ਮੋਗਾ ਦੀ ਯੁਆਪਾ ਵਿਸ਼ੇਸ਼ ਅਦਾਲਤ ਅਤੇ ਵਧੀਕ ਸੈਸ਼ਨ ਜੱਜ ਹਰਜੀਤ ਸਿੰਘ ਵੱਲੋਂ ਅੱਜ ਇਕ ਅਹਿਮ ਫੈਸਲਾ ਸੁਣਾਉਂਦਿਆਂ ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਨੂੰ ਬਾਘਾਪੁਰਾਣਾ ਠਾਣੇ ਵਿਚ ਦਰਜ਼ ਇਕ ਮਾਮਲੇ ਵਿਚੋਂ ਬਰੀ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ 4 ਨਵੰਬਰ 2020 ਨੂੰ ਜਗਤਾਰ ਸਿੰਘ ਜੱਗੀ ਜੌਹਲ ਨੂੰ ਪਹਿਲਾਂ ਇਸੇ ਕੇਸ ਵਿਚ ਹੀ ਗ੍ਰਿਫਤਾਰ ਕੀਤਾ ਗਿਆ ਕਰਨ ਤੋਂ ਬਾਅਦ ਵਿਚ ਉਸ ਦਾ ਨਾਮ ਕਈ ਹੋਰ ਮਾਮਲਿਆਂ ਵਿਚ ਸ਼ਾਮਿਲ ਕਰ ਦਿੱਤਾ ਗਿਆ ਸੀ।
ਜਗਤਾਰ ਸਿੰਘ ਜੱਗੀ ਜੌਹਲ ਬੀਤੇ ਸੱਤ ਸਾਲ ਤੋਂ ਹਿਰਾਸਤ ਵਿਚ ਹੈ ਅਤੇ ਇਸ ਵੇਲੇ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਨਜ਼ਰਬੰਦ ਹੈ।
ਅਦਾਲਤ ਦਾ ਫੈਸਲਾ ਆਉਣ ਤੋਂ ਬਾਅਦ ਜਗਤਾਰ ਸਿੰਘ ਜੱਗੀ ਜੌਹਲ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਅਦਾਰਾ ਸਿੱਖ ਸਿਆਸਤ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਇਹ ਮਾਮਲਾ ਮੁੱਢਲੀ ਰਪਟ ਅੰਕ (ਐਫ.ਆਈ.ਆਰ) 193 ਤਹਿਤ 17 ਦਸੰਬਰ 2024 ਨੂੰ ਬਾਘਾਪੁਰਾਣਾ ਠਾਣੇ ਵਿਚ ਜੰਮੂ ਵਾਸੀ ਤਰਲੋਕ ਸਿੰਘ ਲਾਡੀ ਖਿਲਾਫ ਦਰਜ਼ ਕੀਤਾ ਗਿਆ ਸੀ।
ਬਾਅਦ ਵਿਚ ਇਸ ਕੇਸ ਵਿਚ ਉਸ ਦੇ ਭਰਾ ਤਰਲੋਕ ਸਿੰਘ ਲਾਡੀ ਤਲਜੀਤ ਸਿੰਘ ਜਿੰਮੀ ਨੂੰ ਗ੍ਰਿਫਤਾਰ ਕੀਤਾ ਗਿਆ।
4 ਨਵੰਬਰ 2020 ਨੂੰ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਨੂੰ ਰਾਮਾ ਮੰਡੀ ਤੋਂ ਚੁੱਕ ਕੇ ਪੰਜਾਬ ਪੁਲਿਸ ਨੇ ਉਸ ਨੂੰ ਇਸ ਕੇਸ ਵਿਚ ਗ੍ਰਿਫਤਾਰ ਕਰ ਲਿਆ ਸੀ। ਸਕਾਟਲੈਂਡ ਦਾ ਰਹਿਣ ਵਾਲਾ ਜਗਤਾਰ ਸਿੰਘ ਜੱਗੀ ਜੌਹਲ ਪੰਜਾਬ ਵਿਚ ਵਿਆਹ ਕਰਵਾਉਣ ਵਾਸਤੇ ਆਇਆ ਹੋਇਆ ਸੀ।
ਉਹਨਾ ਕਿਹਾ ਕਿ ਕੇਸ ਦਰਜ਼ ਹੋਣ ਤੋਂ 8 ਸਾਲ ਬਾਅਦ ਤੇ ਜੱਗੀ ਜੌਹਲ ਦੀ ਗ੍ਰਿਫਤਾਰੀ ਤੋਂ 7 ਸਾਲ ਬਾਅਦ ਅੱਜ ਆਏ ਫੈਸਲੇ ਵਿਚ ਅਦਾਲਤ ਨੇ ਕੁੱਲ 4 ਵਿਅਕਤੀਆਂ ਨੂੰ ਬਰੀ ਕਰ ਦਿੱਤਾ ਹੈ ਜਿਹਨਾ ਵਿਚ ਜਗਤਾਰ ਸਿੰਘ ਜੱਗੀ ਜੌਹਲ, ਧਰਮਿੰਦਰ ਸਿੰਘ ਗੁਗਨੀ, ਅਨਿਲ ਕੁਮਾਰ ਕਾਲਾ ਅਤੇ ਤਰਲੋਕ ਸਿੰਘ ਲਾਡੀ ਸ਼ਾਮਿਲ ਹਨ।
ਅਦਾਲਤ ਨੇ ਤਿੰਨ ਵਿਅਕਤੀਆਂ- ਰਮਨਦੀਪ ਸਿੰਘ ਬੱਗਾ, ਹਰਦੀਪ ਸਿੰਘ ਸ਼ੇਰਾ ਅਤੇ ਤਲਜੀਤ ਸਿੰਘ ਜਿੰਮੀ ਨੂੰ ਅਸਲਾ ਕਾਨੂੰਨ ਤਹਤਿ 2-2 ਸਾਲ ਦੀ ਸਜਾ ਸੁਣਾਈ ਗਈ ਹੈ।
ਉਹਨਾ ਦੱਸਿਆ ਕਿ ਇਸ ਕੇਸ ਵਿਚ ਪੁਲਿਸ ਨੇ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਵੀ ਨਾਮਜ਼ਦ ਕੀਤਾ ਸੀ ਪਰ ਮੁਕਦਮੇਂ ਦੌਰਾਨ ਹੀ ਉਹ ਜੇਲ੍ਹ ਵਿਚ ਚਲਾਣਾ ਕਰ ਗਏ ਸਨ।
ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਜਗਤਾਰ ਸਿੰਘ ਜੱਗੀ ਨੂੰ ਅਦਾਲਤ ਨੇ ਸਾਰੇ ਦੋਸ਼ਾਂ ਵਿਚ ਬਰੀ ਕੀਤਾ ਹੈ। ਉਹਨਾ ਕਿਹਾ ਕਿ ਇਸੇ ਕੇਸ ਵਿਚ ਲਗਾਏ ਗਏ ਦੋਸ਼ਾਂ ਦੇ ਅਧਾਰ ਉੱਤੇ ਹੀ ਜਗਤਾਰ ਸਿੰਘ ਜੱਗੀ ਜੌਹਲ ਨੂੰ ਹੋਰਨਾਂ ਕੇਸਾਂ ਵਿਚ ਨਾਮਜ਼ਦ ਕੀਤਾ ਗਿਆ ਸੀ।
ਸ. ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਭਾਵੇਂ ਇਸ ਕੇਸ ਵਿਚੋਂ ਬਰੀ ਹੋਣ ਜਾਣ ਨਾਲ ਹਾਲੀ ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਨਹੀਂ ਹੋ ਸਕਦੀ ਕਿਉਂਕਿ ਉਸ ਵਿਰੁਧ ਦਰਜ਼ ਹੋਰ ਮਾਮਲੇ ਹਾਲੀ ਬਾਕੀ ਹਨ ਪਰ ਇਸ ਫੈਸਲੇ ਨਾਲ ਜਗਤਾਰ ਸਿੰਘ ਜੱਗੀ ਦੀ ਬਾਕੀ ਕੇਸਾਂ ਵਿਚੋਂ ਜਮਾਨਤ ਮਿਲਣ ਜਾਂ ਬਰੀ ਹੋਣ ਦੇ ਅਸਾਰ ਕਾਨੂੰਨੀ ਪੱਖੋਂ ਵਧ ਗਏ ਹਨ।
ਦੱਸ ਦੇਈਏ ਕਿ ਜਗਤਾਰ ਸਿੰਘ ਜੱਗੀ ਜੌਹਲ ਦਾ ਪਰਿਵਾਰ ਉਸ ਦੀ ਗ੍ਰਿਫਤਾਰੀ ਵੇਲੇ ਤੋਂ ਹੀ ਇਹ ਦਾਅਵਾ ਕਹਿੰਦਾ ਆ ਰਿਹਾ ਹੈ ਕਿ ਜੱਗੀ ਜੌਹਲ ਨੂੰ ਸਿੱਖ ਨਸਲਕੁਸ਼ੀ 1984 ਅਤੇ ਪੰਜਾਬ ਵਿਚ ਹੋਏ ਮਨੁੱਖੀ ਅਧਿਕਾਰਾਂ ਦੇ ਘਾਣ ਬਾਰੇ ਜਾਗਰੂਕਤਾ ਮੁਹਿੰਮਾਂ ਚਲਾਉਣ ਕਾਰਨ ਗ੍ਰਿਫਤਾਰ ਕੀਤਾ ਗਿਆ ਹੈ। ਜਗਤਾਰ ਸਿੰਘ ਜੱਗੀ ਵੱਲੋਂ ਨੈਵਰਫੌਰਗੈਟ84 (neverforget84) ਨਾਮ ਦੇ ਬਿਜਾਲੀ ਮੰਚ (ਵੈਬਸਾਈਟ) ਦਾ ਸੰਚਾਲਨ ਕੀਤਾ ਜਾਂਦਾ ਸੀ।
ਪੱਤਰਕਾਰ ਮਨਦੀਪ ਸਿੰਘ ਨੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨਾਲ ਇਕ ਖਾਸ ਮੁਲਾਕਾਤ ਕਰਕੇ ਜਗਤਾਰ ਸਿੰਘ ਜੱਗੀ ਜੌਹਲ ਦੇ ਬਰੀ ਹੋਏ ਕੇਸ ਬਾਰੇ ਖਾਸ ਮੁਲਾਕਾਤ ਕੀਤੀ ਹੈ। ਅੱਜ ਅਸੀਂ ਇਹ ਮੁਲਾਕਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਆਪ ਸੁਣ ਕੇ ਅਗਾਂਹ ਸਾਂਝੀ ਕਰੋ।