Site icon Sikh Siyasat News

ਕੀ ਪੰਜਾਬ ਸਰਕਾਰ ਵੀ ਤੁਰੀ ਕੇਂਦਰ ਸਰਕਾਰ ਦੇ ਰਾਹ?

ਪਾਣੀ ਦੇ ਪਲੀਤ ਹੋਣ ਦਾ ਮਸਲਾ ਪਾਣੀ ਦੇ ਮੁੱਕਣ ਦੇ ਖਦਸ਼ੇ ਕਰਕੇ ਹੋਰ ਵੀ ਗੰਭੀਰ ਰੂਪ ਲਈ ਖੜ੍ਹਾ ਹੈ। ਪਾਣੀ ਨੂੰ ਪਲੀਤ ਕਰਨ ਦੇ ਵਿਚ ਮੁੱਖ ਕਾਰਕ ਕਾਰਖਾਨੇਦਾਰੀ ਹੈ।

ਕਈ ਸ਼੍ਰੇਣੀਆਂ ਵਿਚ ਵੰਡੇ ਕਾਰਖਾਨਿਆਂ ਵਿੱਚੋਂ ਸਭ ਤੋਂ ਵੱਧ ਖਤਰਨਾਕ ਉਹ ਕਾਰਖਾਨੇ ਹਨ ਜਿਹੜੇ “ਲਾਲ ਸ਼੍ਰੇਣੀ” ਵਿੱਚ ਆਉਂਦੇ ਹਨ ਜਿਨ੍ਹਾਂ ਵਿਚ ਸਟੀਲ, ਸ਼ਰਾਬ, ਖੰਡ ਮਿਲਾਂ ਜਾਂ ਕੱਪੜੇ/ਰੰਗਾਈ ਦੇ ਕਾਰਖਾਨੇ ਆਦਿ ਸ਼ਾਮਲ ਹਨ।

ਫਿਰੋਜ਼ਪੁਰ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚੋਂ ਸਭ ਤੋਂ ਵੱਧ ਪਾਣੀ ਜੀਰੇ ਇਲਾਕੇ ਵਿਚੋਂ ਕੱਢਿਆ ਜਾ ਰਿਹਾ ਹੈ। ਬਚੇ ਪਾਣੀ ਦਾ ਬਹੁਤਾ ਹਿੱਸਾ ਪਲੀਤ ਹੋ ਰਿਹਾ ਹੈ, ਜਿਸਦਾ ਇਕ ਕਾਰਨ ਜੀਰੇ ਇਲਾਕੇ ਵਿੱਚ ਲੱਗਿਆ ਮਾਲਬਰੋਸ ਕੰਪਨੀ ਦਾ ਸ਼ਰਾਬ ਅਤੇ ਰਸਾਇਣ ਕਾਰਖਾਨਾ ਹੈ। ਕਾਰਖਾਨੇ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਗੰਦਾ ਕਰਨ ਦੀਆਂ ਤਸਵੀਰਾਂ ਅਸੀਂ ਸਭ ਨੇ ਵੇਖੀਆਂ ਹਨ।

 

ਭਾਰਤ, ਜਿਸ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਕਿਹਾ ਜਾਂਦਾ ਹੈ ਉੱਥੇ ਇਹ ਆਸ ਕਰਨੀ ਬਣਦੀ ਹੈ ਕਿ ਇਥੇ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਵੱਲੋਂ ਲੋਕਾਂ ਦੀ ਵਧੇਰੇ ਸੁਣਵਾਈ ਹੋਵੇਗੀ । ਪੰਜਾਬ ਦੇ ਪੁਰਾਣੇ ਅਤੇ ਮੌਜ਼ੂਦਾ ਸੂਬੇਦਾਰ ਅਤੇ ਸਾਰੇ ਵਜ਼ੀਰ ਖੁਦ ਨੂੰ ਪੰਜਾਬ ਦੇ ਸਕੇ ਕਹਿ ਅਤੇ ਪੰਜਾਬ ਬਚਾਉਣ ਦੀਆਂ ਟਾਹਰਾਂ ਮਾਰ ਕੇ ਸੱਤਾ ਮਾਣਦੇ ਰਹੇ ਹਨ ਅਤੇ ਮਾਣ ਰਹੇ ਹਨ। ਹੈਰਾਨੀ ਹੁੰਦੀ ਹੈ ਜਦੋਂ ਇਹ ਗੱਲ ਪਤਾ ਲਗਦੀ ਹੈ ਕਿ “ਲਾਲ ਸ਼੍ਰੇਣੀ” ਵਿੱਚ ਆਉਂਦਾ ਸ਼ਰਾਬ ਦਾ ਕਾਰਖਾਨਾ ਪਾਣੀ ਅਤੇ ਹਵਾ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰ ਰਿਹਾ ਹੈ। ਨਿੱਕੇ ਜਵਾਕ ਵੀ ਇਸ ਗੱਲ ਨੂੰ ਸਮਝਦੇ ਨੇ, ਪਰ ਸਰਕਾਰਾਂ ਬਜਿੱਦ ਨੇ ਕਾਰਖਾਨਾ ਮਾਲਕਾਂ ਦੀ ਪੁਸ਼ਤ ਪਨਾਹੀ ਲਈ। ਲੋਕ ਇਸ ਕਾਰਖਾਨੇ ਵੱਲੋਂ ਪਾਣੀ ਗੰਦੇ ਕੀਤੇ ਜਾਣ ਤੋਂ ਬਾਅਦ ਹੱਲ ਲਭਣ ਲਈ ਸਰਕਾਰੇ-ਦਰਬਾਰੇ ਪਹੁੰਚ ਜਾਂਦੇ ਹਨ । ਸਰਕਾਰੇ ਦਰਬਾਰੇ ਕੋਈ ਸੁਣਵਾਈ ਨਾ ਹੁੰਦੀ ਦੇਖ ਕੇ ਫੈਕਟਰੀ ਦੇ ਦਰ ਅੱਗੇ ਧਰਨਾ ਲਗਦਾ ਹੈ। ਲੋਕਾਂ ਦਾ ਤੌਖਲਾ ਸੁਭਾਵਿਕ ਹੈ। ਇੱਕ ਮੁੱਕਣ ਵਾਲਾ ਪਾਣੀ ਤੇ ਉੱਤੋਂ ਕਾਰਖਾਨੇ ਨੇ ਗੰਦ ਘੋਲਤਾ।

ਪੀਣਾ ਕੀ ਐ?? ਲੋਕਾਂ ਦੁਆਰਾ ਲਗਾਇਆ ਇਹ ਧਰਨਾ ਪਿਛਲੇ ਡੇਢ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਕਈ ਚੰਗੇ ਅਤੇ ਮਾੜੇ ਹਾਲਾਤਾਂ ਵਿਚੋਂ ਗੁਜ਼ਰਦਾ ਹੋਇਆ ਅਜੇ ਵੀ ਉਵੇਂ ਹੀ ਕਾਇਮ ਹੈ।

ਇਸ ਸਮੇਂ ਆਸ ਇਹ ਕੀਤੀ ਜਾਂਦੀ ਹੈ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਧਰਨੇ ਨੂੰ ਸਿੱਧੇ ਜਾਂ ਅਸਿੱਧੇ ਢੰਗ ਨਾਲ ਚੁਕਵਾਉਣ ਦੀ ਬਜਾਏ ਲੋਕਾਂ ਦੀ ਸਿਹਤ ਅਤੇ ਵਾਤਾਵਰਣ ਦੇ ਅਨੁਕੂਲ ਫੈਸਲਾ ਲਵੇਗੀ ਨਾ ਕਿ ਤਰੱਕੀ ਅਤੇ ਰੁਜ਼ਗਾਰ ਦੇ ਨਾਂ ਥੱਲੇ ਉਨ੍ਹਾਂ ਲਈ ਹਸਪਤਾਲਾਂ ਦੇ ਰਾਹ ਤਿਆਰ ਕਰੇਗੀ। ਪੰਜਾਬ ਦੇ ਜੰਮਿਆਂ ਨੂੰ ਗੁੜ੍ਹਤੀ ਮੁਹਿੰਮਾਂ ਚੋਂ ਮਿਲੀ ਹੈ, ਇਸ ਗੱਲ ਦੀ ਸਮਝ ਕੇਂਦਰ ਨੂੰ ਘੱਟ ਹੋਣੀ ਮੰਨ ਸਕਦੇ ਹਾਂ, ਪਰ ਪੰਜਾਬ ਸਰਕਾਰ ਅਤੇ ਇਸਦੇ ਨੁਮਾਇੰਦਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ। ਮੋਰਚੇ ਤੇ ਬੈਠੇ ਲੋਕਾਂ ਲਈ ਸਿੱਖ ਇਤਿਹਾਸ ਪ੍ਰੇਰਨਾ ਹੈ। ਜਿੱਤੇ-ਹਾਰੇ ਨੁਮਾਇੰਦਿਆਂ ਦਾ ਇਸ ਮੌਕੇ ਪੰਜਾਬ ਨਾਲ ਖੜ੍ਹਨਾ ਬਣਦਾ ਹੈ। ਜੇਕਰ ਨਹੀਂ ਖੜ੍ਹਦੇ ਤਾਂ ਸ਼ਾਇਦ ਜਾਗਰੂਕ ਲੋਕ ਓਵੇਂ ਹੀ ਇਹਨਾਂ ਨੂੰ ਕਟਹਿਰੇ ਚ ਖੜ੍ਹੇ ਕਰਣਗੇ, ਜਿਵੇਂ ਖੇਤੀ ਕਨੂੰਨਾਂ ਵੇਲੇ ਕੀਤਾ ਸੀ। ਓਦੋਂ ਲੋਕ ਰੋਹ ਦਾ ਮੁਖ ਕੇਂਦਰ ਚ ਸੱਤਾ ਮਾਣ ਰਹੀ ਧਿਰ ਵੱਲ ਸੀ। ਸੁਭਾਵਿਕ ਹੈ ਕਿ ਜੇਕਰ ਪੰਜਾਬ ਸਰਕਾਰ ਕੋਈ ਲੋਕ ਹਿੱਤਾਂ ਦੇ ਵਿਰੁੱਧ ਅਤੇ ਕਾਰਖਾਨੇ ਦੇ ਹਿੱਤ ਚ ਕਾਰਵਾਈ ਕਰਦੀ ਹੈ ਤਾਂ ਲੋਕ ਸੱਤਾ ਮਾਣ ਰਹੀ ਮੌਜੂਦਾ ਧਿਰ ਨੂੰ ਓਵੇਂ ਹੀ ਲੈਣਗੇ, ਜਿਵੇਂ ਕੇਂਦਰ ਨੂੰ ਕਿਸਾਨੀ ਸੰਘਰਸ਼ ਦੌਰਾਨ ਲਿਆ ਸੀ। ਇਹ ਅਤਿ ਜ਼ਰੂਰੀ ਹੈ ਕਿ ਅਸੀਂ ਸਮੱਸਿਆਵਾਂ ਅਤੇ ਹੱਲ ਪ੍ਰਤੀ ਜਾਗਰੂਕ ਅਤੇ ਜਥੇਬੰਦ ਹੋਈਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version