ਚੰਡੀਗੜ: ਕੈਨੇਡਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਦਸਤਾਰਧਾਰੀ ਕੈਨੇਡੀਅਨ ਵਕੀਲ ਪਲਬਿੰਦਰ ਕੌਰ ਸ਼ੇਰਗਿੱਲ ਨੂੰ ਸੁਪਰੀਮ ਕੋਰਟ ਆਫ਼ ਬ੍ਰਿਟਿਸ਼ ਕੋਲੰਬੀਆ ਦੀ ਜੱਜ ਨਿਯੁਕਤ ਕੀਤਾ ਗਿਆ ਹੈ। ਮੀਡੀਏ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਸਟਿਸ ਸ਼ੇਰਗਿੱਲ ਨੇ ਕੈਨੇਡਾ ਵਿੱਚ ਮਨੁੱਖੀ ਹੱਕਾਂ ਦੀ ਰਾਖੀ ਲਈ ਕਈ ਕੇਸ ਲੜੇ ਹਨ।
ਉਨ੍ਹਾਂ ਦੇ ਪਰਿਵਾਰਕ ਮੈਂਬਰ ਗੁਰਬਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਗਿਆਨ ਸਿੰਘ ਸੰਧੂ ਦੀ ਧੀ ਪਲਬਿੰਦਰ ਕੌਰ ਸ਼ੇਰਗਿੱਲ ਪੰਜਾਬ ਦੇ ਪਿੰਡ ਰੁੜਕਾ ਕਲਾਂ ਵਿੱਚ ਜੰਮੀ-ਪਲੀ। ਜਸਟਿਸ ਸ਼ੇਰਗਿੱਲ 6-7 ਸਾਲ ਦੀ ਉਮਰ ਵਿੱਚ ਕੈਨੇਡਾ ਚਲੀ ਗਈ ਸੀ। ਹੁਣ ਉਸ ਦੀ ਉਮਰ ਕਰੀਬ 47 ਸਾਲ ਹੈਙ ਪਲਬਿੰਦਰ ਕੌਰ ਦਾ ਵਿਆਹ 18 ਸਾਲ ਪਹਿਲਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਜਗਤਪੁਰ ਦੇ ਅੰਮ੍ਰਿਤਪਾਲ ਸਿੰਘ ਸ਼ੇਰਗਿੱਲ ਨਾਲ ਹੋਇਆ ਸੀ।
ਪਿੰਡ ਵਾਸੀਆਂ ਨੇ ਕਿਹਾ ਕਿ ਪਲਬਿੰਦਰ ਕੌਰ ਸ਼ੇਰਗਿੱਲ ਦੀ ਪ੍ਰਾਪਤੀ ’ਤੇ ਉਨ੍ਹਾਂ ਨੂੰ ਮਾਣ ਹੈ। ਸ਼ੇਰਗਿੱਲ ਦੇ ਜੱਜ ਬਣਨ ਦੀ ਖੁਸ਼ੀ ‘ਚ ਪੇਕੇ ਪਿੰਡ ਰੁੜਕਾ ਕਲਾਂ ਵਿੱਚ ਲੱਡੂ ਵੰਡੇ ਗਏ।
ਸ਼ੇਰਗਿੱਲ ਦੇ ਜੱਜ ਬਣਨ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ, ‘ਇਹ ਸਾਡੇ ਸਾਰਿਆਂ ਲਈ ਮਾਣ ਤੇ ਬੇਹੱਦ ਖੁਸ਼ੀ ਦੇ ਪਲ ਹਨ।’ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਮੁਲਕ ਦੀ ਆਰਥਿਕਤਾ ਤੇ ਸੱਭਿਆਚਾਰ ’ਚ ਸਿੱਖਾਂ ਦੇ ਯੋਗਦਾਨ ਨੂੰ ਕੈਨੇਡੀਅਨ ਸਰਕਾਰ ਨੇ ਮਾਨਤਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਪਲਬਿੰਦਰ ਕੌਰ ਨੂੰ ਪੰਜਾਬ ਫੇਰੀ ਦੀ ਜਲਦੀ ਯੋਜਨਾ ਬਣਾਉਣ ਦੀ ਬੇਨਤੀ ਕਰਨਗੇ ਅਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ।