Site icon Sikh Siyasat News

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਲੋਂ ਜੂਨ ‘ਚ ਹੋਣ ਵਾਲੇ ਰੋਸ ਮੁਜਾਹਰੇ ਲਈ ਪੋਸਟਰ ਜਾਰੀ

ਲੰਡਨ: ਜੂਨ 1984 ਵਿਚ ਭਾਰਤੀ ਫੌਜ ਵਲੋਂ ਟੈਂਕਾਂ ਅਤੇ ਤੋਪਾਂ ਨਾਲ ਦਰਬਾਰ ਸਾਹਿਬ ‘ਤੇ ਕੀਤੇ ਗਏ ਹਮਲੇ ਨੂੰ ਸਿੱਖ ਕੌਮ ਕਦੇ ਵੀ ਭੁੱਲ ਨਹੀਂ ਸਕਦੀ ਬਲਕਿ ਅਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਪ੍ਰਤੀ ਯਤਨਸ਼ੀਲ ਰਹੇਗੀ। ਦੁਨੀਆਂ ਭਰ ਵਿੱਚ ਵਸਦੇ ਹਰ ਸਿੱਖ ਦਾ ਫਰਜ਼ ਹੈ ਕਿ ਉਹ ਇਸ ਘੱਲੂਘਾਰੇ ਦੀ ਯਾਦ ਨੂੰ ਇੱਕ ਜ਼ਖਮ ਦੀ ਨਿਆਂਈਂ ਸਮਝਦਾ ਹੋਇਆ ਇਸਦੇ ਸਦੀਵੀ ਇਲਾਜ ਲਈ ਕੌਮੀ ਅਜਾਦੀ ਪ੍ਰਤੀ ਵਚਨਬੱਧ ਹੋਵੇ।

ਬਰਤਾਨੀਆ ਵਿੱਚ ਅਜ਼ਾਦ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਲੋਂ 4 ਜੂਨ 2017 ਵਾਲੇ ਦਿਨ ਲੰਡਨ ਵਿੱਚ ਕੀਤੇ ਜਾ ਰਹੇ ਰੋਸ ਮੁਜਾਹਰੇ ਦਾ ਪੋਸਟਰ ਜਾਰੀ ਕੀਤਾ ਗਿਆ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਇੰਗਲੈਂਡ ਭਰ ਦੀਆਂ ਸਿੱਖ ਸੰਗਤਾਂ ਨੂੰ ਰੋਸ ਮੁਜਾਹਰੇ ਵਿੱਚ ਸਾਥ ਦੇਣ ਦੀ ਅਪੀਲ ਕੀਤੀ ਹੈ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਲੋਂ ਸਿੱਖ ਜਗਤ ਨੂੰ ਸੱਦਾ ਗਿਆ ਕਿ ਉਹ ਆਪੋ ਆਪਣੇ ਦੇਸ਼ਾਂ, ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਵਿੱਚ ਇਸ ਘੱਲੂਘਾਰੇ ਦੀ ਯਾਦ ਅੰਦਰ ਰੋਸ ਅਤੇ ਰੋਹ ਦਾ ਪ੍ਰਗਟਾਵਾ ਕਰਦੇ ਹੋਏ ਅਜ਼ਾਦ ਸਿੱਖ ਰਾਜ ਖਾਲਿਸਤਾਨ ਪ੍ਰਤੀ ਵਚਨਬੱਧ ਜ਼ਰੂਰ ਹੋਣ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਲੋਂ ਜੂਨ ‘ਚ ਹੋਣ ਵਾਲੇ ਰੋਸ ਮੁਜਾਹਰੇ ਲਈ ਜਾਰੀ ਪੋਸਟਰ

ਲੰਡਨ ਵਿਖੇ ਹੋ ਰਹੇ ਮੁਜਾਹਰੇ ਦੌਰਾਨ 4 ਜੂਨ 2017, ਐਤਵਾਰ ਵਾਲੇ ਦਿਨ ਸਵੇਰੇ 11 ਵਜੇ ਸਿੱਖ ਸੰਗਤਾਂ ਵੱਖ-ਵੱਖ ਸ਼ਹਿਰਾਂ ਤੋਂ ਹਾਈਡ ਪਾਰਕ ਲੰਡਨ ਵਿਖੇ ਕਾਰਾਂ ਅਤੇ ਕੋਚਾਂ ਦੇ ਕਾਫਲਿਆਂ ਰਾਹੀਂ ਪੁੱਜਣਗੀਆਂ, ਜਿੱਥੇ ਦੋ ਘੰਟੇ ਸਟੇਜ ਦੀ ਕਾਰਵਾਈ ਚਲਾਈ ਜਾਵੇਗੀ ਉਪਰੰਤ ਵਿਸ਼ਾਲ ਮਾਰਚ ਲੰਡਨ ਦੀਆਂ ਸੜਕਾਂ ‘ਤੇ ਚਾਲੇ ਪਾਵੇਗਾ। ਜਿ਼ਕਰਯੋਗ ਹੈ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸਿੱਖ ਜਥੇਬੰਦੀਆਂ ਵਲੋ ਹਰ ਸਾਲ ਰੋਸ ਮੁਜਾਹਰਾ ਕੀਤਾ ਜਾਂਦਾ ਹੈ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਵਲੋਂ ਸ਼ਮੂਲੀਅਤ ਕੀਤੀ ਜਾਂਦੀ ਹੈ।

ਸਿੱਖ ਜਥੇਬੰਦੀਆਂ ਦੇ ਆਗੂ ਸਿੱਖ ਫੈਡਰੇਸ਼ਨ ਯੂ.ਕੇ. ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ, ਬੱਬਰ ਅਕਾਲੀ ਜਥੇਬੰਦੀ ਯੂ.ਕੇ. ਭਾਈ ਬਲਬੀਰ ਸਿੰਘ, ਧਰਮ ਯੁੱਧ ਜਥਾ ਦਮਦਮੀ ਟਕਸਾਲ ਭਾਈ ਚਰਨ ਸਿੰਘ, ਸ਼੍ਰੋਮਣੀ ਅਕਾਲੀ ਦਲ ਯੂ.ਕੇ. ਦੇ ਭਾਈ ਗੁਰਦੇਵ ਸਿੰਘ ਚੌਹਾਨ, ਖਾਲਿਸਤਾਨ ਜਲਾਵਤਨ ਸਰਕਾਰ ਭਾਈ ਗੁਰਮੇਜ ਸਿੰਘ ਗਿੱਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ.ਕੇ. ਭਾਈ ਜਸਪਾਲ ਸਿੰਘ ਬੈਂਸ, ਦਲ ਖਾਲਸਾ ਯੂ.ਕੇ. ਭਾਈ ਮਨਮੋਹਣ ਸਿੰਘ ਖਾਲਸਾ, ਯੂਨਾਈਟਿਡ ਖਾਲਸਾ ਦਲ ਯੂ.ਕੇ. ਭਾਈ ਨਿਰਮਲ ਸਿੰਘ ਸੰਧੂ ਅਤੇ ਬ੍ਰਿਟਿਸ਼ ਸਿੱਖ ਕੌਂਸਲ ਭਾਈ ਤਰਸੇਮ ਸਿੰਘ ਦਿਉਲ ਵਲੋਂ ਯੂ.ਕੇ. ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ 4 ਜੂਨ ਨੂੰ ਹੋਣ ਵਾਲੇ ਰੋਸ ਮੁਜਾਹਰੇ ‘ਚ ਹਿੱਸਾ ਲੈਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version