Site icon Sikh Siyasat News

ਜਸਪ੍ਰੀਤ ਸਿੰਘ ‘ਤੇ ਤਸੱਦਦ, ਜ਼ੁਲਮ ਦੀ ਇੰਤਹਾ; ਦੋਸ਼ੀ ਅਫ਼ਸਰਾਂ ਵਿਰੁੱਧ ਕਾਨੂੰਨੀ ਕਾਰਵਾਈ ਹੋਵੇ: ਮਾਨ

ਫ਼ਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਜਸਪ੍ਰੀਤ ਸਿੰਘ ਜੱਸਾ ਉਤੇ ਹੁਸ਼ਿਆਰਪੁਰ ਪੁਲਿਸ ਵੱਲੋ ਕੀਤੇ ਗਏ ਜ਼ੁਲਮ ਦੀ ਪੁਰਜ਼ੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ (ਫਾਈਲ ਫੋਟੋ)

ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹੋਰ ਹਮਖਿਆਲ ਜਥੇਬੰਦੀਆਂ ਵਲੋਂ ਇਥੋਂ ਦੇ ਸਿਵਲ ਅਧਿਕਾਰੀਆਂ ਅਤੇ ਪੁਲਿਸ ਅਧਿਕਾਰੀਆਂ ਨੂੰ ਇਹ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਵਿਧਾਨ ਦੀ ਧਾਰਾ 14, 19 ਅਤੇ 21 ਜੋ ਇਥੋਂ ਦੇ ਸਭ ਧਰਮਾਂ, ਕੌਮਾਂ, ਫਿਰਕਿਆਂ ਅਤੇ ਵਰਗਾਂ ਦੇ ਨਾਗਰਿਕਾਂ ਨੂੰ ਹਰ ਖੇਤਰ ਵਿਚ ਬਰਾਬਰਤਾ ਦੇ ਅਧਿਕਾਰ ਅਤੇ ਨਿਰਪੱਖਤਾ ਅਤੇ ਆਜ਼ਾਦੀ ਨਾਲ ਆਪਣੇ ਵਿਚਾਰ ਪ੍ਰਗਟ ਕਰਨ, ਖ਼ਾਲਿਸਤਾਨ ਸੰਬੰਧੀ ਪ੍ਰਚਾਰ ਕਰਨ, ਤਕਰੀਰਾ ਕਰਨ ਆਦਿ ਦਾ ਅਧਿਕਾਰ ਦਿੰਦੀਆਂ ਹਨ। ਉਹਨਾਂ ਧਾਰਾਵਾਂ ਦੀ ਜਦੋਂ ਸਿੱਖ ਕੌਮ ਵੱਲੋਂ ਵਰਤੋਂ ਕੀਤੀ ਜਾਂਦੀ ਹੈ ਤਾਂ ਸਿੱਖ ਕੌਮ ਨੂੰ ਗੁਲਾਮੀਅਤ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਜਿਸ ਦੇ ਨਤੀਜੇ ਇਥੋਂ ਦੇ ਹੁਕਮਰਾਨਾਂ ਅਤੇ ਅਫ਼ਸਰਾਂ ਲਈ ਕਦੀ ਵੀ ਲਾਹੇਵੰਦ ਸਾਬਤ ਨਹੀਂ ਹੋਣਗੇ।

ਇਸ ਲਈ ਬਿਹਤਰ ਹੋਵੇਗਾ ਕਿ ਹੁਕਮਰਾਨ, ਸਿਆਸਤਦਾਨ ਅਤੇ ਅਫ਼ਸਰਸ਼ਾਹੀ ਖ਼ਾਲਿਸਤਾਨੀ ਸੋਚ ਰੱਖਣ ਵਾਲੇ ਸਿੱਖ ਨੌਜ਼ਵਾਨਾਂ ਅਤੇ ਸਿੱਖਾਂ ਪ੍ਰਤੀ ਆਪਣਾ ਮੰਦਭਾਵਨਾ ਭਰਿਆ ਰਵੱਈਆ ਤੁਰੰਤ ਬਦਲ ਲੈਣ, ਵਰਨਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹੋਰ ਹਮਖਿਆਲ ਜਥੇਬੰਦੀਆਂ ਇਸ ਦੇ ਵਿਰੁੱਧ ਕੋਈ ਸੰਘਰਸ਼ ਛੇੜਨ ਲਈ ਮਜਬੂਰ ਹੋਣਗੀਆਂ। ਜਿਸ ਦੇ ਨਤੀਜਿਆਂ ਲਈ ਸਰਕਾਰ ਅਤੇ ਅਫਸਰ ਖੁਦ ਜ਼ਿੰਮੇਵਾਰ ਹੋਣਗੇ। ਸ. ਮਾਨ ਨੇ ਹੁਸ਼ਿਆਰਪੁਰ ਦੀਆਂ ਪੰਥਕ ਜਥੇਬੰਦੀਆਂ ਨੂੰ ਜ਼ੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਕ ਰੂਪ ਹੋ ਕੇ ਇਸ ਹੋ ਰਹੀ ਧੱਕੇਸ਼ਾਹੀ ਵਿਰੁੱਧ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਯਾਦ-ਪੱਤਰ ਦੇਣ ਅਤੇ ਰੋਸ ਵੱਜੋਂ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਦੇ ਹੋਏ ਰੋਸ ਧਰਨਾ ਵੀ ਦੇਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version