ਅਨੰਦਪੁਰ ਸਾਹਿਬ: ਸਿੱਖ ਸਟੂਡੈਂਟਸ ਫੈਡਰੇਸ਼ਨ ਸਿੱਖ ਪੰਥ ਦਾ ਹਰਿਆਵਲ ਦਸਤਾ ਹੈ। ਜਿਸ ਦਾ ਮੁੱਖ ਮੰਤਵ ਨੌਜਵਾਨ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਅਤੇ ਸਿੱਖ ਸਿਧਾਂਤਾਂ ਨਾਲ ਜੋੜਨਾ ਹੈ ਅਤੇ ਗੁਰਮਤਿ ਵਿੱਚ ਪ੍ਰਪੱਕ ਕਰਨਾ ਹੈ। ਇਸੇ ਮੰਤਵ ਤਹਿਤ ਅੱਜ ਇੱਥੇ ਗੁਰਦੁਆਰਾ ਕਿਲ੍ਹਾ ਤਾਰਾਗੜ ਸਾਹਿਬ ਵਿਖੇ ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਤਿੰਨ ਰੋਜ਼ਾ ਗੁਰਮਤਿ ਵੀਚਾਰ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿਚ ਸੈਂਕੜੇ ਦੀ ਗਿਣਤੀ ਵਿਚ ਪੰਜਾਬ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਵਿਦਿਆਰਥੀਆਂ ਕੈਂਪ ਵਿੱਚ ਹਾਜ਼ਰ ਹੋਏ।

ਇਹ ਕੈਂਪ ਮਿਤੀ 30 ਅਕਤੂਬਰ ਨੂੰ ਆਰੰਭ ਕੀਤਾ ਗਿਆ, ਜਿਸ ਵਿਚ ਪੰਥ ਪ੍ਰਸਿੱਧ ਵਿਦਵਾਨਾਂ ਨੇ ਵੱਖ-ਵੱਖ ਵਿਸ਼ਿਆਂ ਤੇ ਲੈਕਚਰ ਪੇਸ਼ ਕੀਤੇ। ਕੈਂਪ ਵਿਚ ਪਹਿਲੇ ਦਿਨ ਦੀ ਸ਼ੁਰੂਆਤ ਸਮੇਂ ਜੁਗਰਾਜ ਸਿੰਘ ਮਝੈਲ ਨੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਉਪਰੰਤ ਗਿਆਨੀ ਸਤਨਾਮ ਸਿੰਘ ਦਮਦਮੀ ਟਕਸਾਲ, ਗਿਆਨੀ ਨਵਤੇਜ ਸਿੰਘ ਦਮਦਮੀ ਟਕਸਾਲ, ਸਰਦਾਰ ਪਰਮਜੀਤ ਸਿੰਘ ਗਾਜ਼ੀ (ਸਿੱਖ ਸਿਆਸਤ), ਡਾ. ਰਸ਼ਵਿੰਦਰ ਸਿੰਘ (ਅਸਿਸਟੈਂਟ ਪ੍ਰੋਫ਼ੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ) ਆਦਿ ਵਿਦਵਾਨਾਂ ਨੇ ਵਿਦਿਆਰਥੀਆਂ ਨੂੰ ਗੁਰਮਤਿ ਸਿਧਾਂਤਾਂ ਤੋਂ ਜਾਣੂੰ ਕਰਵਾਇਆ।

ਕੈਂਪ ਦੇ ਦੂਜੇ ਦਿਨ ਡਾ. ਕੰਵਰ ਅਮਰਿੰਦਰ ਸਿੰਘ ਨੇ ਨਸਲਕੁਸ਼ੀ ਵਿਸ਼ੇ ‘ਤੇ ਲੈਕਚਰ ਪ੍ਰਸਤੁਤ ਕੀਤਾ ਅਤੇ ਸਰਦਾਰ ਗਗਨਦੀਪ ਸਿੰਘ ਬਾਗੀ ਕਲਮ ਨੇ 1984 ਤੋਂ 1996 ਤੱਕ ਸ਼ਹੀਦ ਸਿੰਘਾਂ ਅਤੇ ਨਸਲਕੁਸ਼ੀ ਉਪਰ ਵਿਸਤ੍ਰਿਤ ਜਾਣਕਾਰੀ ਦਿੱਤੀ। ਇਸ ਕੈਂਪ ਵਿੱਚ ਭਾਈ ਲਵਪ੍ਰੀਤ ਸਿੰਘ ਬੈਂਕਾਂ ਦੇ ਕਵੀਸ਼ਰ ਜਥੇ ਨੇ ਦੋ ਦਿਨ ਕਵੀਸ਼ਰੀ ਰਾਹੀਂ ਵਿਦਿਆਰਥੀਆਂ ਨੂੰ ਗੁਰ ਇਤਿਹਾਸ ਦੇ ਪ੍ਰਸੰਗ ਸਰਵਣ ਕਰਵਾਏ ਸਨ। ਇਸ ਦਿਨ ਸਰਦਾਰ ਪਾਲ ਸਿੰਘ ਫਰਾਂਸ ਅਤੇ ਸਰਦਾਰ ਜੀਵਨ ਸਿੰਘ ਤਮਿਲ ਨੇ ਵਿਸ਼ੇਸ਼ ਹਾਜ਼ਰੀ ਲਗਵਾਈ ਸੀ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਅਤੇ ਮੈਨੇਜਰ ਸਰਬਦਿਆਲ ਸਿੰਘ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਕੈਂਪ ਦੇ ਤੀਜੇ ਦਿਨ ਡਾ. ਬਲਰਾਜ ਸਿੰਘ ਨੇ ਨਸਲਕੁਸ਼ੀ ਅਤੇ ਸਾਹਿਤਕ ਨਸਲਕੁਸ਼ੀ ‘ਤੇ ਲੈਕਚਰ ਪੇਸ਼ ਕੀਤਾ ਅਤੇ ਵਿਦਿਆਰਥੀਆਂ ਨੂੰ ਨਸ਼ਲਕੁਸ਼ੀ ਦੇ ਵਰਤਾਰੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਉਪਰੰਤ ਜੁਗਰਾਜ ਸਿੰਘ ਮਝੈਲ ਨੇ ਸਿੱਖ ਨਸਲਕੁਸ਼ੀ-ਪਿਛੋਕੜ ਅਤੇ ਵਰਤਮਾਨ ਸਰੂਪ ਵਿਸ਼ੇ ਉਪਰ ਜਾਣਕਾਰੀ ਦਿੰਦੇ ਹੋਏ, ਨਸਲਕੁਸ਼ੀ ਦੇ ਵਰਤਾਰੇ, ਸਿੱਖ ਸੱਭਿਆਚਾਰ ਅਤੇ ਪਹਿਚਾਣ ਸਬੰਧੀ ਵਿਚਾਰਾਂ ਦੀ ਸਾਂਝ ਪਾਈ। ਇਸ ਦੌਰਾਨ ਹਰਮਨਦੀਪ ਸਿੰਘ ਜਰਨਲ ਸਕੱਤਰ ਨੇ ਧੰਨਵਾਦੀ ਸ਼ਬਦਾਂ ਦੀ ਸਾਂਝ ਪਾਈ ਤੀਜੇ ਦਿਨ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਵੀ ਵਿਸ਼ੇਸ਼ ਤੌਰ ਉੱਤੇ ਸ਼ਮੂਲੀਅਤ ਕੀਤੀ।

ਇਸ ਕੈਂਪ ਵਿੱਚ ਤਿੰਨ ਦਿਨ ਸਟੇਜ ਸੰਚਾਲਕ ਦੀ ਸੇਵਾ ਮਨਦੀਪ ਸਿੰਘ ਅਤੇ ਨਿਰਮਲਜੀਤ ਸਿੰਘ ਨੇ ਨਿਭਾਈ ਅਤੇ ਨਵਤੇਜ ਸਿੰਘ ਤੇ ਅਵਤਾਰ ਸਿੰਘ ਔਲਖ ਨੇ ਮੀਡੀਆ ਰਿਕਾਰਡ ਦੀ ਸੇਵਾ ਨਿਭਾਈ। ਕੈਂਪ ਦੌਰਾਨ ਵਿਦਿਆਰਥੀਆਂ ਨੂੰ ਨਿਤਨੇਮ, ਖਾਲਸਾਈ ਤਰਾਨਾ, ਗੁਰਬਾਣੀ ਕਥਾ, ਗੁਰ ਇਤਿਹਾਸ, ਸਾਖੀ ਸਾਹਿਤ, ਸ਼ਸਤਰ ਵਿੱਦਿਆ, ਸਿੱਖ ਰਹਿਤ ਬਹਿਤ ਆਦਿ ਹੋਰ ਵੀ ਸਿੱਖ ਸਿਧਾਂਤਾਂ ਨੂੰ ਵਿਹਾਰਕ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਸਬੰਧੀ ਸਰਦਾਰ ਹਰਮਨਦੀਪ ਸਿੰਘ ਦੌਧਰ ਜਰਨਲ ਸਕੱਤਰ ਨੇ ਕਿਹਾ ਕਿ ਗੁਰਮਤਿ ਵੀਚਾਰ ਕੈਂਪ ਵਿਚ ਵਿਦਿਆਰਥੀਆਂ ਗੁਰਮਤਿ ਸਿਧਾਂਤਾਂ ਤੋਂ ਜਾਣੂਕਾਰ ਹੁੰਦੇ ਹਨ ਅਤੇ ਉਨ੍ਹਾਂ ਦੇ ਜੀਵਨ ਵਿਚ ਤਬਦੀਲੀ ਵੀ ਆਉਂਦੀ ਹੈ।ਕੈਂਪ ਵਿਚ ਕਿਲ੍ਹਾ ਗੁਰਦੁਆਰਾ ਤਾਰਾਗੜ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ, ਜੁਗਰਾਜ ਸਿੰਘ ਮਝੈਲ, ਹਰਮਨਦੀਪ ਸਿੰਘ ਦੌਧਰ, ਕੰਨਵਲਪ੍ਰੀਤ ਸਿੰਘ, ਨਿਰਮਲਜੀਤ ਸਿੰਘ, ਗਿਆਨੀ ਮਨਦੀਪ ਸਿੰਘ, ਮਨਦੀਪ ਸਿੰਘ, ਹਰਮਨਪ੍ਰੀਤ ਸਿੰਘ ਬੱਲ, ਵਿਕਰਮਜੀਤ ਸਿੰਘ, ਗਗਨਦੀਪ ਸਿੰਘ ਬਾਗੀ ਕਲਮ ਸਮੇਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ, ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਤੋਂ ਸੈਂਕੜੇ ਵਿਦਿਆਰਥੀ ਹਾਜ਼ਰ ਸਨ।
ਗੁਰਮਤਿ ਵੀਚਾਰ ਕੈਂਪ ਦੀਆਂ ਕੁੱਝ ਹੋਰ ਤਸਵੀਰਾਂ

































































