯਾਦ ਵਿੱਚ ਰੱਖੇ ਗਏ ਗੁਰਮਤਿ ਸਮਾਗਮ ਵਿੱਚ ਭਾਈ ਬੇਅੰਤ ਸਿੰਘ ਲੁਧਿਆਣਾ ਦੇ ਰਾਗੀ ਜਥੇ ਨੇ ਰਾਗਮਈ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ।
ਰਣਜੀਤ ਸਿੰਘ ਨੇ ਮੰਚ ਦਾ ਸੰਚਾਲਨ ਕਰਦਿਆਂ ਭਾਈ ਸੁਰਿੰਦਰ ਪਾਲ ਸਿੰਘ ਠਰੂਆ ਵੱਲੋਂ ਖਾੜਕੂ ਲਹਿਰ ਅੰਦਰ ਪਾਏ ਯੋਗਦਾਨ ਦੀ ਗੱਲ ਕੀਤੀ ਅਤੇ ਜੇਲ ਚੋਂ ਰਿਹਾਅ ਹੋਣ ਤੋਂ ਬਾਅਦ ਉਨਾਂ ਵੱਲੋਂ ਗੁਰੂ ਖਾਲਸਾ ਪੰਥ ਦੀ ਚੜਦੀ ਕਲਾ ਲਈ ਵਿੱਢੇ ਗਏ ਕਾਰਜਾਂ ਬਾਰੇ ਸੰਗਤ ਨੂੰ ਜਾਣੂ ਕਰਵਾਇਆ।
ਭਾਈ ਸੁਰਿੰਦਰਪਾਲ ਸਿੰਘ ਜੀ ਦੀ ਸੰਗਤ ਦਾ ਆਨੰਦ ਮਾਣਦੇ ਰਹੇ ਡਾ. ਕੰਵਲਜੀਤ ਸਿੰਘ ਖਡੂਰ ਸਾਹਿਬ ਨੇ ਉਹਨਾਂ ਦੇ ਪੰਥ ਕਾਰਜਾਂ ਨੂੰ ਸੰਗਤ ਸਾਹਮਣੇ ਪੇਸ਼ ਕਰਦਿਆਂ ਦੱਸਿਆ ਕਿ ਭਾਈ ਸਾਹਿਬ ਦਾ ਸੰਘਰਸ਼ ਧਰਾਤਲ ਤੋਂ ਥੱਲੇ ਪਸਰ ਰਹੀਆਂ ਜੜਾਂ ਦੀ ਤਰ੍ਹਾਂ ਸੀ ਜੋ ਏਕ ਨਜ਼ਰੇ ਦੇਖਿਆ ਨਜ਼ਰ ਨਹੀਂ ਪੈਂਦਾ ਪਰ ਉਨਾਂ ਨੇ ਸੰਘਰਸ਼ ਦੀ ਵਿਰਾਸਤ ਨੂੰ ਸਾਂਭਦਿਆਂ ਅਤੇ ਲਹਿਰ ਦੇ ਅਮਲ ਦਾ ਪਸਾਰ ਕੀਤਾ।
ਇਸ ਗੁਰਮਤਿ ਸਮਾਗਮ ਵਿੱਚ ਪਹੁੰਚੀਆਂ ਸਾਰੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਪੁਸ਼ਪਿੰਦਰ ਸਿੰਘ ਤਾਊ ਨੇ ਭਾਈ ਸੁਰਿੰਦਰ ਪਾਲ ਸਿੰਘ ਠਰੂਆ ਹੋਣਾਂ ਨਾਲ ਬਿਤਾਏ ਪਲਾਂ ਨੂੰ ਸੰਗਤ ਦੇ ਨਾਲ ਸਾਂਝਾ ਕੀਤਾ।
ਅਖੀਰ ਵਿੱਚ ਖਾੜਕੂ ਸੰਘਰਸ਼ ਨਾਲ ਸੰਬੰਧਿਤ ਪਰਿਵਾਰਾਂ ਅਤੇ ਸਿੱਖ ਬੀਬੀਆਂ ਨੂੰ ਗੁਰੂ ਦੀ ਬਖਸ਼ਿਸ਼ ਸਿਰਪਾਉ ਅਤੇ ਬਿਬੇਕਗੜ੍ਹ ਪ੍ਰਕਾਸ਼ਨ ਵੱਲੋਂ ਛਾਪੀ ਗਈ ਕਿਤਾਬ “ਕੌਰਨਾਮਾ” ਦੇ ਕੇ ਨਾਲ ਨਿਵਾਜਿਆ ਗਿਆ।
ਇਸ ਮੌਕੇ ਭਾਈ ਦਲਜੀਤ ਸਿੰਘ,ਬੀਬੀ ਅਮ੍ਰਿੰਤ ਕੌਰ, ਭਾਈ ਸੁਰਿੰਦਰਪਾਲ ਸਿੰਘ ਦੀ ਸਿੰਘਣੀ ਬੀਬੀ ਸਰਤਾਜ ਕੌਰ, ਉਹਨਾਂ ਦੇ ਪੁੱਤਰ ਮੋਹਕਮ ਸਿੰਘ, ਬਾਬਾ ਬਲਬੀਰ ਸਿੰਘ ਬੀਰਾ, ਬਾਬਾ ਹਰਦੀਪ ਸਿੰਘ ਮਹਿਰਾਜ, ਜਥੇਦਾਰ ਜਰਨੈਲ ਸਿੰਘ ,ਬਲਜਿੰਦਰ ਸਿੰਘ ਕੋਟਭਾਰਾ, ਬੀਬੀ ਸੋਹਵਨਜੀਤ ਕੌਰ, ਭਾਈ ਲਾਲ ਸਿੰਘ ਅਕਾਲਗੜ, ਬਾਬਾ ਇੰਦਰ ਸਿੰਘ, ਬਾਬਾ ਦਿਲਬਾਗ ਸਿੰਘ, ਡਾ. ਸੇਵਕ ਸਿੰਘ, ਲੱਖੀ ਜੰਗਲ ਖਾਲਸਾ, ਸਿੱਖ ਜਥਾ ਮਾਲਵਾ, ਪੰਥ ਸੇਵਕ ਜਥਾ ਮਾਝਾਂ ਅਤੇ ਦੋਆਬਾ, ਮਾਸਟਰ ਦਵਿੰਦਰ ਸਿੰਘ, ਪਲਵਿੰਦਰ ਸਿੰਘ ਸ਼ਤਰਾਣਾ ਅਤੇ ਹੋਰ ਬਹੁਤ ਸਾਰੀ ਇਲਾਕੇ ਦੀ ਸੰਗਤ ਹਾਜ਼ਰ ਰਹੀ।