ਤਰਨਤਾਰਨ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਪ੍ਰਚਾਰ ਸਕੱਤਰ ਪ੍ਰਵੀਨ ਕੁਮਾਰ ਅਤੇ ਕਾਨੂੰਨੀ ਸਲਾਹਕਾਰ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਪ੍ਰਧਾਨ ਬਾਬਾ ਦਰਸ਼ਨ ਸਿੰਘ ਨੇ ਕਿਹਾ ਕਿ ਮਜੀਠਾ ਪੁਲਸ ਵੱਲੋਂ ਸਿੱਖ ਕਾਰਕੁੰਨ ਪੱਪਲਪ੍ਰੀਤ ਸਿੰਘ ਉੱਪਰ ਧਾਰਾ 307 ਤਹਿਤ ਦਰਜ਼ ਕੀਤਾ ਮਾਮਲਾ ਰੱਦ ਹੋਵੇ। ਉਨ੍ਹਾਂ ਕਿਹਾ ਕਿ ਪੁਲਸ ਨੇ ਇਹ ਝੂਠਾ ਪਰਚਾ ਦਰਜ ਕੀਤਾ ਹੈ ਕਿਉਂਕਿ ਪਪਲਪ੍ਰੀਤ ਸਿੰਘ ਨਸ਼ਿਆਂ ਬਾਰੇ ਆਵਾਜ਼ ਚੁੱਕ ਰਿਹਾ ਸੀ।
ਆਗੂਆਂ ਨੇ ਕਿਹਾ ਕਿ ਪੱਪਲਪ੍ਰੀਤ ਸਿੰਘ ਉਪਰ ਦਰਜ ਝੂਠਾ ਕੇਸ ਰੱਦ ਕੀਤਾ ਜਾਵੇ ਨਹੀਂ ਤਾਂ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਦਾ ਨਹੀਂ ਜੰਗਲ ਦਾ ਰਾਜ ਹੈ ਅਤੇ ਅਸਲ ਦੋਸ਼ੀਆਂ ਨੂੰ ਬਚਾਇਆ ਹੈ ਤੇ ਨਿਰਦੋਸ਼ਾਂ ਨੂੰ ਝੂਠੇ ਕੇਸਾ ਵਿਚ ਫਸਾਇਆ ਜਾ ਰਿਹਾ ਹੈ।
ਇਨ੍ਹਾਂ ਆਗੂਆਂ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਚਾਰ ਹਫਤਿਆਂ ‘ਚ ਨਸ਼ਾ ਖਤਮ ਕਰਨ ਦੇ ਵਾਅਦੇ ਨਾਲ ਹੋਂਦ ਵਿਚ ਆਈ ਸੀ ਪਰ ਢਾਈ ਸਾਲ ਬਾਅਦ ਇਕ ਵੀ ਵੱਡਾ ਨਸ਼ਾ ਤਸਕਰਾਂ ਦਾ ਕੋਈ ਸੂਤਰਧਾਰ ਨਹੀਂ ਫੜਿਆ ਗਿਆ।
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਸ਼ਿਆਂ ਰਾਹੀਂ ਹੋਈ ਨਸਲਕੁਸ਼ੀ ਬਾਰੇ ਉੱਚ ਪੱਧਰੀ ਕਮਿਸ਼ਨ ਬਣਨਾ ਚਾਹੀਦਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਮੰਨੂਵਾਦੀਆ ਨੇ ਸਿੱਖੀ ਨਾਲ ਕਿਵੇਂ ਵੈਰ ਕਮਾਇਆ ਹੈ।
ਅਖੀਰ ਵਿਚ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਜੇਲ ਵਿੱਚ ਬੰਦ 532 ਕਿਲੋ ਹੀਰੋਇਨ ਦੇ ਮਾਮਲੇ ਵਿੱਚ ਗੁਰਪਿੰਦਰ ਸਿੰਘ ਦੀ ਮੌਤ ਦੀ ਨਿਰਪੱਖ ਪੜਤਾਲ ਹੋਣੀ ਚਾਹੀਦੀ ਹੈ ਕਿਉੁਕਿ ਕੈਪਟਨ ਸਰਕਾਰ ਵੱਲੋਂ ਮੈਜ਼ਿਸਟਰੇਟੀ ਪੜਤਾਲ ਕੋਈ ਸਿੱਟਾ ਨਹੀਂ ਕੱਢ ਸਕਦੀ।