ਚੰਡੀਗੜ: ਚੀਫ ਖਾਲਸਾ ਦੀਵਾਨ ਦੇ ਪ੍ਰਬੰਧ ਹੇਠਲੀ ਇੱਕ ਸਕੂਲ ਦੀ ਪਿੰ੍ਰਸੀਪਲ ਨਾਲ ਅਨੈਤਿਕ ਹਰਕਤਾਂ ਕਾਰਣ ਚਰਚਾ ਵਿੱਚ ਆਏ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਨੇ ਅੱਜ ਖੱੁਦ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ।ਇੰਦਰਪ੍ਰੀਤ ਸਿੰਘ ਚੱਢਾ ਉਪਰ ਦੋਸ਼ ਸਨ ਕਿ ਉਨ੍ਹਾਂ ਨੇ ਪੀੜਤ ਪ੍ਰਿੰਸੀਪਲ ਨੂੰ ਧਮਕੀਆਂ ਦਿੱਤੀਆਂ ਸਨ ਜਿਸਦੇ ਚਲਦਿਆਂ ਉਹ ਪੁਲਿਸ ਜਾਂਚ ਦਾ ਸਾਹਮਣਾ ਕਰ ਰਹੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਇੰਦਰਪ੍ਰੀਤ ਸਿੰਘ ਚੱਢਾ ਨੇ ਬਾਅਦ ਦੁਪਿਹਰ ਆਪਣੀ ਗਰੀਨ ਐਵੇਨਿਊ ਸਥਿਤ ਕੋਠੀ ਵਿਖੇ ਸਿਰ ਵਿੱਚ ਗੋਲੀ ਮਾਰੀ ਸੀ ।ਪ੍ਰੀਵਾਰ ਨੇ ਉਨ੍ਹਾਂ ਨੂੰ ਤੁਰੰਤ ਅਜਨਾਲਾ ਰੋਡ ਸਥਿਤ ਆਈ ਵੀ ਹਸਪਤਾਲ ਪੁਜਦਾ ਕੀਤਾ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਜਿਕਰਯੋਗ ਹੈ ਕਿ ਇੰਦਰਪਰੀਤ ਸਿੰਘ ਚੱਢਾ ਚੀਫ ਖਾਲਸਾ ਦੀਵਾਨ ਦੇ ਮੀਤ ਪਰਧਾਨ ਵੀ ਸਨ ਜਿਨ੍ਹਾਂ ਦਾ ਨਾਮ ਵਿਵਾਦਤ ਵੀਡੀਓ ਮਾਮਲੇ ਨਾਲ ਜੁੜਨ ਕਾਰਣ ,ਦੀਵਾਨ ਦੇ ਕਾਰਜਕਾਰੀ ਪ੍ਰਧਾਨ ਦੀ ਅਗਵਾਈ ਹੇਠਲੀ ਇੱਕ ਕਮੇਟੀ ਨੇ ਦੀਵਾਨ ਦੇ ਅਹੁਦੇ ਤੇ ਮੁਢਲੀ ਮੈਂਬਰਸ਼ਿਪ ਤੋਂ ਫਾਰਗ ਕਰ ਦਿੱਤਾ ਸੀ ।ਇੰਦਰਪ੍ਰੀਤ ਸਿੰਘ ਚੱਢਾ ਨੇ ਗ੍ਰਿਫਤਾਰੀ ਤੋਂ ਬਚਣ ਲਈ ਅਦਾਲਤ ਦਾ ਸਹਾਰਾ ਲਿਆ ਸੀ ਤੇ ਉਹ ਜਮਾਨਤ ਤੇ ਸਨ।ਬੀਤੇ ਦਿਨੀ ਉਨ੍ਹਾਂ ਵਲੋਂ ਪੁਲਿਸ ਜਾਂਚ ਵਿੱਚ ਸ਼ਾਮਿਲ ਹੋਣ ਦੀ ਕਨਸੋਅ ਮਿਲੀ ਸੀ ਤੇ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਉਹ ਮੁੜ ਵੀ ਪੁਲਿਸ ਵਲੋਂ ਬੁਲਾਏ ਜਾ ਸਕਦੇ ਹਨ।ਉਧਰ ਪੁਲਿਸ ਨੇ ਚੱਢਾ ਮੌਤ ਮਾਮਲੇ ਵਿੱਚ ਅਧਿਕਾਰਤ ਤੌਰ ਤੇ ਕੁਝ ਵੀ ਕਹਿਣ ਤੋਂ ਗੁਰੇਜ ਕੀਤਾ ਹੈ।