ਲੰਡਨ: ਭਾਰਤ ਸਰਕਾਰ ਵਲੋਂ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਟੈਕਾਂ ਅਤੇ ਤੋਪਾਂ ਨਾਲ ਲੈਸ ਭਾਰਤੀ ਫੌਜ ਵਲੋਂ ਕੀਤਾ ਗਿਆ ਅੱਤ ਵਹਿਸ਼ੀ ਅੱਤਿਆਚਾਰ ਸਿੱਖ ਤਵਾਰੀਖ ਵਿੱਚ ਤੀਜੇ ਖੂਨੀ ਘੱਲੂਘਾਰੇ ਵਜੋਂ ਜਾਣਿਆਂ ਜਾਂਦਾ ਹੈ ਅਤੇ ਇਸ ਭਿਅੰਕਰ ਕਹਿਰ ਨੂੰ ਸਿੱਖ ਕੌਮ ਭੁਲਾਉਣ ਵਾਸਤੇ ਕਦੇ ਸੋਚ ਵੀ ਨਹੀਂ ਸਕਦੀ। ਇਸ ਕੌਮੀ ਦਰਦ ਅਤੇ ਜ਼ਖਮ ਨੂੰ ਸੂਰਜ ਬਣਾਉਂਦੀ ਹੋਈ, ਵੀਹਵੀਂ ਸਦੀ ਦੇ ਮਹਾਨ ਸਿੱਖ, ਮਹਾਨ ਜਰਨੈਲ ਮਹਾਂਪੁਰਸ਼ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਸਮੇਤ ਭਾਰਤੀ ਫੌਜ ਨਾਲ ਜੂਝ ਕੇ ਸ਼ਹੀਦ ਹੋਏ ਉਹਨਾਂ ਦੇ ਸਾਥੀ ਸਿੰਘਾਂ ਦੀਆਂ ਸ਼ਹਾਦਤਾਂ ਨਾਲ ਸਿਰਜੇ ਗਏ ਅਜਾਦ ਸਿੱਖ ਰਾਜ ਲਈ ਜੱਦੋ ਜਹਿਦ ਜਾਰੀ ਰੱਖੇਗੀ। ਇਸ ਦਾ ਪ੍ਰਤੱਖ ਪ੍ਰਮਾਣ ਲੰਡਨ ਵਿੱਚ 5 ਜੂਨ ਐਤਵਾਰ ਨੂੰ 25 ਹਜ਼ਾਰ ਤੋਂ ਵੱਧ ਸਿੰਘ, ਸਿੰਘਣੀਆਂ ਵਲੋਂ ਕੀਤਾ ਰੋਸ ਮੁਜਾਹਰਾ ਹੈ।
ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨ ਯੂ,ਕੇ ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਸਮੂਹ ਸਿੱਖ ਸੰਗਤਾਂ, ਗੁਰਦਵਾਰਾ ਪ੍ਰਬੰਧਕ ਕਮੇਟੀਆਂ, ਸਮੁੱਚੇ ਮੀਡੀਏ ਅਤੇ ਸਿੱਖ ਸੰਸਥਾਵਾਂ ਖਾਸ ਕਰਕੇ ਸਿੱਖ ਨੌਜਵਾਨਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ ਅਤੇ ਇਸ ਗੱਲ ਤੇ ਪੂਰਨ ਸੰਤੁਸ਼ਟੀ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਕਿ ਇੰਗਲੈਂਡ ਭਰ ਦੇ ਸਿੱਖਾਂ ਅਤੇ ਸਿੱਖ ਜਥੇਬੰਦੀਆਂ ਵਲੋਂ ਇਸ ਰੋਸ ਮੁਜਾਹਰੇ ਨੂੰ ਕਾਮਯਾਬ ਕਰਨ ਲਈ ਪੂਰਨ ਤੌਰ ਤੇ ਏਕਤਾ, ਇਤਫਾਕ ਅਤੇ ਇੱਕਸਾਰਤਾ ਪ੍ਰਗਟਾਵਾ ਕੀਤਾ ਗਿਆ।
ਜਿ਼ਕਰਯੋਗ ਹੈ ਕਿ ਹਰ ਵਾਰ ਭਾਰਤ ਸਰਕਾਰ ਨੇ ਅਸਿੱਧੇ ਢੰਗ ਨਾਲ ਇਸ ਰੋਸ ਮੁਜਾਹਰੇ ਨੂੰ ਬੰਦ ਕਰਵਾਉਣ ਲਈ ਰੁਕਵਟਾਂ ਖੜੀਆਂ ਕਰਵਾਈਆਂ ਜਾਂਦੀਆਂ ਹਨ। ਪਰ ਸਿੱਖ ਸੰਗਤਾਂ ਨੇ ਸਾਰੀਆਂ ਹੀ ਅੜਚਨਾਂ ਨੂੰ ਦੂਰ ਕਰਦਿਆਂ ਇਸ ਨੂੰ ਵੱਡੀ ਪੱਧਰ ਤੇ ਕਾਮਯਾਬ ਕੀਤਾ ਹੈ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਇਸ ਰੋਸ ਮੁਜਾਹਰੇ ਦੌਰਾਨ ਲੰਗਰਾਂ ਅਤੇ ਛਬੀਲਾਂ ਰਾਹੀਂ ਸਿੱਖ ਸੰਗਤਾਂ ਦੀ ਸੇਵਾ ਕਰਨ ਵਾਲੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਸਮੂਹ ਗੁਰਵਾਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਗਤਾਂ ਅਤੇ ਸਿੱਖ ਆਦਰੇ ਹਮੇਸ਼ਾਂ ਹੀ ਡੱਟ ਕੇ ਸਾਥ ਦਿੰਦੇ ਹਹਿਣਗੇ।