Site icon Sikh Siyasat News

ਅਣਚਾਹੀਆਂ ਪੇਸ਼ਕਸ਼ਾਂ ਅਤੇ ਬੇਲੋੜੇ ਸੁਨੇਹਿਆਂ ਤੋਂ ਛੁਟਕਾਰਾ ਦਿਵਾਉਣ ਲਈ ਫੇਸਬੁਕ ਦਾ ਨਵਾਂ ਫੀਚਰ

ਹਿਊਸਟਨ: ਫੇਸਬੁੱਕ ਵੱਲੋਂ ਕੁਝ ਨਵੇਂ ਫੀਚਰ ਪੇਸ਼ ਕੀਤੇ ਗਏ ਹਨ ਜਿਨ੍ਹਾਂ ਨਾਲ ਤੁਹਾਡੇ ਅਕਾਊਂਟ ’ਤੇ ਦੋਸਤ ਬਣਨ ਲਈ ਅਣਚਾਹੀਆਂ ਪੇਸ਼ਕਸ਼ਾਂ (ਫਰੈਂਡ ਰਿਕੁਐਸਟ) ਅਤੇ ਸੰਦੇਸ਼ ਨਹੀਂ ਆ ਸਕਣਗੇ। ਕੰਪਨੀ ਮੁਤਾਬਕ ਇਹ ਫੀਚਰ ਉਪਭੋਗਤਾਵਾਂ ਤੇ ਖ਼ਾਸ ਕਰਕੇ ਔਰਤਾਂ ਨੂੰ ਦਰਪੇਸ਼ ਪ੍ਰੇਸ਼ਾਨੀਆਂ ਤੋਂ ਬਚਾਉਣਗੇ। ਕੰਪਨੀ ਵੱਲੋਂ ਇਹ ਨਵੀਂਆਂ ਵਿਸ਼ੇਸ਼ਤਾਵਾਂ ਔਰਤਾਂ ਦੇ ਹੱਕਾਂ ਲਈ ਕੰਮ ਕਰ ਰਹੀ ਨਵੀਂ ਦਿੱਲੀ ਦੀ ਇੱਕ ਗੈਰ-ਸਰਕਾਰੀ ਸੰਸਥਾ ‘ਸੈਂਟਰ ਫਾਰ ਸੋਸ਼ਲ ਰਿਸਰਚ’ ਅਤੇ ਅਮਰੀਕੀ ਸੰਸਥਾ ‘ਦਿ ਨੈਸ਼ਨਲ ਨੈੱਟਵਰਕ ਟੂ ਐਂਡ ਡੋਮੈਸਟਿਕ ਵਾਏਲੈਂਸ’ ਨਾਲ ਕੰਮ ਕਰਨ ਤੋਂ ਬਾਅਦ ਤਿਆਰ ਕੀਤੀਆਂ ਗਈਆਂ ਹਨ। ਇਨ੍ਹਾਂ ਨਵੇਂ ਫੀਚਰਜ਼ ਨਾਲ ਨੈੱਟਵਰਕ ਨੂੰ ਨਕਲੀ ਅਕਾਊਂਟਾਂ ਦੀ ਪਛਾਣ ਕਰਨ ਤੇ ਇਨ੍ਹਾਂ ਨੂੰ ਬਲੌਕ ਕਰਨ ’ਚ ਮਦਦ ਮਿਲੇਗੀ।

ਫੇਸਬੁੱਕ ਬੁਲਾਰੇ ਨੇ ਦੱਸਿਆ, “ਨਵੇਂ ਟੂਲਜ਼ ਨਾਲ ਇੱਕ ਉਪਭੋਗਤਾ ਕਿਸੇ ਵੀ ਅਣਚਾਹੇ ਸੁਨੇਹੇ ’ਤੇ ਕਲਿੱਕ ਕਰ ਕੇ ਸਾਰੀ ਗੱਲਬਾਤ ਨੂੰ ਅਣਦੇਖਿਆ ਕਰ ਸਕੇਗਾ। ਸੋਸ਼ਲ ਨੈੱਟਵਰਕ ਆਪਣੇ ਆਪ ਹੀ ਉਸ ਸੁਨੇਹੇ ਸਬੰਧੀ ਨੋਟੀਫਿਕੇਸ਼ਨ ਹਟਾ ਕੇ ਇਨ੍ਹਾਂ ਨੂੰ ਫਿਲਟਰ ਕੀਤੇ ਸੁਨੇਹਿਆਂ ਵਾਲੇ ਫੋਲਡਰ ਵਿੱਚ ਪਾ ਦੇਵੇਗਾ। ਇੱਥੋਂ ਤੁਸੀਂ ਉਸ ਸੁਨੇਹੇ ਨੂੰ ਬਿਨਾਂ ਦੂਜੇ ਵਿਅਕਤੀ ਨੂੰ ਪਤਾ ਲੱਗਿਆਂ ਪੜ੍ਹ ਸਕੋਗੇ। ਹਾਲ ਦੀ ਘੜੀ, ਇਹ ਨਵਾਂ ਫੀਚਰ ਸਿਰਫ਼ ਇੱਕ ਵਿਅਕਤੀ ਦੀ ਦੂਜੇ ਵਿਅਕਤੀ ਨਾਲ ਗੱਲਬਾਤ ਲਈ ਹੋਵੇਗਾ ਪਰ ਜਲਦੀ ਹੀ ਇਸ ਨੂੰ ਗਰੁੱਪ ਸੁਨੇਹਿਆਂ ਲਈ ਵੀ ਮੁਹੱਈਆ ਕਰਵਾਇਆ ਜਾਵੇਗਾ।”

ਪ੍ਰਤੀਕਾਤਮਕ ਤਸਵੀਰ

ਇਸੇ ਮਹੀਨੇ ਪਹਿਲਾਂ ਫੇਸਬੁੱਕ ਦੇ ਸੀ.ਈ.ਓ. ਸ਼ੇਰਲ ਸੈਂਡਬਰਗ ਨੇ ਪ੍ਰੇਸ਼ਾਨੀ ਸਬੰਧੀ ਆਪਣੇ ਨਿੱਜੀ ਅਨੁਭਵ ਤੇ ਕੰਪਨੀਆਂ ਵੱਲੋਂ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਲਿਖਿਆ ਸੀ। ਕੱਲ੍ਹ ਜਾਰੀ ਕੀਤੇ ਗਏ ਨਵੇਂ ਫੀਚਰਜ਼ ਬਾਰੇ ਆਪਣੀ ਪੋਸਟ ’ਚ ੳਨ੍ਹਾਂ ਲਿਖਿਆ, “ਕਿਸੇ ਨੂੰ ਵੀ ਸ਼ੋਸ਼ਣ ਦਾ ਸਾਹਮਣਾ ਨਹੀਂ ਕਰਨਾ ਪੈਣਾ ਚਾਹੀਦਾ, ਨਿੱਜੀ ਤੌਰ ’ਤੇ ਜਾਂ ਆਨਲਾਈਨ।” ਉਨ੍ਹਾਂ ਕਿਹਾ ਕਿ ਹਰ ਬੰਦੇ ਨੂੰ ਸੁਰੱਖਿਅਤ ਰਹਿਣ ਦਾ ਹੱਕ ਹੈ।

ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਫੇਸਬੁੱਕ ’ਤੇ ਸੁਰੱਖਿਅਤ ਮਹਿਸੂਸ ਕਰਾਉਣ ਲਈ ਕੰਮ ਕਰਦੇ ਰਹਾਂਗੇ।” ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਸਾਰੇ ਨਕਲੀ ਅਕਾਊਂਟ ਬੰਦ ਨਹੀਂ ਕੀਤੇ ਜਾ ਸਕਦੇ ਅਤੇ ਇਨ੍ਹਾਂ ਫੀਚਰਜ਼ ਦੀ ਮਦਦ ਨਾਲ ਧਿਆਨ ’ਚ ਵੀ ਨਹੀਂ ਆ ਸਕਦੇ। ਉਨ੍ਹਾਂ ਕਿਹਾ ਕਿ ਜੇਕਰ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ ਤਾਂ ਤੁਸੀਂ ਸੋਸ਼ਲ ਨੈਟਵਰਕ ’ਤੇ ਇਸ ਬਾਰੇ ਰਿਪੋਰਟ ਦੇ ਸਕਦੇ ਹੋ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version