ਮੁੰਬਈ: ਮੁੰਬਈ ਦੀ ਇਕ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਗੁਜਰਾਤ ਦੇ ਸਾਬਕਾ ਆਈ. ਪੀ. ਐਸ. ਅਧਿਕਾਰੀ ਡੀ. ਜੀ. ਵਣਜਾਰਾ ਅਤੇ ਰਾਜਸਥਾਨ ਕਾਡਰ ਦੇ ਆਈ. ਪੀ. ਐਸ. ਅਧਿਕਾਰੀ ਦਿਨੇਸ਼ ਐਮ. ਐਨ. ਨੂੰ ਸੋਹਰਾਬੂਦੀਨ ਸ਼ੇਖ ਅਤੇ ਤੁਲਸੀਰਾਮ ਪਰਜਾਪਤੀ ਨਾਲ ਸਬੰਧਿਤ ਫ਼ਰਜ਼ੀ ਮੁਕਾਬਿਲਆਂ ਦੇ ਮਾਮਲਿਆਂ ‘ਚ ਮੰਗਲਵਾਰ (1 ਜੁਲਾਈ) ਨੂੰ ਬਰੀ ਕਰ ਦਿੱਤਾ।
ਵਿਸ਼ੇਸ਼ ਸੀ. ਬੀ. ਆਈ. ਜੱਜ ਸੁਨੀਲ ਕੁਮਾਰ ਜੇ ਸ਼ਰਮਾ ਨੇ ਵਣਜਾਰਾ ਅਤੇ ਦਿਨੇਸ਼ ਨੂੰ ਬਰੀ ਕਰਨ ਦਾ ਫ਼ੈਸਲਾ ਸੁਣਾਇਆ। ਪੁਲਿਸ ਡੀ. ਆਈ. ਜੀ. ਰੈਂਕ ਦੇ ਅਧਿਕਾਰੀ ਵਣਜਾਰਾ ਨੂੰ ਸੋਹਰਾਬੂਦੀਨ ਸ਼ੇਖ ਨੂੰ ਫ਼ਰਜ਼ੀ ਮੁਕਾਬਲੇ ‘ਚ ਮਾਰਨ ਦੇ ਮਾਮਲੇ ‘ਚ 24 ਅਪ੍ਰੈਲ 2007 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਗੁਜਰਾਤ ਪੁਲਿਸ ਦਾ ਦਾਅਵਾ ਸੀ ਕਿ ਸੋਹਰਾਬੂਦੀਨ ਦੇ ਸਬੰਧ ਪਾਕਿਸਤਾਨ ਸਥਿਤ ਜਥੇਬੰਦੀ ਲਸ਼ਕਰ-ਏ-ਤੋਇਬਾ ਨਾਲ ਸੀ। ਬੰਬਈ ਹਾਈਕੋਰਟ ਨੇ ਸਤੰਬਰ 2014 ਨੂੰ ਵਣਜਾਰਾ ਨੂੰ ਜ਼ਮਾਨਤ ਦੇ ਦਿੱਤੀ ਸੀ।