ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਮੇਟੀ ਅਤੇ ਉਸਦੇ ਵਿਿਦਅਕ ਅਦਾਰਿਆਂ ‘ਚ ਨਵੀਂ ਭਰਤੀ ਹੋਣ ਵਾਲੇ ਉਮੀਦਵਾਰਾਂ ਲਈ ਪੰਜਾਬੀ ਭਾਸ਼ਾ ਦੀ ਜਾਣਕਾਰੀ ਨੂੰ ਹੁਣ ਲਾਜ਼ਮੀ ਯੋਗਤਾ ਬਣਾ ਦਿੱਤਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਸਬੰਧੀ ਸਾਰੇ ਅਦਾਰਿਆਂ ਨੂੰ ਅੱਜ ਹਿਦਾਇਤੀ ਸਰਕੂਲਰ ਜਾਰੀ ਕਰਦੇ ਹੋਏ ਸਮੂਹ ਕੰਪਿਊਟਰਾਂ ’ਚ ਪੰਜਾਬੀ ਫੋਂਟ ਦੀ ਉਪਲਬਧਤਾ, ਸਟਾਫ਼ ਨੂੰ ਟਾਈਪਿੰਗ ਦੀ ਜਾਣਕਾਰੀ ਅਤੇ ਆਪਸੀ ਪੱਤਰ ਵਿਵਹਾਰ ਪੰਜਾਬੀ ਭਾਸ਼ਾ ’ਚ ਕਰਨ ਦਾ ਆਦੇਸ਼ ਦਿੱਤਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਆਈ.ਟੀ.ਵਿਭਾਗ ਦੇ ਇੰਚਾਰਜ ਅਤੇ ਕਮੇਟੀ ਮੈਂਬਰ ਵਿਕਰਮ ਸਿੰਘ ਰੋਹਿਣੀ ਨੇ ਕਮੇਟੀ ਪ੍ਰਧਾਨ ਦੇ ਕਦਮ ਨੂੰ ਪੰਜਾਬੀ ਭਾਸ਼ਾ ਨੂੰ ਪਰਫੁੱਲਤ ਕਰਨ ਦੀ ਦਿਸ਼ਾ ‘ਚ ਵੱਡਾ ਕਦਮ ਦੱਸਿਆ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਸਮੂਹ ਕੰਪਿਊਟਰਾਂ ’ਚ ਪੰਜਾਬੀ ਫੋਂਟ ਨੂੰ ਯਕੀਨੀ ਬਣਾਉਣ ਲਈ ਆਈ.ਟੀ. ਵਿਭਾਗ ਕਾਰਜ ਸ਼ੁਰੂ ਕਰਨ ਜਾ ਰਿਹਾ ਹੈ। ਕਮੇਟੀ ’ਚ ਨੌਕਰੀ ਲਈ ਭਰਤੀ ਹੋਣ ਦੀ ਚਾਹ ਰੱਖਣ ਵਾਲੇ ਉਮੀਦਵਾਰਾਂ ਨੂੰ ਪੰਜਾਬੀ ਲਿੱਖਣ-ਪੜ੍ਹਨ ਤੇ ਬੋਲਣ ਦਾ ਪ੍ਰਮਾਣ ਪੱਤਰ ਵੀ ਕਮੇਟੀ ਵੱਲੋਂ ਪੂਰੀ ਜਾਂਚ-ਪੜਤਾਲ ਉਪਰੰਤ ਜਾਰੀ ਕੀਤਾ ਜਾਵੇਗਾ। ਜਿਵੇਂ ਕਿ ਕਮੇਟੀ ਵੱਲੋਂ ਘੱਟਗਿਣਤੀ ਪ੍ਰਮਾਣ-ਪੱਤਰ ਸਿੱਖ ਹੋਣ ਵੱਜੋਂ ਜਾਰੀ ਕੀਤਾ ਜਾਂਦਾ ਹੈ ਉਸੇ ਤਰ੍ਹਾਂ ਹੀ ਪੰਜਾਬੀ ਪ੍ਰਮਾਣ ਪੱਤਰ ਦਿੱਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਪੰਜਾਬੀ ਭਾਸ਼ਾ ਦੀ ਜਾਣਕਾਰੀ ਰੱਖਣ ਵਾਲੇ ਉਮੀਦਵਾਰਾਂ ਨੂੰ ਭਰਤੀ ਦੋਰਾਨ ਪਹਿਲ ਮਿਲੇ ਇਸ ਗੱਲ ਦਾ ਵੀ ਖਾਸ ਖਿਆਲ ਰੱਖਿਆ ਜਾਵੇਗਾ। ਇਸਦੇ ਨਾਲ ਹੀ ਮੌਜੂਦਾ ਸਟਾਫ਼ ’ਚੋਂ ਪੰਜਾਬੀ ਭਾਸ਼ਾ ’ਚ ਡਿਪਲੋਮਾ (ਗਿਆਨੀ) ਕਰਨ ਵਾਲਿਆਂ ਨੂੰ ਵੀ ਕਮੇਟੀ ਵੱਲੋਂ ਉਤਸਾਹਿਤ ਕਰਨ ਦਾ ਫੈਸਲਾ ਲਿਆ ਗਿਆ ਹੈ।