ਚੰਡੀਗੜ੍ਹ- ਕਿਤਾਬਚਾ ‘ਅਦਬਨਾਮਾ’, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਵੱਡੀ ਥਾਂ ਤੇ ਰੱਖ ਕੇ ਸਿੱਖਾਂ ਵਜੋਂ ਕਰਨਯੋਗ ਕਾਰਜਾਂ ਦੀ ਨਿਸ਼ਾਨਦੇਹੀ ਕਰਦਾ ਹੈ। ਇਹ ਕਿਤਾਬਚਾ ਬੀਤੇ ਸਾਲ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਮੌਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਗੁਰੂ ਕੇ ਵਜ਼ੀਰ ਗ੍ਰੰਥੀ ਸਿੰਘਾਂ ਵਲੋਂ ਜਾਰੀ ਕੀਤਾ ਗਿਆ ਸੀ। ਦੇਸ਼ ਵਿਦੇਸ਼ ਵਿਚ ਬੈਠੀ ਗੁਰ ਨਾਨਕ ਨਾਮ ਲੇਵਾ ਸੰਗਤ ਨਾਲ ਗੁਰਮਤਿ ਅਤੇ ਸਿੱਖ ਪ੍ਰੰਪਰਾਵਾਂ ਦੇ ਨੁਕਤੇ ਤੋਂ ਅਦਬ ਸਤਿਕਾਰ ਸਬੰਧੀ ਅਹਿਮ ਨੁਕਤਿਆਂ ਦੀ ਸਾਂਝ ਪਾਉਣ ਲਈ ਇਸਨੂੰ ਹੋਰਨਾਂ ਬੋਲੀਆਂ ਵਿੱਚ ਵੀ ਜਾਰੀ ਕਰਨ ਦੀ ਸਿੱਖ ਜਥਾ ਮਾਲਵਾ ਵਲੋਂ ਕੋਸ਼ਿਸ ਕੀਤੀ ਜਾ ਰਹੀ ਹੈ। ਇਨ੍ਹਾਂ ਯਤਨਾਂ ਦੇ ਚੱਲਦਿਆਂ ਇਸਦਾ ਅੰਗਰੇਜ਼ੀ ਬੋਲੀ ਵਿਚ ਤਰਜ਼ਮਾ ਕਰਕੇ ਸਿੱਖ ਸੰਗਤ ਲਈ ਸਤਿਗੁਰੂ ਅੱਗੇ ਅਰਦਾਸ ਬੇਨਤੀ ਕਰਨ ਤੋਂ ਬਾਅਦ ਗੁਰਦੁਆਰਾ ਜੰਡਸਰ ਸਾਹਿਬ ਪਾਤਸ਼ਾਹੀ ਨੌਵੀਂ, ਖਡਿਆਲ ਵਿਖੇ ਜਾਰੀ ਕੀਤਾ ਗਿਆ।
ਦੁਨੀਆਂ ਭਰ ਵਿਚ ਵਸਣ ਵਾਲੇ ਸਿੱਖ ਹੀ ਨਹੀਂ, ਬਾਕੀ ਸਭ ਲੋਕਾਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਆਪਣੇ ਦਿਲ ਵਿਚ ਸਤਿਕਾਰ ਦੀ ਭਾਵਨਾ ਰੱਖਦੀ ਹੈ ਅਤੇ ਅਦਬ ਨਾਲ ਮੱਥਾ ਟੇਕਦੀ ਹੈ। ਪਰ ਤਾਂ ਵੀ ਸਿੱਖਾਂ ਵਜੋਂ ਅਤੇ ਸਿੱਖ ਸੰਸਥਾਵਾਂ ਵਜੋਂ ਸਤਿਗੁਰਾਂ ਦੇ ਸਤਿਕਾਰ ਪ੍ਰਤੀ ਜਾਣੇ ਅਣਜਾਣੇ ਵਿੱਚ ਬਹੁਤਾ ਕੁਝ ਅਜਿਹਾ ਰਹਿ ਜਾਂਦਾ ਹੈ, ਜਿਸ ਨਾਲ ਬੇਅਦਬੀ ਵਰਗੀਆਂ ਘਟਨਾਵਾਂ ਵਾਪਰਣ ਨੂੰ ਥਾਂ ਮਿਲ ਜਾਂਦੀ ਹੈ। ਸਮੇਂ ਦੇ ਬਦਲਣ ਨਾਲ ਬਹੁਤਾ ਕੁਝ ਅਜਿਹਾ ਵੀ ਵਾਪਰ ਰਿਹਾ ਹੈ, ਜਿਸ ਪ੍ਰਤੀ ਸਪਸ਼ਟਤਾ ਦੀ ਘਾਟ ਹੈ। ਇਨ੍ਹਾਂ ਸਭ ਪਹਿਲੂਆਂ ਨੂੰ ਚਰਚਾ ਦਾ ਵਿਸ਼ਾ ਬਣਾਉਣ ਲਈ ਅੰਗਰੇਜ਼ੀ ਬੋਲੀ ਵਿੱਚ ‘ਅਦਬਨਾਮਾ’ ਜਾਰੀ ਕੀਤਾ ਗਿਆ ਹੈ।
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਗੁਰਦੁਆਰਾ ਜੰਡਸਰ ਸਾਹਿਬ ਪਾਤਸ਼ਾਹੀ ਨੌਵੀਂ, ਖਡਿਆਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਬੇਨਤੀ ਕਰਨ ਉਪਰੰਤ ਇੱਕ ਕਾਪੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੇਟ ਕੀਤੀ ਗਈ। ਉਪਰੰਤ ਪੰਜ ਸਿੰਘਾਂ ਵਲੋਂ ਸਤਿਗੁਰਾਂ ਪਾਸ ਅਰਦਾਸ ਬੇਨਤੀ ਕਰਨ ਤੋਂ ਬਾਅਦ ਵਲੋਂ ਇਸ ਕਿਤਾਬਚੇ ਨੂੰ ਸੰਗਤ ਵਿੱਚ ਜਾਰੀ ਕੀਤਾ ਗਿਆ।
ਇਸ ਮੌਕੇ ਭਾਈ ਗੁਰਤੇਜ ਸਿੰਘ ਖਡਿਆਲ, ਭਾਈ ਸਤਪਾਲ ਸਿੰਘ, ਭਾਈ ਰਾਏ ਸਿੰਘ, ਭਾਈ ਅਵਤਾਰ ਸਿੰਘ ਮਹਿਲਾਂ, ਭਾਈ ਮਲਕੀਤ ਸਿੰਘ ਭਵਾਨੀਗੜ, ਭਾਈ ਹਾਕਮ ਸਿੰਘ, ਭਾਈ ਗੁਰਜੀਤ ਸਿੰਘ, ਭਾਈ ਪਰਵਿੰਦਰ ਸਿੰਘ, ਭਾਈ ਅਮਨਪ੍ਰੀਤ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਇੰਦਰਪ੍ਰੀਤ ਸਿੰਘ, ਭਾਈ ਰਣਜੀਤ ਸਿੰਘ, ਭਾਈ ਬੇਅੰਤ ਸਿੰਘ ਅਤੇ ਖਡਿਆਲ ਪਿੰਡ ਦੀ ਸੰਗਤ ਹਾਜਰ ਸੀ।